ਪੰਜਾਬ ਨੂੰ ਨਹੀਂ ਚਾਹੀਦੇ ਕੋਰੇ ਵਾਅਦੇ, ਚਾਹੀਦੀ ਹੈ ਇਕ ਇਮਾਨਦਾਰ ਸਰਕਾਰ- ਬਿਕਰਮ ਚਹਿਲ
ਪੰਜਾਬ ਨੂੰ ਨਹੀਂ ਚਾਹੀਦੇ ਕੋਰੇ ਵਾਅਦੇ, ਚਾਹੀਦੀ ਹੈ ਇਕ ਇਮਾਨਦਾਰ ਸਰਕਾਰ- ਬਿਕਰਮ ਚਹਿਲ
- ਸਨੌਰ ਹਲਕੇ ਨੂੰ ਅੱਗੇ ਲਿਜਾਣ ਲਈ ਕਰਾਂਗਾ ਦਿਨ ਰਾਤ ਕੰਮ –ਬਿਕਰਮ ਚਹਿਲ
ਰਾਜੇਸ਼ ਗੌਤਮ, ਸਨੌਰ,12 ਫਰਵਰੀ 2022
ਹਲਕਾ ਸਨੌਰ ਤੋਂ ਪੰਜਾਬ ਲੋਕ ਕਾਂਗਰਸ,ਭਾਰਤੀ ਜਨਤਾ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਸਾਂਝੇ ਉਮੀਦਵਾਰ ਬਿਕਰਮਜੀਤ ਇੰਦਰ ਸਿੰਘ ਚਹਿਲ ਦੀ ਚੋਣ ਮੁਹਿੰਮ ਨੂੰ ਹਲਕਾ ਨਿਵਾਸੀਆਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ । ਭਾਰੀ ਗਿਣਤੀ ਵਿੱਚ ਪਾਰਟੀ ਵਰਕਰ ਅਤੇ ਉਹਨਾਂ ਦੇ ਸਮਰਥਕ ਜੋਰਾਂ-ਸ਼ੋਰਾਂ ਨਾਲ ਵੱਖ ਵੱਖ ਪਿੰਡਾਂ ਵਿੱਚ ਜਾ ਕੇ ਬਿਕਰਮ ਚਹਿਲ ਲਈ ਘਰ-ਘਰ ਚੋਣ ਪ੍ਰਚਾਰ ਕਰ ਰਹੇ ਹਨ । ਵੱਖ ਵੱਖ ਪਿੰਡਾਂ ਵਿੱਚ ਚੋਣ ਸਭਾਵਾਂ ਨੂੰ ਸੰਬੋਧਨ ਕਰਦਿਆਂ ਬਿਕਰਮ ਚਹਿਲ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਦੀ ਮਾੜੀ ਕਾਰਗੁਜ਼ਾਰੀ ਕਾਰਨ ਵਿਕਾਸ ਪੱਖੋਂ ਪਿੱਛੜੇ ਹਲਕਾ ਸਨੌਰ ਨੂੰ ਅੱਗੇ ਲਿਜਾਣ ਲਈ ਉਹ ਦਿਨ ਰਾਤ ਕੰਮ ਕਰਨਗੇ। ਉਨ੍ਹਾਂ ਕਿਹਾ ਕਿ ਹਲਕੇ ਦੇ ਸਰਵਪੱਖੀ ਵਿਕਾਸ ਨੂੰ ਯਕੀਨੀ ਬਣਾਉਣ ਲਈ ਉਹਨਾਂ ਵੱਲੋਂ ਵੱਖ ਵੱਖ ਪ੍ਰਾਜੈਕਟ ਲਿਆਂਦੇ ਜਾਣਗੇ। ਇਸਦੇ ਨਾਲ ਹੀ ਕਿਸਾਨਾਂ ਦੀਆਂ ਖੇਤੀਬਾੜੀ ਸੰਬੰਧੀ ਸਮੱਸਿਆਵਾਂ ਦਾ ਵੀ ਹੱਲ ਕੀਤਾ ਜਾਵੇਗਾ, ਜਿਸਦੇ ਤਹਿਤ ਬੇਜ਼ਮੀਨੇ ਕਿਸਾਨਾਂ ਦੀਆਂ ਕਰਜੇ ਸੰਬੰਧੀ ਮੁਸ਼ਕਿਲਾਂ ਦਾ ਪੂਰਨ ਤੌਰ ਤੇ ਹੱਲ ਕੀਤਾ ਜਾਵੇਗਾ। ਸ.ਚਹਿਲ ਨੇ ਕਿਹਾ ਕਿ ਪੰਜਾਬ ਨੂੰ ਹੁਣ ਕੋਰੇ ਵਾਅਦੇ ਨਹੀਂ ਚਾਹੀਦੇ ਬਲਕਿ ਇਕ ਇਮਾਨਦਾਰ ਸਰਕਾਰ ਚਾਹੀਦੀ ਹੈ। ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਉਹਨਾਂ ਵੱਲੋਂ ਔਰਤਾਂ ਲਈ ਸਿਲਾਈ ਸੈਂਟਰ ਖੋਲ੍ਹਣ ਤੋਂ ਇਲਾਵਾ, ਨੌਜਵਾਨਾਂ ਨੂੰ ਮੁਕਾਬਲੇ ਦੀਆਂ ਪ੍ਰੀਖਿਆਵਾਂ ਲਈ ਸਿਖਲਾਈ ਦੇਣ ਅਤੇ ਉਦਯੋਗਿਕ ਨਿਵੇਸ਼ ਰਾਹੀਂ ਰੁਜ਼ਗਾਰ ਪੈਦਾ ਕਰਨ ਲਈ ਕੋਚਿੰਗ ਸੈਂਟਰ ਵੀ ਖੋਲ੍ਹੇ ਜਾਣਗੇ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਆਪਣੀ ਆਰਥਿਕ ਪੁਨਰ ਸੁਰਜੀਤੀ ਲਈ ਕੇਂਦਰ ਸਰਕਾਰ ਦੇ ਸਮਰਥਨ ਦੀ ਲੋੜ ਹੈ, ਜਿਸ ਨੂੰ ਪ੍ਰਾਪਤ ਕਰਨ ਵਿੱਚ ਪੰਜਾਬ ਲੋਕ ਕਾਂਗਰਸ ਦਾ ਭਾਜਪਾ ਅਤੇ ਅਕਾਲੀ ਦਲ (ਸੰਯੁਕਤ) ਨਾਲ ਗਠਜੋੜ ਭਰਪੂਰ ਮਦਦ ਕਰੇਗਾ।