ਪ੍ਰਨੀਤ ਕੌਰ ਵੱਲੋਂ ਯਾਦਵਿੰਦਰਾ ਲਾਇਰਸ ਕੰਪਲੈਕਸ ‘ਚ 34 ਲੱਖ ਰੁਪਏ ਦੀ ਲਾਗਤ ਨਾਲ ਕਰਵਾਏ ਨਵੀਨੀਕਰਨ ਦੇ ਕੰਮ ਤੇ ਨਵੀਂ ਲਿਫ਼ਟ ਦਾ ਉਦਘਾਟਨ
ਐਮ.ਪੀ. ਪ੍ਰਨੀਤ ਕੌਰ ਵੱਲੋਂ ਯਾਦਵਿੰਦਰਾ ਲਾਇਰਸ ਕੰਪਲੈਕਸ ‘ਚ 34 ਲੱਖ ਰੁਪਏ ਦੀ ਲਾਗਤ ਨਾਲ ਕਰਵਾਏ ਨਵੀਨੀਕਰਨ ਦੇ ਕੰਮ ਤੇ ਨਵੀਂ ਲਿਫ਼ਟ ਦਾ ਉਦਘਾਟਨ
–ਵਕੀਲ ਸਾਡੇ ਸਮਾਜ ਦਾ ਅਹਿਮ ਅੰਗ, ਕੈਪਟਨ ਸਰਕਾਰ ਨੇ ਵਕੀਲਾਂ ਨੂੰ ਬਣਦੀਆਂ ਸਹੂਲਤਾਂ ਦੇ ਕੇ ਆਪਣਾ ਫ਼ਰਜ਼ ਨਿਭਾਇਆ-ਪ੍ਰਨੀਤ ਕੌਰ
-ਬਾਰ ਐਸੋਸੀਏਸ਼ਨ ਪਟਿਆਲਾ ਦੇ ਮੈਂਬਰ ਵਕੀਲਾਂ ਵੱਲੋਂ ਮੁੱਖ ਮੰਤਰੀ ਤੇ ਪ੍ਰਨੀਤ ਕੌਰ ਦਾ ਧੰਨਵਾਦ
ਬਲਵਿੰਦਰਪਾਲ , ਪਟਿਆਲਾ, 18 ਸਤੰਬਰ:2021
ਪਟਿਆਲਾ ਤੋਂ ਸੰਸਦ ਮੈਂਬਰ ਤੇ ਸਾਬਕਾ ਕੇਂਦਰੀ ਵਿਦੇਸ਼ ਰਾਜ ਮੰਤਰੀ ਸ੍ਰੀਮਤੀ ਪ੍ਰਨੀਤ ਕੌਰ ਨੇ ਅੱਜ ਇੱਥੇ ਜ਼ਿਲ੍ਹਾ ਕਚਿਹਰੀਆਂ ਵਿਖੇ ਯਾਦਵਿੰਦਰਾ ਲਾਇਰਸ ਕੰਪਲੈਕਸ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਭੇਜੀ 34 ਲੱਖ ਰੁਪਏ ਦੀ ਗ੍ਰਾਂਟ ਨਾਲ ਕਰਵਾਏ ਗਏ ਨਵੀਨੀਕਰਨ ਤੇ ਮਜ਼ਬੂਤੀਕਰਨ ਦੇ ਕੰਮ ਸਮੇਤ ਨਵੀਂ ਲਿਫ਼ਟ ਦਾ ਉਦਘਾਟਨ ਕੀਤਾ।
ਇਸ ਮੌਕੇ ਸ੍ਰੀਮਤੀ ਪ੍ਰਨੀਤ ਕੌਰ ਨੇ ਕਿਹਾ ਕਿ ਵਕੀਲ ਅਤੇ ਡਾਕਟਰ ਸਾਡੇ ਸਮਾਜ ਦਾ ਇੱਕ ਅਜਿਹਾ ਅੰਗ ਹਨ, ਜਿਨ੍ਹਾਂ ਦੀ ਲੋੜ ਹਰੇਕ ਵਿਅਕਤੀ ਨੂੰ ਕਿਸੇ ਨਾ ਕਿਸੇ ਰੂਪ ‘ਚ ਜਰੂਰ ਪੈਂਦੀ ਹੈ, ਇਸ ਲਈ ਪੰਜਾਬ ਸਰਕਾਰ ਨੇ ਪਟਿਆਲਾ ਦੇ ਵਕੀਲਾਂ ਦੇ ਚੈਂਬਰਾਂ ਲਈ ਬਣਦੀਆਂ ਸਹੂਲਤਾਂ ਪ੍ਰਦਾਨ ਕਰਕੇ ਆਪਣਾ ਫ਼ਰਜ਼ ਨਿਭਾਇਆ ਹੈ। ਉਨ੍ਹਾਂ ਨੇ ਯਾਦਵਿੰਦਰਾ ਲਾਇਰਸ ਕੰਪਲੈਕਸ ਲਈ 34 ਲੱਖ ਰੁਪਏ ਦੀ ਗ੍ਰਾਂਟ ਦੇਣ ਲਈ ਮੁੱਖ ਮੰਤਰੀ ਦਾ ਵਿਸ਼ੇੇਸ਼ ਧੰਨਵਾਦ ਕਰਦਿਆਂ ਦੱਸਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪਟਿਆਲਾ ਸ਼ਹਿਰ ਸਮੇਤ ਰਾਜ ਦੇ ਸਰਬਪੱਖੀ ਵਿਕਾਸ ਲਈ ਬਿਨ੍ਹਾਂ ਵਿਤਕਰੇ ਦੇ ਗਾਂਟਾਂ ਜਾਰੀ ਕੀਤੀਆਂ ਹਨ।
ਸ੍ਰੀਮਤੀ ਪ੍ਰਨੀਤ ਕੌਰ ਨੇ ਦੱਸਿਆ ਕਿ ਜ਼ਿਲ੍ਹਾ ਕਚਿਹਰੀਆਂ ਦੇ ਸਾਹਮਣੇ ਰਾਜਿੰਦਰਾ ਝੀਲ ਨੂੰ ਖ਼ੂਬਸੂਰਤ ਬਣਾਉਣ ਲਈ ਮੁੱਖ ਮੰਤਰੀ ਨੇ 5.4 ਕਰੋੜ ਰੁਪਏ ਅਤੇ ਮੁਸਾਫ਼ਿਰ ਮੈਮੋਰੀਅਲ ਸੈਂਟਰਲ ਸਟੇਟ ਲਾਇਬਰੇਰੀ ਦੇ ਨਵੀਨੀਕਰਨ ਲਈ 1.5 ਕਰੋੜ ਰੁਪਏ ਜਾਰੀ ਕੀਤੇ ਹਨ। ਉਨ੍ਹਾਂ ਕਿਹਾ ਕਿ ਹੋਰ ਅਨੇਕਾਂ ਵਿਕਾਸ ਕੰਮਾਂ ਤੋਂ ਇਲਾਵਾ ਪਟਿਆਲਾ ਸ਼ਹਿਰ ‘ਚ ਸਰਕਾਰੀ ਰਾਜਿੰਦਰਾ ਹਸਪਤਾਲ ਦੇ ਨਵੀਨੀਕਰਨ ਅਤੇ ਲੋਕਾਂ ਨੂੰ ਪੀਣ ਵਾਲੇ ਨਹਿਰੀ ਪਾਣੀ ਦਾ ਪ੍ਰਾਜੈਕਟ ਦਾ ਕੰਮ ਵੀ ਸ਼ੁਰੂ ਕਰਵਾਇਆ ਗਿਆ ਹੈ।
ਇਸ ਮੌਕੇ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਐਡਵੋਕੇਟ ਜਤਿੰਦਰਪਾਲ ਸਿੰਘ ਘੁਮਾਣ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸੰਸਦ ਮੈਂਬਰ ਸ੍ਰੀਮਤੀ ਪ੍ਰਨੀਤ ਕੌਰ ਦਾ ਵਿਸ਼ੇਸ਼ ਧੰਨਵਾਦ ਕੀਤਾ।
ਐਡਵੋਕੇਟ ਘੁਮਾਣ ਨੇ ਦੱਸਿਆ ਕਿ ਪਟਿਆਲਾ ਜ਼ਿਲ੍ਹਾ ਕਚਿਹਰੀਆਂ ਵਿਖੇ ਯਾਦਵਿੰਦਰਾ ਕੰਪਲੈਕਸ ਦੇ ਨਵੀਨੀਕਰਨ ਲਈ ਮੁੱਖ ਮੰਤਰੀ ਨੇ ਆਪਣੇ ਕੋਟੇ ‘ਚੋਂ ਗ੍ਰਾਂਟ ਭੇਜੀ ਸੀ, ਜਿਸ ਦਾ ਕੰਮ ਪੰਚਾਇਤੀ ਰਾਜ ਵੱਲੋਂ ਮੁਕੰਮਲ ਕਰਵਾ ਕੇ ਇੱਥੇ 16 ਬਾਥਰੂਮ ਤੇ ਇੱਕ ਨਵੀਂ ਲਿਫ਼ਟ ਲਗਾਈ ਗਈ ਹੈ।
ਇਸ ਦੌਰਾਨ ਸੀਨੀਅਰ ਐਡਵੋਕੇਟਸ ਐਨ.ਪੀ.ਐਸ ਵੜੈਚ, ਆਰ. ਐਨ ਕੌਸ਼ਲ, ਦਿਨੇਸ਼ ਬਾਤਿਸ਼, ਸੁਮੇਸ਼ ਜੈਨ, ਨਰਿੰਦਰ ਕਪੂਰ, ਜੌਹਨਪਾਲ ਸਿੰਘ, ਰਵਿੰਦਰ ਕੌਸ਼ਲ, ਗਗਨਦੀਪ ਗੋਸਲ, ਪ੍ਰਭਜੋਤ ਸਿੰਘ ਆਹਲੂਵਾਲੀਆ, ਅਮਨ ਮਾਥੁਰ, ਪਟਿਆਲਾ ਬਾਰ ਐਸੋਸੀਏਸ਼ਨ ਦੇ ਸਕੱਤਰ ਅਵਨੀਤ ਸਿੰਘ ਬਲਿੰਗ, ਵਾਈਸ ਪ੍ਰਧਾਨ ਦੀਪਕ ਮਦਾਨ, ਸੰਯੁਕਤ ਸਕੱਤਰ ਵਿਕਰਮ ਸਿੰਘ ਬਰਾੜ, ਖ਼ਜ਼ਾਨਚੀ ਉਮੇਸ਼ ਗੋਇਲ ਤੇ ਲਾਇਬਰੇਰੀ ਇੰਚਾਰਜ ਹਰਪ੍ਰੀਤ ਸਿੰਘ ਵੀ ਮੌਜੂਦ ਸਨ। ਸਮੁੱਚੀ ਬਾਰ ਐਸੋਸੀਏਸ਼ਨ ਦੇ ਮੈਂਬਰ ਵਕੀਲਾਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸੰਸਦ ਮੈਂਬਰ ਸ੍ਰੀਮਤੀ ਪ੍ਰਨੀਤ ਕੌਰ ਦਾ ਧੰਨਵਾਦ ਕਰਦਿਆਂ ਸੰਸਦ ਮੈਂਬਰ ਨੂੰ ਸਨਮਾਨਤ ਕੀਤਾ।
ਸਮਾਰੋਹ ਮੌਕੇ ਸੂਚਨਾ ਕਮਿਸ਼ਨਰ ਅੰਮ੍ਰਿਤ ਪ੍ਰਤਾਪ ਸਿੰਘ ਸੇਖੋਂ, ਪੀ.ਆਰ.ਟੀ.ਸੀ. ਦੇ ਚੇਅਰਮੈਨ ਕੇ.ਕੇ. ਸ਼ਰਮਾ, ਨਗਰ ਨਿਗਮ ਦੇ ਮੇਅਰ ਸੰਜੀਵ ਸ਼ਰਮਾ, ਸੀਵਰੇਜ ਤੇ ਜਲ ਸਪਲਾਈ ਬੋਰਡ ਦੇ ਸੀਨੀਅਰ ਵਾਈਸ ਚੇਅਰਮੈਨ ਵੇਦ ਕਪੂਰ, ਸ਼ਹਿਰੀ ਕਾਂਗਰਸ ਪ੍ਰਧਾਨ ਕੇ.ਕੇ. ਮਲਹੋਤਰਾ, ਸੁਰਿੰਦਰ ਸਿੰਘ ਘੁੰਮਣ, ਕੌਂਸਲਰ ਹਰਵਿੰਦਰ ਸਿੰਘ ਨਿੱਪੀ, ਅਤੁਲ ਜੋਸ਼ੀ, ਨਰੇਸ਼ ਦੁੱਗਲ, ਐਡਵੋਕੇਟ ਹਰਵਿੰਦਰ ਸ਼ੁਕਲਾ, ਸੰਦੀਪ ਮਲਹੋਤਰਾ, ਯੂਥ ਕਾਂਗਰਸ ਪ੍ਰਧਾਨ ਅਨੁਜ ਖੋਸਲਾ ਅਤੇ ਵੱਡੀ ਗਿਣਤੀ ਐਡਵੋਕੇਟਸ ਵੀ ਮੌਜੂਦ ਸਨ।
*********