ਪ੍ਰਧਾਨ ਮੰਤਰੀ ਸੁਰਕਸ਼ਿਤ ਮਾਤਿ੍ਰਤਵ ਅਭਿਆਨ ਤਹਿਤ ਲਗਾਇਆ ਮੈਡੀਕਲ ਜਾਂਚ ਕੈਂਪ
ਪ੍ਰਧਾਨ ਮੰਤਰੀ ਸੁਰਕਸ਼ਿਤ ਮਾਤਿ੍ਰਤਵ ਅਭਿਆਨ ਤਹਿਤ ਲਗਾਇਆ ਮੈਡੀਕਲ ਜਾਂਚ ਕੈਂਪ
ਪਰਦੀਪ ਕਸਬਾ ,ਸੰਗਰੂਰ, 23 ਫ਼ਰਵਰੀ 2022
ਸਿਵਲ ਹਸਪਤਾਲ ਸੰਗਰੂਰ ਵਿਖੇ ਅੱਜ ਪ੍ਰਧਾਨ ਮੰਤਰੀ ਸੁਰੱਖਿਅਤ ਮਾਤਿ੍ਰਤਵ ਅਭਿਆਨ (ਪੀ.ਐਮ.ਐਸ.ਐਮ.ਏ.) ਤਹਿਤ ਮੈਡੀਕਲ ਜਾਂਚ ਕੈਂਪ ਲਗਾਇਆ ਗਿਆ। ਇਸ ਕੈਂਪ ਵਿਚ ਗਰਭਵਤੀ ਔਰਤਾਂ ਦਾ ਮੈਡੀਕਲ ਚੈੱਕਅਪ ਕੀਤਾ ਗਿਆ।
ਡਾ. ਪਰਮਿੰਦਰ ਕੌਰ ਨੇ ਦੱਸਿਆ ਕਿ ਕੈਂ ਪ ਦੌਰਾਨ ਗਰਭਵਤੀ ਔਰਤਾਂ ਦਾ ਐਚ. ਬੀ., ਸ਼ੂਗਰ, ਬਲੱਡ ਪ੍ਰੈਸ਼ਰ, ਭਾਰ ਦੇਖਣ ਦੇ ਨਾਲ ਨਾਲ ਟੈਟਨਸ ਦੇ ਟੀਕੇ ਵੀ ਲਗਾਏ ਗਏ। ਉਨਾਂ ਦੱਸਿਆ ਕਿ ਇਸ ਦੌਰਾਨ ਉਨਾਂ ਨੂੰ ਆਇਰਨ ਤੇ ਫੋਲਿਕ ਐਸਿਡ ਦੀਆਂ ਗੋਲੀਆਂ ਵੀ ਮੁਫਤ ਦਿੱਤੀਆਂ ਗਈਆਂ। ਉਨਾਂ ਕਿਹਾ ਕਿ ਇਸ ਦੇ ਇਲਾਵਾ ਬੱਚੇ ਦੀ ਗਰਭ ‘ਚ ਸਥਿਤੀ, ਮਾਂ ਦਾ ਕੱਦ ਅਤੇ ਭਾਰ ਅਨੁਸਾਰ ਉਨਾਂ ਨੂੰ ਹਾਈ ਰਿਸਕ ਮਾਵਾਂ ਦੀ ਸੂਚੀ ਵਿਚ ਵੀ ਦਰਜ ਕੀਤਾ ਗਿਆ। ਉਨਾਂ ਕਿਹਾ ਕਿ ਹਾਈ ਰਿਸਕ ਸੂਚੀ ਵਾਲੀਆਂ ਮਾਵਾਂ ਦਾ ਵਿਸ਼ੇਸ਼ ਖਿਆਲ ਰੱਖਿਆ ਜਾਂਦਾ ਹੈ।
ਸਿਵਲ ਸਰਜਨ ਨੇ ਕਿਹਾ ਕਿ ਇਸ ਮੌਕੇ ਗਰਭਵਤੀ ਮਾਵਾਂ ਨੂੰ ਜਣੇਪਾ ਸਰਕਾਰੀ ਸਿਹਤ ਸੰਸਥਾਵਾਂ ਵਿਖੇ ਕਰਾਉਣ ਲਈ ਪ੍ਰੇਰਿਤ ਕੀਤਾ ਗਿਆ। ਇਸ ਦੇ ਨਾਲ ਹੀ ਗਰਭਵਤੀ ਔਰਤਾਂ ਦੇ ਪੌਸ਼ਟਿਕ ਖਾਣ ਪੀਣ, ਕਸਰਤ ਕਰਨ ਅਤੇ ਜਣੇਪੇ ਤੋਂ ਬਾਅਦ ਬੱਚਿਆਂ ਨੂੰ ਮਾਰੂ ਬਿਮਾਰੀਆਂ ਤੋਂ ਬਚਾਓ ਦੇ ਟੀਕੇ ਲਗਾਉਣ ਲਈ ਵੀ ਜਾਗਰੂਕ ਕੀਤਾ ਗਿਆ। ਇਸ ਦੌਰਾਨ ਡਾ. ਪਰਮਿੰਦਰ ਕੌਰ ਨੇ ਕੋਵਿਡ 19 ਟੀਕੇ ਤੋਂ ਵਾਂਝੀਆਂ ਰਹਿ ਗਈਆਂ ਗਰਭਵਤੀ ਔਰਤਾਂ ਨੂੰ ਟੀਕਾਕਰਨ ਲਗਵਾਉਣ ਲਈ ਵੀ ਅਪੀਲ ਕੀਤੀ।