ਫਿਰੋਜ਼ਪੁਰ ਨੂੰ ਸਿਹਤ ਸਹੂਲਤਾਂ ਦੇਣ ਵਿੱਚ ਕੇਂਦਰ ਦਾ ਵਿਸ਼ੇਸ਼ ਯੋਗਦਾਨ : ਰਾਣਾ ਸੋਢੀ
ਫਿਰੋਜ਼ਪੁਰ ਨੂੰ ਸਿਹਤ ਸਹੂਲਤਾਂ ਦੇਣ ਵਿੱਚ ਕੇਂਦਰ ਦਾ ਵਿਸ਼ੇਸ਼ ਯੋਗਦਾਨ : ਰਾਣਾ ਸੋਢੀ
- ਕੋਵਿਡ ਦੌਰਾਨ 1 ਕਰੋੜ ਨਾਲ ਆਕਸੀਜਨ ਪਲਾਂਟ ਲਗਾਉਣ ਤੋਂ ਇਲਾਵਾ ਵੈਂਟੀਲੇਟਰ ਭੇਜੇ
ਬਿੱਟੂ ਜਲਾਲਾਬਾਦੀ,ਫ਼ਿਰੋਜ਼ਪੁਰ, 11 ਫਰਵਰੀ 2022
ਭਾਜਪਾ ਉਮੀਦਵਾਰ ਰਾਣਾ ਗੁਰਮੀਤ ਸਿੰਘ ਸੋਢੀ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਦਾ ਕੋਵਿਡ-19 ਦੇ ਦੌਰ ਵਿੱਚ ਫਿਰੋਜ਼ਪੁਰ ਨੂੰ ਸਿਹਤ ਸਹੂਲਤਾਂ ਦੇਣ ਵਿੱਚ ਵਿਸ਼ੇਸ਼ ਯੋਗਦਾਨ ਹੈ। ਰਾਣਾ ਸੋਢੀ ਨੇ ਬਾਘਾ ਕੇ ਪਿੱਪਲ, ਗੁਲਾਮੀ ਵਾਲਾ, ਫਰੀਦੇਵਾਲਾ, ਮੁਠਿਆਵਾਲਾ, ਦੌਲਤਪੁਰਾ, ਟਾਲੀ ਗੁਲਾਮ, ਦੁਸਹਿਰਾ ਗਰਾਊਂਡ, ਪ੍ਰੀਤ ਨਗਰ, ਬਸਤੀ ਭਟਿਆਂਵਾਲੀ, ਅਹਾਤਾ ਬਿਹਾਰੀ ਲਾਲ, ਚੇਤਨ ਹਾਲ, ਰੋਟਰੀ ਕਲੱਬ ਵਿਖੇ ਵਰਕਰਾਂ ਸਮੇਤ ਵੋਟਰਾਂ ਨੂੰ ਸੰਬੋਧਨ ਕੀਤਾ।
ਉਨ੍ਹਾਂ ਕਿਹਾ ਕਿ ਕਰੋਨਾ ਦੇ ਦੌਰ ਵਿੱਚ ਪੀਐਮ-ਕੇਅਰਜ਼ ਦੇ ਤਹਿਤ ਸਰਕਾਰੀ ਹਸਪਤਾਲ ਵਿੱਚ ਇੱਕ ਕਰੋੜ ਦੀ ਲਾਗਤ ਨਾਲ ਸਭ ਤੋਂ ਵੱਡਾ ਆਕਸੀਜਨ ਪਲਾਂਟ ਲਗਾਇਆ ਗਿਆ ਅਤੇ ਫਿਰ ਮਰੀਜ਼ਾਂ ਲਈ ਵੈਂਟੀਲੇਟਰ ਭੇਜੇ ਗਏ। ਰਾਣਾ ਨੇ ਕਿਹਾ ਕਿ ਵਿਕਾਸ ਦੇ ਦਾਅਵੇ ਕਰਨ ਵਾਲੇ ਫਿਰੋਜ਼ਪੁਰ ਦੇ ਹਸਪਤਾਲ ਵਿੱਚ ਡਾਕਟਰਾਂ ਦੀ ਘਾਟ ਨੂੰ ਵੀ ਪੂਰਾ ਨਹੀਂ ਕਰ ਸਕੇ। ਉਨ੍ਹਾਂ ਕਿਹਾ ਕਿ ਸਿਵਲ ਹਸਪਤਾਲ ਵਿੱਚ ਚਿੱਟੇ ਹਾਥੀ ਵਾਂਗ ਇਮਾਰਤਾਂ ਬਣ ਰਹੀਆਂ ਹਨ ਪਰ ਇਨ੍ਹਾਂ ਵਿੱਚ ਨਾ ਤਾਂ ਕੋਈ ਸਹੂਲਤ ਹੈ ਅਤੇ ਨਾ ਹੀ ਮਾਹਿਰ ਡਾਕਟਰ।
ਰਾਣਾ ਸੋਢੀ ਨੇ ਕਿਹਾ ਕਿ ਜਦੋਂ ਪ੍ਰਧਾਨ ਮੰਤਰੀ ਮੋਦੀ 490 ਕਰੋੜ ਦੀ ਲਾਗਤ ਨਾਲ 400 ਬਿਸਤਰਿਆਂ ਵਾਲੇ ਪੀਜੀਆਈ ਸੈਟੇਲਾਈਟ ਸੈਂਟਰ ਦਾ ਨੀਂਹ ਪੱਥਰ ਰੱਖਣ ਲਈ ਆ ਰਹੇ ਸਨ ਤਾਂ ਸੱਤਾਧਾਰੀ ਕਾਂਗਰਸ ਸਰਕਾਰ ਵੱਲੋਂ ਬੌਖਲਾਹਟ ਵਿੱਚ ਉਨ੍ਹਾਂ ਦੇ ਕਾਫਲੇ ਨੂੰ ਰੋਕ ਦਿੱਤਾ ਗਿਆ ਅਤੇ ਮੁੱਖ ਮੰਤਰੀ ਚਰਨਜੀਤ ਚੰਨੀ ਨੇ ਖੁਦ ਚੰਡੀਗੜ੍ਹ ਵਿੱਚ ਬੈਠ ਕੇ ਪ੍ਰਧਾਨ ਮੰਤਰੀ ਦੀ ਨਿਖੇਧੀ ਕਰਦੇ ਰਹੇ। ਉਨ੍ਹਾਂ ਕਿਹਾ ਕਿ ਭਾਜਪਾ ਦੀ ਸਰਕਾਰ ਆਉਣ ’ਤੇ ਪੰਜਾਬ ਵਿੱਚ ਵੱਡੇ ਮੈਡੀਕਲ ਕਾਲਜ ਅਤੇ ਹਸਪਤਾਲ ਖੋਲ੍ਹੇ ਜਾਣਗੇ ਅਤੇ ਫਿਰੋਜ਼ਪੁਰ ਵਿੱਚ ਪਿੰਡ ਪੱਧਰ ’ਤੇ ਲੋਕਾਂ ਨੂੰ ਵਧੀਆ ਸਿਹਤ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ।