ਪੰਜਾਬ ਨੂੰ ਮਿਲੀ ਆਪਣੀ ਪਹਿਲੀ ਪੂਰੀ ਜੀਨੋਮ ਸੀਕੁਐਂਸਿੰਗ ਲੈਬੋਰੇਟਰੀ
ਪੰਜਾਬ ਨੂੰ ਮਿਲੀ ਆਪਣੀ ਪਹਿਲੀ ਪੂਰੀ ਜੀਨੋਮ ਸੀਕੁਐਂਸਿੰਗ ਲੈਬੋਰੇਟਰੀ
- ਸਰਕਾਰੀ ਮੈਡੀਕਲ ਕਾਲਜ ‘ਚ ਸ਼ੁਰੂ ਹੋਈ ਰਾਜ-ਸੰਚਾਲਿਤ ਕੋਵਿਡ-19 ਹੋਲ ਜੀਨੋਮ ਸੀਕੁਐਂਸਿੰਗ (ਜੀ.ਡਬਲਿਊ.ਐਸ) ਲੈਬੋਰੇਟਰੀ
ਰਿਚਾ ਨਾਗਪਾਲ,ਪਟਿਆਲਾ, 2 ਦਸੰਬਰ: 2021
ਪੰਜਾਬ ਨੂੰ ਆਪਣੀ, ਪਹਿਲੀ ਪੂਰੀ ਜੀਨੋਮ ਸੀਕੁਐਸਿੰਗ (ਜੀ.ਡਬਲਿਊ.ਐਸ) ਲੈਬੋਰੇਟਰੀ ਪ੍ਰਾਪਤ ਹੋ ਗਈ ਹੈ। ਪੰਜਾਬ ਦੇ ਮੁੱਖ ਮੰਤਰੀ ਸ. ਚਰਨਜੀਤ ਸਿੰਘ ਚੰਨੀ ਦੀ ਰਹਿਨੁਮਾਈ ਅਤੇ ਮੈਡੀਕਲ ਸਿੱਖਿਆ ਅਤੇ ਖੋਜ ਵਿਭਾਗ ਦੇ ਮੰਤਰੀ ਡਾ. ਰਾਜ ਕੁਮਾਰ ਵੇਰਕਾ ਦੀ ਅਗਵਾਈ ਹੇਠ, ਇੱਥੇ ਸਰਕਾਰੀ ਮੈਡੀਕਲ ਕਾਲਜ ਵਿਖੇ, ਰਾਜ ਦੀ ਇਸ ਆਪਣੀ ਪਹਿਲੀ ਤੇ ਨਿਵੇਕਲੀ, ਰਾਜ-ਸੰਚਾਲਿਤ ਕੋਵਿਡ-19 ਹੋਲ ਜੀਨੋਮ ਸੀਕੁਐਂਸਿੰਗ (ਜੀ.ਡਬਲਿਊ.ਐਸ) ਲੈਬੋਰੇਟਰੀ ਨੂੰ ਡਾਕਟਰੀ ਸਿੱਖਿਆ ਵਿਭਾਗ ਤੇ ਅਤੇ ਖੋਜ ਦੇ ਡਾਇਰੈਕਟਰ ਡਾ. ਅਵਨੀਸ਼ ਕੁਮਾਰ ਨੇ ਲੋਕ ਅਰਪਿਤ ਕੀਤਾ। ਇਸ ਮੌਕੇ ਉਨ੍ਹਾਂ ਦੇ ਨਾਲ ਸਰਕਾਰੀ ਮੈਡੀਕਲ ਕਾਲਜ ਦੇ ਡਾਇਰੈਕਟਰ ਪ੍ਰਿੰਸੀਪਲ ਡਾ. ਹਰਜਿੰਦਰ ਸਿੰਘ ਅਤੇ ਵੀ.ਆਰ.ਡੀ.ਐਲ. ਦੇ ਇੰਚਾਰਜ ਡਾ. ਰੁਪਿੰਦਰ ਬਖ਼ਸ਼ੀ ਵੀ ਮੌਜੂਦ ਸਨ।
ਇਸ ਲੈਬ ਬਾਰੇ ਜਾਣਕਾਰੀ ਦਿੰਦਿਆਂ ਡਾ. ਹਰਜਿੰਦਰ ਸਿੰਘ ਨੇ ਦੱਸਿਆ ਕਿ ਇਸ ਲੈਬੋਰੇਟਰੀ ਜਿਸ ਨੂੰ ਭਾਰਤੀ ਮੈਡੀਕਲ ਖੋਜ ਪ੍ਰੀਸ਼ਦ ਦੁਆਰਾ ਟੈਸਟਿੰਗ ਸਮਰੱਥਾਵਾਂ ਲਈ ਭਾਰਤ ਦੀਆਂ ਚੋਟੀ ਦੀਆਂ ਪੰਜ ਪ੍ਰਯੋਗਸ਼ਾਲਾਵਾਂ ‘ਚੋਂ ਇੱਕ ਲੈਬ, ਵਜੋਂ ਮਾਨਤਾ ਦਿੱਤੀ ਹੋਈ ਹੈ, ਜਿੱਥੇ ਕਿ ਹੁਣ ਤੱਕ ਲਗਭਗ 312 ਜੀਨੋਮ ਕ੍ਰਮ ਦੇ ਨਮੂਨਿਆਂ ਦੀ ਸਫ਼ਲਤਾਪੂਰਵਕ ਜਾਂਚ ਕੀਤੀ ਹੈ।
ਉਨ੍ਹਾਂ ਦੱਸਿਆ ਕਿ, ਇਸ ਤੋਂ ਇਲਾਵਾ, ਲੈਬ ਦੀ ਮੌਜੂਦਾ ਸਮਰੱਥਾ ਦਾ ਵਿਸਤਾਰ ਕਰਨ ਲਈ, ਖੋਜ ਸਹਾਇਕਾਂ ਅਤੇ ਮਾਈਕ੍ਰੋਬਾਇਓਲੋਜਿਸਟਸ ਦੀ ਇੱਕ ਟੀਮ, ਜਿਸ ‘ਚ ਲੈਬ ਇੰਚਾਰਜ, ਡਾ. ਰੁਪਿੰਦਰ ਬਖਸ਼ੀ ਵੀ ਸ਼ਾਮਲ ਹਨ, ਨੂੰ ਬੈਂਗਲੁਰੂ ਸਥਿਤ ਜੀਨੋਟਾਈਪਿਕਸ ਦੇ ਮਾਹਿਰਾਂ ਦੀ ਇੱਕ ਟੀਮ ਵੱਲੋਂ ਕੋਵਿਡ-19 ਜੀਨੋਮ ਸੀਕੁਐਂਸਿੰਗ ਕਰਨ ਲਈ ਸਿਖਲਾਈ ਦਿੱਤੀ ਗਈ ਹੈ। ਉਨ੍ਹਾਂ ਹੋਰ ਕਿਹਾ ਕਿ ਇਹ ਕ੍ਰਮ-ਖੋਜ-ਹੱਬ ਜੀਨੋਮ ਸੀਕੁਐਂਸਰ ਅਤੇ ਹੋਰ ਸਹਾਇਕ ਉਪਕਰਣ, ਯੂ.ਐਸ. ਅਧਾਰਤ ਇੱਕ ਗ਼ੈਰ-ਲਾਭਕਾਰੀ ਸੰਸਥਾ ਨੇ ਪੰਜਾਬ ‘ਚ ਚੱਲ ਰਹੀ ਕੋਵਿਡ-19 ਖੋਜ਼ ਪ੍ਰਤੀਕਿਰਿਆ ‘ਚ ਸਹਾਇਤਾ ਦੇ ਹਿੱਸੇ ਵਜੋਂ ਦਾਨ ਕੀਤੇ ਹਨ।
ਡਾਇਰੈਕਟਰ-ਪ੍ਰਿੰਸੀਪਲ ਨੇ ਦੱਸਿਆ ਕਿ ਇਹ ਲੈਬੋਰੇਟਰੀ ਭਾਰਤੀ ਸਾਰਸ-ਕੋਵ-2, ਕਨਸੋਰਟੀਅਮ ਆਨ ਜੀਨੋਮਿਕਸ (ਇਨਸਾਕੋਗ) ਦੀ ਵੀ ਮੈਂਬਰ ਹੈ, ਜੋਕਿ, ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ, ਸਰਕਾਰ ਵੱਲੋਂ ਸਥਾਪਿਤ 28 ਕੌਮੀ ਲੈਬੋਰੇਟਰੀਆਂ ਦੇ ਇੱਕ ਸਮੂਹ ਹੈ ਅਤੇ ਇਹ ਭਾਰਤ ਦੇ ਜੀਨੋਮਿਕ ਸੀਕੁਐਂਸਿੰਗ ਅਤੇ ਕੋਵਿਡ-19 ਵਾਇਰਸਾਂ ਦੇ ਫੈਲਾਅ ਦਾ ਵਿਸ਼ਲੇਸ਼ਣ ਕਰਨ ਸਮੇਤ ਜੀਨੋਮਿਕ ਰੂਪਾਂ ਰਾਹੀਂ ਮਹਾਂਮਾਰੀ ਦੇ ਵਿਗਿਆਨਿਕ ਰੁਝਾਨਾਂ, ‘ਤੇ ਲਗਾਤਾਰ ਖੋਜ਼ ਕਾਰਜ ਕਰ ਰਿਹਾ ਹੈ।
ਇਸੇ ਦੌਰਾਨ ਲੈਬ ਇੰਚਾਰਜ ਡਾ. ਰੁਪਿੰਦਰ ਬਖ਼ਸ਼ੀ ਨੇ ਕਿਹਾ ਕਿ, ਕੋਵਿਡ-19 ਦੇ ਨਵੇਂ ਰੂਪ, ਜਿਸ ਦਾ ਨਾਮ ਵਿਸ਼ਵ ਸਿਹਤ ਸੰਗਠਨ ਨੇ ਓਮੀਕਰੋਨ ਰੱਖਿਆ ਹੈ, ਬਾਰੇ ਅਨਿਸ਼ਚਿਤਤਾਵਾਂ ਦੇ ਮੱਦੇਨਜ਼ਰ, ਪਟਿਆਲਾ ਦੇ ਸਰਕਾਰੀ ਮੈਡੀਕਲ ਕਾਲਜ ਸਥਿਤ ਇਸ ਲੈਬੋਰੇਟਰੀ ਵਿੱਚ ਡਬਲਯੂ.ਜੀ.ਐਸ. ਸੁਵਿਧਾਵਾਂ ਨਾਲ ਪੰਜਾਬ ਨੂੰ ਕੋਵਿਡ ਦੇ ਅਜਿਹੇ ਨਵੇਂ ਪ੍ਰਚਲਤ ਹੋ ਰਹੇ ਰੂਪਾਂ ਨਾਲ ਨਜਿੱਠਣ ਲਈ ਤਿਆਰੀਆਂ ਕਰਨ ਅਤੇ ਇਸ ਦੀ ਰੋਕਥਾਮ ਲਈ ਆਪਣੀਆਂ ਇਲਾਜ ਸਹੂਲਤਾਂ ਅਤੇ ਬੰਦੋਬਸਤਾਂ ਨੂੰ ਸਹੀ ਦਿਸ਼ਾ ‘ਚ ਅੰਜਾਮ ਦੇਣ ਲਈ ਮਦਦਗਾਰ ਸਾਬਤ ਹੋਣਗੀਆਂ।
ਉਨ੍ਹਾਂ ਅੱਗੇ ਕਿਹਾ ਕਿ ਨੇੜ ਭਵਿੱਖ ਵਿੱਚ ਇਹ ਮਹਾਂਮਾਰੀ ਹੋਰ ਵਿਕਰਾਲ ਰੂਪ ਧਾਰ ਸਕਦੀ ਹੈ, ਇਸ ਲਈ ਹੁਣੇ ਤੋਂ ਇਸ ਨਾਲ ਨਜਿੱਠਣ ਅਤੇ ਇਸ ਦੇ ਨਾਲ ਹੋਣ ਵਾਲੇ ਨੁਕਸਾਨ ਨੂੰ ਘਟਾਉਣ ਸਮੇਤ ਆਮ ਲੋਕਾਂ ਨੂੰ ਜਾਗਰੂਕ ਕਰਨ ਅਤੇ ਟੈਸਟ ਕਰਨ ਸਮੇਤ ਉਚਿਤ ਅਤੇ ਜ਼ਰੂਰੀ ਰੋਕਥਾਮ ਉਪਾਅ ਅਤੇ ਰਣਨੀਤੀਆਂ ਤਿਆਰ ਕਰਨ ਲਈ ਵੀ ਮਹੱਤਵਪੂਰਨ ਸਾਬਤ ਹੋਵੇਗੀ।
************
ਫੋਟੋ ਕੈਪਸ਼ਨ- ਸਰਕਾਰੀ ਮੈਡੀਕਲ ਕਾਲਜ, ਪਟਿਆਲਾ ਵਿਖੇ, ਜੀਨੋਮ ਸੀਕੁਐਂਸਿੰਗ (ਜੀ.ਡਬਲਿਊ.ਐਸ) ਲੈਬਾਰਟਰੀ ਨੂੰ ਲੋਕ ਅਰਪਿਤ ਕਰਦੇ ਹੋਏ ਡਾਕਟਰੀ ਸਿੱਖਿਆ ਵਿਭਾਗ ਤੇ ਅਤੇ ਖੋਜ ਦੇ ਡਾਇਰੈਕਟਰ ਡਾ. ਅਵਨੀਸ਼ ਕੁਮਾਰ। ਉਨ੍ਹਾਂ ਦੇ ਨਾਲ ਨਜ਼ਰ ਆ ਰਹੇ ਹਨ ਡਾ. ਹਰਜਿੰਦਰ ਸਿੰਘ ਅਤੇ ਡਾ. ਰੁਪਿੰਦਰ ਬਖ਼ਸ਼ੀ।