ਹਰਿੰਦਰ ਨਿੱਕਾ , ਬਰਨਾਲਾ 6 ਅਗਸਤ 2023
ਜਿੰਨ੍ਹਾਂ ਦੇ ਜੰਮਣ ਤੇ ਘਰ ਨਿੰਮ ਬੰਨ੍ਹ ਕੇ ਚਾਅ ਮਲਾਰ ਕੀਤੇ ‘ਤੇ ਪਾਲ ਪਲੋਸ ਕੇ ਵੱਡਾ ਕੀਤਾ, ਉਨ੍ਹਾਂ ਪੱਤਾਂ ਨੇ ਹੀ ਬੇਰਹਿਮੀ ਨਾਲ ਉਸ ਨੂੰ ਸਦਾ ਲਈ ਜਹਾਨੋ ਤੋਰ ਦਿੱਤਾ। ਰਿਸ਼ਤਿਆਂ ਨੂੰ ਸ਼ਰਮਸਾਰ ਕਰਨ ਵਾਲਾ, ਅਜਿਹਾ ਕਾਰਾ, ਥਾਣਾ ਸਦਰ ਬਰਨਾਲਾ ਦੇ ਪਿੰਡ ਝਲੂਰ ਵਿਖੇ ਵਾਪਰਿਆ। ਹੁਣ ਆਪਣੇ ਪਿਉ ਦੇ ਹੱਤਿਆਰਿਆਂ ਨੂੰ ਸਲਾਖਾਂ ਪਿੱਛੇ ਭੇਜਣ ਲਈ, ਧੀ ਅੱਗੇ ਆਈ ਹੈ। ਪੁਲਿਸ ਨੇ ਮ੍ਰਿਤਕ ਦੀ ਧੀ ਦੇ ਬਿਆਨ ਪਰ, ਦੋਵਾਂ ਦੋਸ਼ੀਆਂ ਖਿਲਾਫ ਹੱਤਿਆ ਦਾ ਕੇਸ ਦਰਜ ਕਰਕੇ,ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਕੀ ਹੋਇਆ ਤੇ ਕਿੱਦਾਂ ਹੋਇਆ,,,
ਪੁਲਿਸ ਨੂੰ ਦਿੱਤੇ ਬਿਆਨ ‘ਚ ਕੁਲਦੀਪ ਕੌਰ ਉਰਫ ਰਾਜ ਪਤਨੀ ਸਤਨਾਮ ਸਿੰਘ ਵਾਸੀ ਰਮਦਾਸੀਆ ਪੱਤੀ ਸ਼ੇਰਗੜ੍ਹ ਚੀਮਾ ,ਥਾਣਾ ਸੰਦੌੜ , ਜਿਲ੍ਹਾ ਮਲੇਕੋਟਲਾ ਨੇ ਦੱਸਿਆ ਕਿ ਅਸੀ ਛੇ ਭੈਣ, ਭਰਾ ਹਾਂ ਮੇਰਾ ਪਿਤਾ ਰਾਮ ਸਿੰਘ ਅਮ੍ਰਿਤਧਾਰੀ ਹੋਣ ਕਰਕੇ ਮੇਰੇ ਭਰਾ ਗੁਰਪ੍ਰੀਤ ਸਿੰਘ ਅਤੇ ਅਮਰ ਸਿੰਘ ਨੂੰ ਸਰਾਬ ਪੀਣ ਤੋਂ ਰੋਕਦਾ ਰਹਿੰਦਾ ਸੀ । ਇਸੇ ਗੱਲ ਨੂੰ ਲੈ ਕੇ ਦੋਵੇਂ ਜਣੇ ਮੇਰੇ ਪਿਤਾ ਰਾਮ ਸਿੰਘ ਨਾਲ ਲੜਾਈ ਝਗੜਾ ਕਰਦੇ ਰਹਿੰਦੇ ਸਨ। ਗੁਰਪ੍ਰੀਤ ਸਿੰਘ ਅਤੇ ਅਮਰ ਸਿੰਘ ਸਵੇਰ ਤੋਂ ਹੀ ਸਰਾਬ ਪੀ ਕੇ ਮੇਰੇ ਪਿਤਾ ਨਾਲ ਲੜਾਈ ਝਗੜਾ ਕਰ ਰਹੇ ਸਨ । ਵਕਤ ਕਰੀਬ 6 ਕੁ ਵਜੇ ਸ਼ਾਮ ਨੂੰ ਜਦੋਂ ਮੇਰਾ ਪਿਤਾ ਘਰ ਆਇਆ ਤਾਂ ਸਾਡੇ ਦੇਖਦੇ-ਦੇਖਦੇ ਹੀ ਮੇਰੇ ਭਰਾਵਾਂ ਗੁਰਪ੍ਰੀਤ ਸਿੰਘ ਜਿਸ ਦੇ ਹੱਥ ਵਿੱਚ ਕੁਲਹਾੜੀ ਲੋਹਾ ਅਤੇ ਅਮਰ ਸਿੰਘ ਜਿਸ ਪਾਸ ਲੱਕੜ ਦਾ ਡੰਡਾ ਫੜਿਆ ਹੋਇਆ ਸੀ ਨੇ ਮੇਰੇ ਪਿਤਾ ਰਾਮ ਸਿੰਘ ਪਰ ਵਾਰ ਕਰਨੇ ਸ਼ੁਰੂ ਕਰ ਦਿੱਤੇ। ਮੇਰੇ ਭਰਾਵਾਂ ਵੱਲੋਂ ਮੇਰੇ ਪਿਤਾ ਦੀ ਬੇਰਹਿਮੀ ਨਾਲ ਕੀਤੀ ਕੁੱਟ ਮਾਰ ਕਾਰਣ, ਉਸ ਦੇ ਸਿਰ ਵਿੱਚ ਕਾਫੀ ਸੱਟਾ ਲੱਗੀਆਂ। ਜਿਸ ਨੂੰ ਇਲਾਜ ਲਈ ਸਿਵਲ ਹਸਪਤਾਲ ਬਰਨਾਲਾ ਵਿਖੇ ਦਾਖਿਲ ਕਰਵਾਇਆ। ਆਖਿਰ ਉਹ ਜਖਮਾਂ ਦੀ ਤਾਬ ਨਾ ਝੱਲਦੇ ਹੋਏ ਦਮ ਤੋੜ ਗਿਆ।
ਮਾਮਲੇ ਦੇ ਤਫਤੀਸ਼ ਅਧਿਕਾਰੀ ਏ.ਐਸ.ਆਈ. ਗੁਰਤੇਜ ਸਿੰਘ ਨੇ ਦੱਸਿਆ ਕਿ ਕੁਲਦੀਪ ਕੌਰ ਉਰ ਰਾਜ ਦੇ ਬਿਆਨ ਪਰ, ਨਾਮਜਦ ਦੋਸ਼ੀ ਗੁਰਪ੍ਰੀਤ ਸਿੰਘ ਅਤੇ ਅਮਰ ਸਿੰਘ ਦੇ ਖਿਲਾਫ ਥਾਣਾ ਸਦਰ ਬਰਨਾਲਾ ਵਿਖੇ ਅਧੀਨ ਜੁਰਮ 302/34/341/506 ਆਈ.ਪੀ.ਸੀ. ਤਹਿਤ ਕੇਸ ਦਰਜ ਕਰਕੇ,ਦੋਸ਼ੀ ਗੁਰਪ੍ਰੀਤ ਸਿੰਘ ਨੂੰ ਗਿਰਫਤਾਰ ਕਰ ਲਿਆ ‘ਤੇ ਦੋਸ਼ੀ ਅਮਰ ਸਿੰਘ ਨੂੰ ਵੀ ਜਲਦ ਹੀ ਗਿਰਫਤਾਰ ਕਰ ਲਿਆ ਜਾਵੇਗਾ।