ਪੰਜਾਬ ਦੇ ਰਾਜਪਾਲ ਸ਼੍ਰੀ ਬਨਵਾਰੀ ਲਾਲ ਪੁਰੋਹਿਤ ਨੇ ਪੀ.ਏ.ਯੂ. ਦਾ ਦੌਰਾ ਕੀਤਾ
ਪੰਜਾਬ ਦੇ ਰਾਜਪਾਲ ਸ਼੍ਰੀ ਬਨਵਾਰੀ ਲਾਲ ਪੁਰੋਹਿਤ ਨੇ ਪੀ.ਏ.ਯੂ. ਦਾ ਦੌਰਾ ਕੀਤਾ
- ਪੀ.ਏ.ਯੂ. ਦੇਸ਼ ਦੇ ਅੰਨ ਭੰਡਾਰ ਭਰਨ ਵਾਲੀ ਮਾਣਮੱਤੀ ਸੰਸਥਾ : ਰਾਜਪਾਲ ਪੰਜਾਬ
ਦਵਿੰਦਰ ਡੀ.ਕੇ,ਲੁਧਿਆਣਾ, 16 ਦਸੰਬਰ:2021
ਪੰਜਾਬ ਦੇ ਰਾਜਪਾਲ ਸ਼੍ਰੀ ਬਨਵਾਰੀ ਲਾਲ ਪੁਰੋਹਿਤ ਅੱਜ ਪੀ.ਏ.ਯੂ. ਦੇ ਵਿਸ਼ੇਸ਼ ਦੌਰੇ ਤੇ ਸਨ। ਉਨਾਂ ਇਸ ਦੌਰਾਨ ਪੀ.ਏ.ਯੂ. ਦੇ ਉੱਚ ਅਧਿਕਾਰੀਆਂ ਨਾਲ ਮੁਲਾਕਾਤ ਤੋਂ ਇਲਾਵਾ ਨਵੀਂ ਖੇਤੀ ਸੰਬੰਧੀ ਹੋ ਰਹੇ ਤਜਰਬਿਆਂ ਦਾ ਸਰਵੇਖਣ ਵੀ ਕੀਤਾ। ਮਾਣਯੋਗ ਰਾਜਪਾਲ ਨੇ ਵਿਸ਼ੇਸ਼ ਟਿੱਪਣੀ ਵਿਚ ਯੂਨੀਵਰਸਿਟੀ ਵਲੋਂ ਦੇਸ਼ ਨੂੰ ਅੰਨ ਪੱਖੋਂ ਸਵੈ ਨਿਰਭਰ ਬਣਾਉਣ ਲਈ ਕੀਤੇ ਯਤਨਾਂ ਦੀ ਸ਼ਲਾਘਾ ਕੀਤੀ। ਉਹਨਾਂ ਕਿਹਾ ਕਿ ਜਦੋਂ ਭਾਰਤ ਭੁੱਖਮਰੀ ਅਤੇ ਅਕਾਲ ਦਾ ਸ਼ਿਕਾਰ ਸੀ ਤਾਂ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਨੇ ਪੰਜਾਬ ਦੇ ਕਿਸਾਨਾਂ ਨਾਲ ਮਿਲ ਕੇ ਦੇਸ਼ ਲਈ ਵਾਧੂ ਅੰਨ ਪੈਦਾ ਕੀਤਾ ਅਤੇ ਸਨਮਾਨ ਨਾਲ ਸਿਰ ਉੱਚਾ ਚੁੱਕਣ ਦੇ ਮੌਕੇ ਦਿੱਤੇ ।
ਰਾਜਪਾਲ ਨੇ ਹਾੜੀ ਦੀਆਂ ਫਸਲਾਂ, ਸੁਰੱਖਿਅਤ ਖੇਤੀ, ਫਲਾਂ ਅਤੇ ਸਬਜ਼ੀਆਂ, ਬੀਜ ਉਤਪਾਦਨ, ਜੈਵਿਕ ਖੇਤੀ, ਖੇਤੀ ਬਾਇਓਤਕਨਾਲੋਜੀ, ਖੇਤੀ ਮਸ਼ੀਨਰੀ, ਖੇਤੀ ਸਾਹਿਤ ਅਤੇ ਮੁਹਾਰਤ ਵਿਕਾਸ ਪ੍ਰੋਗਰਾਮ ਤੋਂ ਇਲਾਵਾ ਖੁੰਬ ਉਤਪਾਦਨ ਤੇ ਸ਼ਹਿਦ ਮੱਖੀ ਪਾਲਣ ਸੰਬੰਧੀ ਅਤਿ ਆਧੁਨਿਕ ਤਜਰਬਿਆਂ ਨੂੰ ਵੇਖਿਆ। ਸ਼੍ਰੀ ਪੁਰੋਹਿਤ ਇਨਾਂ ਤਜਰਬਿਆਂ ਤੋਂ ਸੰਤੁਸ਼ਟ ਨਜ਼ਰ ਆਏ। ਉਨਾਂ ਆਸ ਪ੍ਰਗਟਾਈ ਕਿ ਪੀ.ਏ.ਯੂ. ਦੇ ਵਿਗਿਆਨੀ ਦੇਸ਼ ਦੀ ਖੇਤੀ ਨੂੰ ਦੂਜੀ ਹਰੀ ਕ੍ਰਾਂਤੀ ਵੱਲ ਲਿਜਾਣ ਵਿਚ ਸਫ਼ਲ ਹੋਣਗੇ।
ਪੀ.ਏ.ਯੂ. ਦੇ ਨਿਰਦੇਸ਼ਕ ਖੋਜ ਡਾ ਅਜਮੇਰ ਸਿੰਘ ਢੱਟ ਨੇ ਰਾਜਪਾਲ ਦਾ ਸਵਾਗਤ ਕੀਤਾ। ਉਨਾਂ ਪੀ.ਏ.ਯੂ. ਵੱਲੋਂ ਖੇਤੀ ਖੋਜ, ਪਸਾਰ ਅਤੇ ਅਕਾਦਮਿਕ ਖੇਤਰ ਵਿਚ ਕੀਤੇ ਜਾ ਰਹੇ ਕੰਮਾਂ ਦੀ ਜਾਣਕਾਰੀ ਦਿੱਤੀ।
ਪੀ.ਏ.ਯੂ. ਦੇ ਨਿਰਦੇਸ਼ਕ ਪਸਾਰ ਸਿੱਖਿਆ ਡਾ. ਜਸਕਰਨ ਸਿੰਘ ਮਾਹਲ ਨੇ ਰਾਜਪਾਲ ਦਾ ਪੀ.ਏ.ਯੂ. ਆਉਣ ਤੇ ਧੰਨਵਾਦ ਕੀਤਾ।
ਇਸ ਮੌਕੇ ਪੀ.ਏ.ਯੂ. ਦੇ ਵੱਖ ਵੱਖ ਵਿਭਾਗਾਂ ਵਲੋਂ ਖੇਤੀ ਸਾਹਿਤ ਅਤੇ ਖੇਤੀ ਸੰਬੰਧੀ ਵਿਕਾਸ ਨੂੰ ਦਰਸਾਉਂਦੀਆਂ ਪ੍ਰਦਰਸ਼ਨੀਆਂ ਲਗਾਈਆਂ ਗਈਆਂ ਸਨ। ਰਾਜਪਾਲ ਜੀ ਨੇ ਇਨਾਂ ਪ੍ਰਦਰਸ਼ਨੀਆਂ ਵਿਚ ਵਿਸ਼ੇਸ਼ ਦਿਲਚਸਪੀ ਵਿਖਾਈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਅਪਰ ਨਿਰਦੇਸ਼ਕ ਪਸਾਰ ਸਿੱਖਿਆ ਡਾ ਜੀ ਪੀ ਐੱਸ ਸੋਢੀ, ਅਪਰ ਨਿਰਦੇਸ਼ਕ ਖੋਜ ਡਾ ਗੁਰਸਾਹਬ ਸਿੰਘ ਮਨੇਸ, ਡੀਨ ਖੇਤੀ ਇੰਜਨੀਅਰਿੰਗ ਕਾਲਜ ਡਾ ਅਸ਼ੋਕ ਕੁਮਾਰ, ਅਪਰ ਨਿਰਦੇਸ਼ਕ ਸੰਚਾਰ ਡਾ ਤੇਜਿੰਦਰ ਸਿੰਘ ਰਿਆੜ ਤੋਂ ਇਲਾਵਾ ਵੱਖ – ਵੱਖ ਵਿਭਾਗਾਂ ਦੇ ਮੁੱਖੀ ਹਾਜ਼ਰ ਸਨ।