Skip to content
Advertisement
ਪੰਜਾਬ ਦੇ ਇੰਜੀਨੀਅਰਜ਼ ਵੱਲੋਂ 30 ਦਸੰਬਰ ਨੂੰ ਮੁਹਾਲੀ ਵਿਖੇ ਵਿਸ਼ਾਲ ਰੈਲੀ
ਸੋਨੀ ਪਨੇਸਰ,ਬਰਨਾਲਾ, 22 ਦਸੰਬਰ (2021) :
ਕੌਂਸਲ ਆਫ ਡਿਪਲੋਮਾ ਇੰਜੀਨੀਅਰਜ ਸੰਗਰੂਰ, ਬਰਨਾਲਾ ਅਤੇ ਮਲੇਰਕੋਟਲਾ ਜ਼ਿਲਿਆਂ ਦੇ ਵੱਖ-ਵੱਖ ਵਿਭਾਗਾਂ ਦੇ ਇੰਜੀਨੀਅਰਜ਼ ਦੀ ਮੀਟਿੰਗ ਬੁੱਧਵਾਰ ਨੂੰ ਜ਼ਿਲ੍ਹਾ ਹੈਡਕੁਆਰਟਰ ਵਿਖੇ ਸੂਬਾਈ ਆਗੂ ਇੰਜ. ਕਰਮਜੀਤ ਸਿੰਘ ਬੀਹਲਾ (ਜਲ ਸਪਲਾਈ ਵਿਭਾਗ), ਇੰਜ. ਕੁਲਵਿੰਦਰ ਪਾਲ ਸਿੰਘ (ਲੋਕ ਨਿਰਮਾਣ ਵਿਭਾਗ), ਇੰਜ. ਗੁਰਤੇਜ ਸਿੰਘ (ਜਲ ਸਰੋਤ ਵਿਭਾਗ) ਅਤੇ ਇੰਜ. ਸਿਧਾਰਥ ਸਿੰਘ ਭਨੋਟ (ਪੰਚਾਇਤੀ ਰਾਜ) ਦੀ ਅਗਵਾਈ ਹੇਠ ਹੋਈ। ਇਸ ਸਮੇਂ ਉਨ੍ਹਾਂ ਵੱਲੋਂ ਸਾਂਝਾ ਬਿਆਨ ਜਾਰੀ ਕਰਦੇ ਹੋਏ ਦੱਸਿਆ ਗਿਆ ਕਿ ਕੱਲ੍ਹ ਪਟਿਆਲਾ ਵਿਖੇ ਜੁਆਇੰਟ ਐਕਸ਼ਨ ਕਮੇਟੀ ਕੌਂਸਲ ਆਫ ਡਿਪਲੋਮਾ ਇੰਜੀਨੀਅਰਜ ਪੰਜਾਬ ਦੇ ਕਨਵੀਨਰਾਂ ਇੰਜ. ਸੁਖਮਿੰਦਰ ਸਿੰਘ ਲਵਲੀ ਅਤੇ ਇੰਜ. ਮਨਜਿੰਦਰ ਸਿੰਘ ਮੱਤੇ ਨੰਗਲ ਦੀ ਅਗਵਾਈ ਹੇਠ ਪੰਜਾਬ ਦੇ ਵੱਖ-ਵੱਖ ਵਿਭਾਗਾਂ ਦੇ ਇੰਜੀਨੀਅਰਾਂਦੀ ਸੂਬਾਈ ਮੀਟਿੰਗ ਹੋਈ। ਜਿਸ ਵਿਚ ਫੈਸਲਾ ਕੀਤਾ ਗਿਆ ਕਿ 30 ਦਸੰਬਰ ਨੂੰ ਮੁਹਾਲੀ ਵਿਖੇ ਪੰਜਾਬ ਦਾ ਹਜ਼ਾਰਾ ਇੰਜੀਨੀਅਰ ਸਮੂਹਿਕ ਛੁੱਟੀ ਭਰ ਕੇ ਮੁਹਾਲੀ ਵਿਖੇ ਵਿਸ਼ਾਲ ਰੈਲੀ ਕਰਨ ਉਪਰੰਤ ਮੁੱਖ ਮੰਤਰੀ ਪੰਜਾਬ ਦੀ ਚੰਡੀਗੜ੍ਹ ਰਿਹਾਇਸ਼ ਵੱਲ ਕੂਚ ਕਰਨਗੇ, ਉਨ੍ਹਾਂ ਵੱਲੋਂ ਦੱਸਿਆ ਗਿਆ ਕਿ ਪੰਜਾਬ ਦੇ ਇੰਜੀਨੀਅਰ ਪਿਛਲੇ 6 ਮਹੀਨਿਆਂ ਤੋਂ ਆਪਣੀਆਂ ਜਾਇਜ਼ ਅਤੇ ਹੱਕੀ ਮੰਗਾਂ ਲਈ ਸੰਘਰਸ਼ ਦੇ ਰਾਹ ’ਤੇ ਹਨ ਅਤੇ 2 ਦਸੰਬਰ ਤੋਂ ਲਗਾਤਾਰ ਮੋਹਾਲੀ ਵਿਖੇ ਭੁੱਖ ਹੜਤਾਲ ’ਤੇ ਹਨ ਬੇਸ਼ੱਕ ਕੌਂਸਲ ਦੀ ਮੀਟਿੰਗ ਮੁੱਖ ਮੰਤਰੀ ਨਾਲ ਹੋ ਚੁੱਕੀ ਹੈ। ਪਰ ਹਾਲੇ ਤੱਕ ਉਸ ਮੀਟਿੰਗ ਦਾ ਸਾਰਥਕ ਹਲ ਨਹੀਂ ਨਿਕਲਿਆ ਜਿਸ ਕਰਕੇ ਪੰਜਾਬ ਦਾ ਸਮੁੱਚਾ ਇੰਜਨੀਅਰ ਵਰਗ ਪੰਜਾਬ ਸਰਕਾਰ ਤੋਂ ਕਾਫੀ ਨਿਰਾਸ਼ ਚੱਲ ਰਿਹਾ ਹੈ। ਇਸ ਮੌਕੇ ਇੰਜ. ਗੁਰਦੀਪ ਸਿੰਘ ਰੰਧਾਵਾ ਅਤੇ ਇੰਜ. ਕੁਲਵੰਤ ਸਿੰਘ ਨੇ ਕਿਹਾ ਕਿ ਪੰਜਾਬ ਦੇ ਛੇਵੇਂ ਪੇ ਕਮਿਸ਼ਨ ਨੇ ਜੂਨੀਅਰ ਇੰਜੀਨੀਅਰ ਦਾ 4800 ਗਰੇਡ ਪੇਅ ਤੇ ਹਰ ਮਹੀਨੇ ਮਿਲਦਾ 30 ਲੀਟਰ ਪੈਟਰੋਲ ਵੀ ਖੋਹ ਲਿਆ ਹੈ, ਇਸ ਤੋਂ ਇਲਾਵਾ ਨਵ ਨਿਯੁਕਤ ਇੰਜੀਨੀਅਰਜ ਨੂੰ ਪਰਖ ਕਾਲ ਸਮੇਂ ਕੋਈ ਵੀ ਲਾਭ ਨਾ ਦੇਣ ਦਾ ਸਰਕਾਰ ਨੇ ਜਿਹੜਾ ਤਾਨਾਸ਼ਾਹੀ ਫੁਰਮਾਨ ਉਸ ਫ਼ੈਸਲੇ ਨੇ ਵੀ ਸਮੁੱਚੇ ਇੰਜੀਨੀਅਰ ਵਰਗ ਨੂੰ ਨਿਰਾਸ਼ ਕੀਤਾ ਹੈ। ਇੰਜ. ਮਨਿੰਦਰਪਾਲ ਸਿੰਘ ਅਤੇ ਇੰਜ. ਸੰਦੀਪ ਪਾਲ ਸਿੰਘ ਨੇ ਦੱਸਿਆ ਕਿ ਇਸ ਰੈਲੀ ਨੂੰ ਕਾਮਯਾਬ ਕਰਨ ਲਈ ਸੰਗਰੂਰ, ਬਰਨਾਲਾ ਅਤੇ ਮਲੇਰਕੋਟਲਾ ਦੇ ਸਮੁੱਚੇ ਇੰਜਨੀਅਰ ਵਰਗ ’ਚ ਪੂਰਾ ਉਤਸ਼ਾਹ ਹੈ ਅਤੇ ਹਰ ਇਕ ਵਿਭਾਗ ਦਾ ਇਕ ਇਕ ਇੰਜੀਨੀਅਰ ਇਸ ਰੈਲੀ ’ਚ ਸ਼ਮੂਲੀਅਤ ਕਰੇਗਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਮਨਪ੍ਰੀਤ ਸਿੰਘ ਕੁਠਾਲਾ, ਗੋਰਾ ਲਾਲ, ਗੁਰਮੇਲ ਸਿੰਘ, ਤਲਵਿੰਦਰ ਸਿੰਘ, ਬਲਰਾਜ ਸਿੰਘ ਧੂਰੀ, ਜਸਵੰਤ ਸਿੰਘ, ਬਿੱਕਰ ਸਿੰਘ ਤੇ ਚਰਨਦੀਪ ਸਿੰਘ ਚਾਹਲ ਆਦਿ ਹਾਜ਼ਰ ਸਨ।
Advertisement
Advertisement
error: Content is protected !!