ਪੇਂਟਿੰਗ ਮੁਕਾਬਲੇ ਵਿੱਚ ਲਹਿਰਾ ਧੂਰਕੋਟ ਸਕੂਲ ਨੇ ਰਾਜ ਪੱਧਰ ਤੇ ਝੰਡੇ ਗੱਡੇ
ਪੇਂਟਿੰਗ ਮੁਕਾਬਲੇ ਵਿੱਚ ਲਹਿਰਾ ਧੂਰਕੋਟ ਸਕੂਲ ਨੇ ਰਾਜ ਪੱਧਰ ਤੇ ਝੰਡੇ ਗੱਡੇ
- ਕਮਲਜੀਤ ਕੌਰ ਪੇਂਟਿੰਗ ਮੁਕਾਬਲਿਆਂ ਵਿੱਚ ਪੰਜਾਬ ਭਰ ਚੋਂ ਮੋਹਰੀ
- ਅੱਠ ਹਜ਼ਾਰ ਇਨਾਮੀ ਰਾਸ਼ੀ ਜਿੱਤਣ ਵਾਲਾ ਲਹਿਰਾ ਧੂਰਕੋਟ ਸਕੂਲ ਬਣਿਆ ਪੰਜਾਬ ਦਾ ਇਕਲੌਤਾ ਸਰਕਾਰੀ ਸਕੂਲ
- ਕਮਲਜੀਤ ਕੌਰ ਅੱਠ ਹਜ਼ਾਰ ਦਾ ਇਨਾਮ ਹਾਸਿਲ ਕਰਨ ਵਾਲੀ ਇਕਲੌਤੀ ਸਰਕਾਰੀ ਸਕੂਲ ਵਿਦਿਆਰਥਣ
ਅਸ਼ੋਕ ਵਰਮਾ, ਬਠਿੰਡਾ,8 ਜਨਵਰੀ 2022
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲਹਿਰਾ ਧੂਰਕੋਟ ਨੇ ਊਰਜਾ ਮੰਤਰਾਲਾ ਭਾਰਤ ਸਰਕਾਰ ਅਤੇ ਡਾਇਰੈਕਟਰ ਐੱਸ ਸੀ ਈ ਆਰ ਟੀ ਸਿੱਖਿਆ ਵਿਭਾਗ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਆਯੋਜਿਤ ਪੇਂਟਿੰਗ ਮੁਕਾਬਲਿਆਂ ਵਿੱਚ ਝੰਡੇ ਗੱਡੇ ਹਨ।ਇਨ੍ਹਾਂ ਮੁਕਾਬਲਿਆਂ ਦਾ ਆਯੋਜਨ ਸਕੂਲ ਪੱਧਰ ਤੋਂ ਰਾਜ ਪੱਧਰ ਤੱਕ ਪਹੁੰਚੇ ਵਿਦਿਆਰਥੀਆਂ ਲਈ ਕਰੋਨਾ ਕਾਰਨ ਚੰਡੀਗੜ੍ਹ ਦੀ ਬਜਾਏ ਪੰਜਾਬ ਵਿੱਚ ਚਾਰ ਵੱਡੇ ਸ਼ਹਿਰਾਂ ਵਿੱਚ ਕੀਤਾ ਗਿਆ।ਇਸ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਪ੍ਰਾਈਵੇਟ,ਏਡਿਡ ਅਤੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੇ ਭਾਗ ਲਿਆ ਜਿਨ੍ਹਾਂ ਵਿੱਚੋਂ ਦਸ ਸਰਵੋਤਮ ਵਿਦਿਆਰਥੀ ਸੂਬੇ ਵਿੱਚੋਂ ਜੇਤੂ ਐਲਾਨੇ ਗਏ।ਕਮਲਜੀਤ ਕੌਰ ਪੁੱਤਰੀ ਛਿੰਦਾ ਸਿੰਘ ਅਤੇ ਮਨਜੀਤ ਕੌਰ ਇਹ ਪ੍ਰਾਪਤੀ ਹਾਸਿਲ ਕਰਨ ਅਤੇ ਅੱਠ ਹਜ਼ਾਰ ਰੁਪਏ ਦਾ ਇਨਾਮ ਪ੍ਰਾਪਤ ਕਰਨ ਵਾਲੀ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚੋਂ ਇਕਲੌਤੀ ਵਿਦਿਆਰਥਣ ਬਣੀ ਹੈ।ਉਸਨੂੰ ਤਿਆਰੀ ਕਰਵਾਕੇ ਰਾਜ ਪੱਧਰ ਤੱਕ ਭਾਗ ਦਵਾਉਣ ਵਾਲੇ ਅਧਿਆਪਕ ਗੁਰਵਿੰਦਰ ਸਿੰਘ ਸਿੱਧੂ ਨੇ ਕਿਹਾ ਕਿ ਇੱਕ ਅਤਿ ਗਰੀਬ ਪਰਿਵਾਰ ਦੀ ਇਸ ਹੋਣਹਾਰ ਵਿਦਿਆਰਥਣ ਨੇ ਸਾਧਨਾਂ ਦੀ ਥੁੜ੍ਹ ਅਤੇ ਅਨੇਕਾਂ ਔਕੜਾਂ ਵਿੱਚੋਂ ਲੰਘਦਿਆਂ ਮਾਣਮੱਤੀ ਸਫ਼ਲਤਾ ਹਾਸਿਲ ਕਰਕੇ ਮਾਪਿਆਂ, ਸਕੂਲ, ਪਿੰਡ ਅਤੇ ਜ਼ਿਲੇ ਦਾ ਨਾਂਅ ਰੌਸ਼ਨ ਕੀਤਾ ਹੈ। ਡਿਪਟੀ ਡਾਇਰੈਕਟਰ ਐਚ.ਆਰ.ਡੀ ਰਵਿੰਦਰ ਸਿੰਘ ਨੇ ਕਿਹਾ ਕਿ ਕੋਵਿਡ ਪਾਬੰਦੀਆਂ ਵਿੱਚ ਢਿੱਲ ਹੋਣ ਤੇ ਚੰਡੀਗੜ੍ਹ ਵਿਖੇ ਸਮਾਗਮ ਕਰ ਕੇ ਜੇਤੂ ਬੱਚਿਆਂ ਨੂੰ ਸਰਟੀਫ਼ਿਕੇਟ ਅਤੇ ਕਿੱਟ ਨਾਲ਼ ਸਨਮਾਨਿਤ ਕੀਤਾ ਜਾਵੇਗਾ ਜਦਕਿ ਇਨਾਮੀ ਰਾਸ਼ੀ ਬੈੰਕ ਖਾਤੇ ਵਿੱਚ ਜਮ੍ਹਾਂ ਕਰਵਾ ਦਿੱਤੀ ਹੈ। ਜ਼ਿਲ੍ਹਾ ਸਿੱਖਿਆ ਅਫ਼ਸਰ ਮੇਵਾ ਸਿੰਘ ਸਿੱਧੂ,ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਇਕਬਾਲ ਸਿੰਘ ਬੁੱਟਰ ਅਤੇ ਭੁਪਿੰਦਰ ਕੌਰ ਨੇ ਬੱਚੀ ਕਮਲਦੀਪ ਅਤੇ ਮਾ.ਗੁਰਵਿੰਦਰ ਸਿੱਧੂ ਨੂੰ ਵਧਾਈ ਦਿੰਦਿਆ ਕਿਹਾ ਕਿ ਦੋਵਾਂ ਨੂੰ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਜਾਵੇਗਾ।ਉਨ੍ਹਾਂ ਕਿਹਾ ਕਿ ਗੁਰਵਿੰਦਰ ਸਿੰਘ ਇੱਕ ਮਿਹਨਤੀ ਅਧਿਆਪਕ ਨੇ ਜਿਨ੍ਹਾਂ ਦੇ ਟਰੇਂਡ ਕੀਤੇ ਵਿਦਿਆਰਥੀ ਹਰ ਸਾਲ ਹੀ ਪੁਜੀਸ਼ਨਾਂ ਹਾਸਿਲ ਕਰਦੇ ਹਨ।ਇਸਤੋਂ ਇਲਾਵਾ ਸਰਪੰਚ ਜਸਪਾਲ ਰਾਮ ਲਹਿਰਾ ਧੂਰਕੋਟ,ਪ੍ਰਿੰ.ਹਰਨੇਕ ਸਿੰਘ,ਇੰਚਾਰਜ ਪ੍ਰਿੰ.ਨਰਿੰਦਰ ਕੁਮਾਰ,ਦਰਸ਼ਨ ਕੌਰ ਬਰਾੜ,ਸੁਖਪਾਲ ਪਾਲੀ,ਹੈਪੀ ਸਿੰਘ ਐੱਸ.ਐਮ.ਸੀ,ਮਨੀ ਸਿੱਧੂ ਆਦਿ ਮੋਹਤਬਰਾਂ ਤੋਂ ਇਲਾਵਾ ਸਮੂਹ ਸਟਾਫ਼ ਨੇ ਖੁਸ਼ੀ ਦਾ ਇਜ਼ਹਾਰ ਕੀਤਾ।