ਪ੍ਰੋ. ਬਡੂੰਗਰ ਨੇ ਕਿਹਾ! ਸਿੱਖਾਂ ਦੇ ਗੁਰਦੁਆਰਾ ਸਾਹਿਬਾਨ ਤੇ ਕਬਜ਼ੇ ਕੀਤੇ ਜਾਣੇ ਮਨੁੱਖਤਾ ਦੇ ਮੱਥੇ ਤੇ ਵੱਡਾ ਕਲੰਕ
ਰਿਚਾ ਨਾਗਪਾਲ , ਪਟਿਆਲਾ, 24 ਅਪ੍ਰੈਲ 2023
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋ ਕਿਰਪਾਲ ਸਿੰਘ ਬਡੂੰਗਰ ਨੇ ਕਿਹਾ ਕਿ ਸਿੱਖਾਂ ਦੇ ਗੁਰਦੁਆਰਾ ਸਾਹਿਬਾਨ ਤੇ ਕਬਜ਼ੇ ਕੀਤੇ ਜਾਣੇ ਜਿੱਥੇ ਬਹੁਤ ਹੀ ਮੰਦਭਾਗੀ ਗੱਲ ਹੈ, ਉਥੇ ਮਨੁੱਖਤਾ ਦੇ ਮੱਥੇ ਤੇ ਵੀ ਬਹੁਤ ਵੱਡਾ ਕਲੰਕ ਹੈ। ਪ੍ਰੋ. ਬਡੂੰਗਰ ਨੇ ਕਿਹਾ ਕਿ ਅਰੁਣਾਚਲ ਪ੍ਰਦੇਸ਼ ਵਿਚ ਮੇਚੁਕਾ ਵਿਖੇ ਗੁਰੂ ਨਾਨਕ ਦੇਵ ਜੀ ਦੀ ਜਾਦ ਵਿਚ ਗੁਰੂਦਵਾਰਾ ਗੁਰੂ ਤਪੋ ਅਸਥਾਨ ਵਿਖੇ ਸਾਹਮਣੇ ਆਇਆ ਹੈ ਕਿ ਗੁਰਦੁਆਰਾ ਸਾਹਿਬ ਵਿਖੇ ਪਾਲਕੀ ਸਾਹਿਬ ਦੇ ਅਸਥਾਨ ਤੇ ਮਹਾਤਮਾ ਬੁੱਧ ਦੀ ਮੂਰਤੀ ਸਥਾਪਤ ਕਰਕੇ ਬੋਧੀਆਂ ਵੱਲੋਂ ਕਬਜ਼ਾ ਕਰ ਲਿਆ ਗਿਆ ਹੈ, ਜੋ ਕਿ ਬਹੁਤ ਨਿੰਦਣਯੋਗ ਕਾਰਵਾਈ ਹੈ, ਕਿਉਂਕਿ ਇਹ ਅਸਥਾਨ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਸਬੰਧਤ ਹੈ ਤੇ ਸ਼੍ਰੀ ਗੁਰੂ ਨਾਨਕ ਦੇਵ ਜੀ ਵਲੋ ਕੀਤੀਆਂ ਜਾ ਰਹੀਆਂ ਆਪਣੀਆਂ ਧਾਰਮਿਕ ਉਦਾਸੀਆਂ ਦੌਰਾਨ ਬਾਲਾ ਜੀ ਤੇ ਮਰਦਾਨਾ ਜੀ ਦੇ ਨਾਲ ਇਸ ਅਸਥਾਨ ਤੇ ਆਏ ਸਨ ।
ਉਨ੍ਹਾਂ ਦੱਸਿਆ ਕਿ ਅਰੁਨਾਚਲ ਪ੍ਰਦੇਸ਼ ਦੇ ਮੇਚੁਕਾ ਵਿਖੇ ਇਸ ਅਸਥਾਨ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਸੀ ਜਦਕਿ ਹੁਣ ਇਸ ਅਸਥਾਨ ਤੇ ਮਹਾਤਮਾ ਬੁੱਧ ਦੀ ਮੂਰਤੀ ਨੂੰ ਸਥਾਪਤ ਕਰ ਦਿੱਤਾ ਗਿਆ ਹੈ ਤੇ ਇਸ ਕਾਰਵਾਈ ਨਾਲ ਸਿੱਖਾਂ ਦੇ ਹਿਰਦੇ ਵਲੂੰਧਰੇ ਗਏ ਹਨ । ਪ੍ਰੋਫੈਸਰ ਬਡੂੰਗਰ ਨੇ ਕਿਹਾ ਕਿ ਸਿੱਖਾਂ ਦੇ ਧਾਰਮਿਕ ਸਥਾਨਾਂ ਤੇ ਵਾਰ-ਵਾਰ ਹਮਲੇ ਤੇ ਕਬਜ਼ੇ ਕੀਤੇ ਜਾਣੇ ਕਿਸੇ ਵੀ ਕੀਮਤ ਤੇ ਸ਼ੋਭਾ ਨਹੀਂ ਦਿੰਦੇ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਵੀ ਉਤਰਾਖੰਡ ਦੇ ਹਰਿਦੁਆਰ ਵਿਖੇ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਯਾਦ ਨਾਲ ਸਬੰਧਤ ਗੁਰਦੁਆਰਾ ਗਿਆਨ ਗੋਦੜੀ ਸਾਹਿਬ ਤੇ ਸਿੱਕਮ ਵਿੱਚ ਕਚਨ ਜੰਗਾਂ ਦੀਆਂ ਪਹਾੜੀਆਂ ਵਿਚ ਗੁਰੂਦਵਾਰਾ ਗੁਰੂ ਨਾਨਕ ਡਾਂਗਮਾਰ ਸਾਹਿਬ, ਉੜੀਸਾ ਵਿਚ ਗੁਰੂਦੁਆਰਾ ਪੰਜਾਬੀ ਮੱਠ ਤੇ ਮੰਗੂ ਮੱਠ ਤੇ ਵੀ ਕਬਜ਼ੇ ਕਰ ਕੇ ਸਿੱਖਾਂ ਤੋਂ ਦੂਰ ਕਰਨ ਦੇ ਯਤਨ ਕੀਤੇ ਜਾ ਰਹੇ ਹਨ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ ਦੇ ਜਰਨਲ ਸਕੱਤਰ ਜਥੇਦਾਰ ਜਗਦੀਪ ਸਿੰਘ ਚੀਮਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜੂਨੀਅਰ ਮੀਤ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਰਿਆ, ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਬੁਲਾਰੇ ਹਰਵਿੰਦਰ ਸਿੰਘ ਬੱਬਲ, ਸਾਬਕਾ ਵਾਈਸ ਚੇਅਰਮੈਨ ਸਵਰਨ ਸਿੰਘ ਗੋਪਾਲੋ, ਗੁਰਦੀਪ ਸਿੰਘ ਨੌਂਲੱਖਾ, ਸਮੇਤ ਹੋਰ ਪਤਵੰਤੇ ਵੀ ਹਾਜ਼ਰ ਸਨ।