ਪੰਜਾਬ ਅੰਦਰ ਲੱਗ ਸਕਦੈ ਰਾਸ਼ਟਰਪਤੀ ਰਾਜ
7 ਕਾਂਗਰਸੀ ਵਜੀਰ ਤੇ ਡੇਢ਼ ਦਰਜ਼ਨ MLA ਭਾਜਪਾ ‘ ਚ ਸ਼ਾਮਿਲ ਹੋਣ ਲਈ ਕਾਹਲੇ ,,
ਹਰਿੰਦਰ ਨਿੱਕਾ , ਚੰਡੀਗੜ੍ਹ 19 ਦਸੰਬਰ 2021
ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਪ੍ਰਸਤਾਵਿਤ ਪੰਜਾਬ ਫੇਰੀ ਤੋਂ ਪਹਿਲਾਂ ,ਪੰਜਾਬ ਦੀ ਸਿਆਸਤ ‘ਚ ਵੱਡਾ ਸਿਆਸੀ ਭੁਚਾਲ ਆਉਣ ਦੀਆਂ ਕਨਸੋਆਂ ਨਿੱਕਲ ਕੇ ਆ ਰਹੀਆਂ ਹਨ। ਅਪੁਸ਼ਟ ਖਬਰਾਂ ਅਨੁਸਾਰ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਕੈਬਨਿਟ ਦੇ 7 ਵਜੀਰ ਅਤੇ ਕਰੀਬ ਡੇਢ ਦਰਜਨ ਕਾਂਗਰਸੀ ਵਿਧਾਇਕਾਂ ਨੇ ਭਾਜਪਾ ਵਿੱਚ ਸ਼ਾਮਿਲ ਹੋਣ ਦਾ ਪੱਕਾ ਮਨ ਬਣਾ ਲਿਆ ਹੈ। ਇਸ ਦੀ ਚਰਚਾ ਸਿਆਸੀ ਗਲਿਆਰਿਆਂ ਤੋਂ ਇਲਾਵਾ ਮੀਡੀਆ ਅਤੇ ਅਫਸਰਸ਼ਾਹੀ ਵਿੱਚ ਵੀ ਜ਼ੋਰ ਸ਼ੋਰ ਨਾਲ ਚੱਲ ਰਹੀ ਹੈ। ਇਸ ਦਾ ਖੁਲਾਸਾ ਪੰਜਾਬ ਟੈਲੀਵਿਜ਼ਨ ਤੇ ਹਰਜਿੰਦਰ ਸਿੰਘ ਰੰਧਾਵਾ ਅਤੇ ਸੀਨੀਅਰ ਪੱਤਰਕਾਰ ਰਾਜੀਵ ਭਾਸਕਰ ਨੇ ਆਪਣੇ ਪ੍ਰੋਗਰਾਮ ਵਿੱਚ ਖੁੱਲ੍ਹ ਕੇ ਹੀ ਕਰ ਦਿੱਤਾ ਹੈ। ਦੋਵੇਂ ਹੀ ਪੱਤਰਕਾਰ ਬੜੇ ਸੁਲਝੇ ਹੋਏ ਅਤੇ ਰਾਜਸੀ ਗਲਿਆਰਿਆਂ ਦੀ ਅੰਦਰ ਦੀ ਸੂਹ ਰੱਖਣ ਵਾਲੇ ਹਨ। ਰਾਜੀਵ ਭਾਸਕਰ ਨੇ ਤਾਂ ਭਾਜਪਾ ਵਿੱਚ ਸ਼ਾਮਿਲ ਹੋਣ ਵਾਲੇ ਕਾਂਗਰਸੀ ਵਜੀਰਾਂ ਦੇ ਨਾਵਾਂ ਦਾ ਖੁਲਾਸਾ ਵੀ ਜਨਤਕ ਕਰ ਦਿੱਤਾ ਹੈ। ਜਿਸ ਤੋਂ ਖਬਰ ਦੀ ਭਰੋਸੇਯੋਗਤਾ ਹੋਰ ਪਕੇਰੀ ਹੋ ਜਾਂਦੀ ਹੈ।
ਕਾਂਗਰਸ ਨੂੰ ਅਲਵਿਦਾ ਕਹਿਣ ਵਾਲੇ ਸੰਭਾਵੀ ਵਜੀਰਾਂ ਵਿੱਚ ਉਪ ਮੁੱਖ ਮੰਤਰੀ ਉ.ਪੀ. ਸੋਨੀ, ਵਿਜੇਇੰਦਰ ਸਿੰਗਲਾ, ਬ੍ਰਹਮ ਮਹਿੰਦਰਾ, ਰਾਣਾ ਗੁਰਜੀਤ ਸਿੰਘ, ਸੁੱਖ ਸਰਕਾਰੀਆ, ਭਾਰਤ ਭੂਸ਼ਣ ਆਸ਼ੂ , ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਸ਼ਾਮਿਲ ਹਨ। ਇੱਥੇ ਹੀ ਬੱਸ ਨਹੀਂ, ਭਾਜਪਾ ਵਿੱਚ ਸ਼ਾਮਿਲ ਹੋਣ ਲਈ ਕਾਂਗਰਸ ਪਾਰਟੀ ਦੇ ਕਰੀਬ ਡੇਢ ਦਰਜ਼ਨ ਵਿਧਾਇਕਾਂ ਦਾ ਨਾਮ ਵੀ ਬੋਲਦਾ ਹੈ।ਜਿਨ੍ਹਾਂ ਵਿੱਚ ਪ੍ਰਮੁੱਖ ਤੌਰ ਤੇ ਦੋ ਸਾਬਕਾ ਵਜੀਰਾਂ ਸਾਧੂ ਸਿੰਘ ਧਰਮਸੋਤ ਅਤੇ ਰਾਣਾ ਸੋਢੀ ਦਾ ਜਿਕਰ ਪ੍ਰਮੁੱਖ ਤੌਰ ਤੇ ਹੋ ਰਿਹਾ ਹੈ। ਕਿਹਾ ਇਹ ਵੀ ਜਾ ਰਿਹਾ ਹੈ ਕਿ ਕਾਂਗਰਸ ਛੱਡ ਕੇ ਭਾਜਪਾ ਦਾ ਦਾਮਨ ਥੰਮਣ ਵਾਲਿਆਂ ਵਿਚੋਂ ਕੁੱਝ ਕੁ 21 ਦਸੰਬਰ ਤੇ ਬਾਕੀ ਪ੍ਰਧਾਨਮੰਤਰੀ ਮੋਦੀ ਦੀ 27 ਦਸੰਬਰ ਦੀ ਪੰਜਾਬ ਫੇਰੀ ਸਮੇਂ ਸ਼ਾਮਿਲ ਹੋ ਸਕਦੇ ਹਨ।
ਜੇਕਰ ਸੱਚਮੁੱਚ ਅਜਿਹਾ ਰਾਜਸੀ ਘਟਨਾਕ੍ਰਮ ਆਉਣ ਵਾਲੇ ਦਿਨਾਂ ਵਿੱਚ ਵਾਪਰਦਾ ਹੈ ਤਾਂ ਚੰਨੀ ਸਰਕਾਰ ਦਾ ਘੱਟ ਗਿਣਤੀ ਵਿੱਚ ਰਹਿ ਜਾਣ ਕਾਰਣ ਡਿੱਗਣਾ ਤੈਅ ਹੈ ਅਤੇ ਆਗਾਮੀ ਵਿਧਾਨ ਸਭਾ ਚੋਣਾਂ 2022 ਰਾਸ਼ਟਰਪਤੀ ਸ਼ਾਸ਼ਨ ਦੌਰਾਨ ਹੀ ਹੋਣਗੀਆਂ।
ਭਰੋਸੇਯੋਗ ਸੂਤਰਾਂ ਦੀ ਮੰਨੀਏ ਤਾਂ ਇਹ ਸਾਰੇ ਵਰਤਾਰੇ ਪਿੱਛੇ ਸਿੱਧੇ ਤੌਰ ਤੇ ਸਾਬਕਾ ਮੁੱਖ ਮੰਤਰੀ ਅਤੇ ਪੰਜਾਬ ਲੋਕ ਕਾਂਗਰਸ ਦੇ ਸੰਸਥਾਪਕ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਦਾ ਹੀ ਹੱਥ ਹੈ। ਜਿਹੜੇ ਜਖਮੀ ਸ਼ੇਰ ਦੀ ਤਰ੍ਹਾਂ ਕਾਂਗਰਸ ਨੂੰ ਨੇਸਤੋ ਨਾਬੂਦ ਕਰਨ ਤੇ ਤੁੱਲੇ ਹੋਏ ਹਨ। ਇਹ ਤਾਂ ਹੁਣ ਆਉਣ ਵਾਲਾ ਹਫਤਾ ਹੀ ਤੈਅ ਕਰੇਗਾ ਕਿ ਪੰਜਾਬ ਦੀ ਰਾਜਨੀਤੀ ਦਾ ਊਂਠ ਕਿਸ ਕਰਵਟ ਬੈਠਦਾ ਹੈ।