ਪੰਜਾਬ ਦੇ ਆਈ.ਏ.ਐਸ. ਅਧਿਕਾਰੀ ਹੁਸਨ ਲਾਲ ਨੂੰ ਸੇਵਾ ਮੁਕਤੀ `ਤੇ ਨਿੱਘੀ ਵਿਦਾਇਗੀ
ਅਨੁਭਵ ਦੂਬੇ , ਚੰਡੀਗੜ੍ਹ, 29 ਜੁਲਾਈ 2022
ਪੰਜਾਬ ਦੇ ਸੀਨੀਅਰ ਆਈ.ਏ.ਐਸ. ਅਧਿਕਾਰੀ ਹੁਸਨ ਲਾਲ ਜੋ 31 ਜੁਲਾਈ ਨੂੰ ਸੇਵਾ ਮੁਕਤ ਹੋ ਰਹੇ ਹਨ, ਨੂੰ ਅੱਜ ਇੱਥੇ ਪੰਜਾਬ ਸਿਵਲ ਸਕੱਤਰੇਤ ਵਿਖੇ ਮੁੱਖ ਸਕੱਤਰ ਵਿਜੈ ਕੁਮਾਰ ਜੰਜੂਆ ਅਤੇ ਪੰਜਾਬ ਆਈ.ਏ.ਐਸ. ਆਫਿਸਰਜ਼ ਐਸੋਸੀਏਸ਼ਨ ਵੱਲੋਂ ਨਿੱਘੀ ਵਿਦਾਇਗੀ ਦਿੱਤੀ ਗਈ। ਇਕ ਸੰਖੇਪ ਤੇ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਪੰਜਾਬ ਆਈ.ਏ.ਐਸ. ਆਫਿਸਰਜ਼ ਐਸੋਸੀਏਸ਼ਨ ਦੇ ਅਹੁਦੇਦਾਰਾਂ ਨੇ 1995 ਬੈਚ ਦੇ ਆਈ.ਏ.ਐਸ. ਅਧਿਕਾਰੀ ਹੁਸਨ ਲਾਲ, ਜੋ ਮੌਜੂਦਾ ਸਮੇਂ ਪ੍ਰਮੁੱਖ ਸਕੱਤਰ ਵਜੋਂ ਮੈਡੀਕਲ ਸਿੱਖਿਆ ਤੇ ਖੋਜ ਅਤੇ ਪ੍ਰਿੰਟਿੰਗ ਸਟੇਸ਼ਨਰੀ ਵਿਭਾਗ ਦਾ ਕੰਮਕਾਜ ਦੇਖ ਰਹੇ ਸਨ, ਲਈ ਸੇਵਾ ਮੁਕਤੀ ਤੋਂ ਬਾਅਦ ਸਿਹਤਮੰਦ ਅਤੇ ਖੁਸ਼ਹਾਲ ਜੀਵਨ ਦੀ ਕਾਮਨਾ ਕੀਤੀ।
ਸੇਵਾ ਮੁਕਤ ਅਧਿਕਾਰੀ ਵੱਲੋਂ ਨਿਭਾਈਆਂ ਸ਼ਾਨਦਾਰ ਅਤੇ ਬੇਮਿਸਾਲ ਸੇਵਾਵਾਂ ਨੂੰ ਯਾਦ ਕਰਦਿਆਂ ਮੁੱਖ ਸਕੱਤਰ ਵਿਜੈ ਕੁਮਾਰ ਜੰਜੂਆ, ਪ੍ਰਧਾਨ ਆਈ.ਏ.ਐਸ. ਆਫਿਸਰਜ਼ ਐਸੋਸੀਏਸ਼ਨ ਏ ਵੇਣੂ ਪ੍ਰਸਾਦ, ਕੇ.ਏ.ਪੀ. ਸਿਨਹਾ, ਰਾਜੀ ਪੀ ਸ਼੍ਰੀਵਾਸਤਵ, ਵਿਕਾਸ ਪ੍ਰਤਾਪ, ਤੇਜਵੀਰ ਸਿੰਘ, ਜਸਪ੍ਰੀਤ ਤਲਵਾਰ, ਦਲੀਪ ਕੁਮਾਰ, ਰਾਹੁਲ ਭੰਡਾਰੀ, ਵੀ.ਕੇ. ਮੀਨਾ, ਅਜੋਏ ਸ਼ਰਮਾ, ਅਲਕਨੰਦਾ ਦਿਆਲ ਅਤੇ ਗਿਰੀਸ਼ ਦਿਆਲਨ ਨੇ ਉਨ੍ਹਾਂ ਨਾਲ ਆਪਣੇ ਸੁਹਿਰਦ ਸਬੰਧਾਂ ਅਤੇ ਉਨ੍ਹਾਂ ਦੀ ਦੋਸਤਾਨਾ ਕਾਰਜ ਸ਼ੈਲੀ ਤੋਂ ਸਿੱਖੇ ਤਜਰਬਿਆਂ ਨੂੰ ਸਾਂਝਾ ਕੀਤਾ। ਇਨ੍ਹਾਂ ਅਧਿਕਾਰੀਆਂ ਨੇ ਸ੍ਰੀ ਹੁਸਨ ਲਾਲ ਵੱਲੋਂ ਬਤੌਰ ਪ੍ਰਮੁੱਖ ਸਕੱਤਰ ਸਿਹਤ ਦੇ ਕਾਰਜਕਾਲ ਦੌਰਾਨ ਕੋਵਿਡ ਮਹਾਂਮਾਰੀ ਦੇ ਸਮੇਂ ਨਿਭਾਈਆਂ ਬੇਮਿਸਾਲ ਸੇਵਾਵਾਂ ਦੀ ਵਿਸ਼ੇਸ਼ ਤੌਰ ਉਤੇ ਸ਼ਲਾਘਾ ਕੀਤੀ।
ਸ੍ਰੀ ਹੁਸਨ ਲਾਲ ਦੇ ਸਾਧਾਰਨ ਪੇਂਡੂ ਪਿਛੋਕੜ ਦਾ ਜ਼ਿਕਰ ਕਰਦਿਆਂ ਅਧਿਕਾਰੀਆਂ ਨੇ ਕਿਹਾ ਕਿ ਉਨ੍ਹਾਂ ਦਾ ਵਿਸ਼ਾਲ ਪ੍ਰਸ਼ਾਸਕੀ ਤਜਰਬਾ ਸਿਵਲ ਅਧਿਕਾਰੀਆਂ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਲਈ ਹਮੇਸ਼ਾ ਮਾਰਗ ਦਰਸ਼ਕ ਬਣਿਆ ਰਹੇਗਾ ਅਤੇ ਉਨ੍ਹਾਂ ਨੂੰ ਵੱਖ-ਵੱਖ ਵਿਭਾਗਾਂ ਜਿਵੇਂ ਕਿ ਸਿਹਤ, ਗ੍ਰਹਿ, ਲੋਕ ਨਿਰਮਾਣ ਵਿਭਾਗ, ਸਿੱਖਿਆ, ਮੈਡੀਕਲ ਸਿੱਖਿਆ, ਸੱਭਿਆਚਾਰ ਅਤੇ ਸੈਰ ਸਪਾਟਾ, ਟਰਾਂਸਪੋਰਟ ਅਤੇ ਫੀਲਡ ਵਿੱਚ ਵੱਖ-ਵੱਖ ਅਹਿਮ ਅਹੁਦਿਆਂ ਅਤੇ ਸੰਗਰੂਰ, ਮਾਨਸਾ, ਫਰੀਦਕੋਟ ਅਤੇ ਐਸ.ਬੀ.ਐਸ.ਨਗਰ ਵਿੱਚ ਬਤੌਰ ਡਿਪਟੀ ਕਮਿਸ਼ਨਰ ਦੇ ਨਾਲ-ਨਾਲ ਭਾਰਤ ਸਰਕਾਰ ਵਿੱਚ ਨਿਭਾਈਆਂ ਵਡਮੁੱਲੀਆਂ ਸੇਵਾਵਾਂ ਲਈ ਹਮੇਸ਼ਾ ਯਾਦ ਰੱਖਿਆ ਜਾਵੇਗਾ। ਸਾਰੇ ਅਧਿਕਾਰੀਆਂ ਨੇ ਸ੍ਰੀ ਹੁਸਨ ਲਾਲ ਨਾਲ ਸੇਵਾ ਦੌਰਾਨ ਆਪਣੀਆਂ ਨਿੱਜੀ ਯਾਦਾਂ ਸਾਂਝੀਆਂ ਕੀਤੀਆਂ ਅਤੇ ਉਨ੍ਹਾਂ ਲਈ ਜੀਵਨ ਦੀ ਦੂਜੀ ਪਾਰੀ ਵਿੱਚ ਉੱਜਵਲ ਅਤੇ ਸਿਹਤਮੰਦ ਭਵਿੱਖ ਦੀ ਕਾਮਨਾ ਕੀਤੀ।
ਆਪਣੇ ਕਾਰਜਕਾਲ ਦੌਰਾਨ ਦਿੱਤੇ ਸਹਿਯੋਗ ਲਈ ਸਾਰੇ ਅਧਿਕਾਰੀਆਂ ਦਾ ਧੰਨਵਾਦ ਕਰਦਿਆਂ ਸ੍ਰੀ ਹੁਸਨ ਲਾਲ ਨੇ ਕਿਹਾ ਕਿ ਉਹ ਆਪਣੇ 27 ਸਾਲ ਦੇ ਸੇਵਾ ਕਾਲ ਨਾਲ ਪੂਰੀ ਤਰ੍ਹਾਂ ਸੰਤੁਸ਼ਟ ਹਨ। ਉਨ੍ਹਾਂ ਤਕਰੀਬਨ ਤਿੰਨ ਦਹਾਕਿਆਂ ਤੱਕ ਦੇ ਆਪਣੇ ਕਾਰਜਕਾਲ ਦੌਰਾਨ ਦੀਆਂ ਯਾਦਾਂ ਤੇ ਤਜਰਬੇ ਸਾਂਝੇ ਕੀਤੇ। ਇਸ ਮੌਕੇ ਆਈ.ਏ.ਐਸ. ਅਧਿਕਾਰੀ ਰਮੇਸ਼ ਕੁਮਾਰ ਗੰਟਾ, ਡੀ.ਕੇ ਤਿਵਾੜੀ, ਰਾਜ ਕਮਲ ਚੌਧਰੀ, ਕ੍ਰਿਸ਼ਨ ਕੁਮਾਰ, ਵਿਕਾਸ ਗਰਗ, ਕੁਮਾਰ ਰਾਹੁਲ, ਕੇ.ਕੇ ਯਾਦਵ, ਰਜਤ ਅਗਰਵਾਲ, ਕ੍ਰਿਸ਼ਨ ਕੁਮਾਰ, ਜਸਵਿੰਦਰ ਕੌਰ ਸਿੱਧੂ, ਗੁਰਪ੍ਰੀਤ ਕੌਰ ਸਪਰਾ, ਅਭਿਨਵ ਤ੍ਰਿਖਾ, ਮੁਹੰਮਦ ਤਇਅਬ, ਨੀਲਿਮਾ, ਵਰਿੰਦਰ ਕੁਮਾਰ ਸ਼ਰਮਾ, ਸੁਮੀਤ ਜਾਰੰਗਲ, ਅਪਨੀਤ ਰਿਆਤ ਅਤੇ ਡਾ. ਸੇਨੂੰ ਦੁੱਗਲ ਵੀ ਹਾਜ਼ਰ ਸਨ।