ਪੁਲਿਸ ਅਤੇ ਦਲਿਤ ਭਿੜੇ- ਜੰਗ ਦਾ ਅਖਾੜਾ ਬਣੀ ਤਹਿਸੀਲ ਕੰਪਲੈਕਸ਼ ਦੇ ਸਾਹਮਣੇ ਪਈ ਜਗ੍ਹਾ
ਟਕਰਾਉ ‘ਚ ਐਸ.ਐਚ.ਓ ਤਪਾ ਅਤੇ ਇੱਕ ਦਲਿਤ ਔਰਤ ਜਖਮੀ ,ਪੁਲਿਸ ਦੀ ਗੱਡੀ ਤੇ ਵੀ ਕੀਤਾ ਪਥਰਾਅ
ਪੁਲਿਸ ਛਾਉਣੀ ‘ਚ ਬਦਲਿਆ ਇਲਾਕਾ, ਹਾਲਤ ਤਣਾਅਪੂਰਨ
ਬੀ.ਟੀ.ਐਨ , ਤਪਾ ਮੰਡੀ 29 ਦਸੰਬਰ 2021
ਇੱਥੋਂ ਦੇ ਤਹਿਸੀਲ ਕੰਪਲੈਕਸ਼ ਦੇ ਸਾਹਮਣੇ ਬੇਆਬਾਦ ਪਈ ਜਗ੍ਹਾ ਨੂੰ ਲੈ ਕੇ ਦਲਿਤ ਸਮਾਜ ਅਤੇ ਪੁਲਿਸ ਪ੍ਰਸ਼ਾਸਨ ਵਿੱਚ ਜਬਰਦਸਤ ਟਕਰਾਉ ਹੋਇਆ। ਤਣਾਅਪੂਰਣ ਹਾਲਤ ਤੇ ਕਾਬੂ ਪਾਉਣ ਲਈ ਪੁਲਿਸ ਨੇ ਹਲਕਾ ਲਾਠੀਚਾਰਜ ਕੀਤਾ,ਜਦੋਂਕਿ ਦਲਿਤ ਸਮਾਜ ਦੇ ਲੋਕਾਂ ਨੇ ਲਾਠੀਚਾਰਜ ਦਾ ਜੁਆਬ ਪੱਥਰਾਂ ਦੀ ਬਾਰਿਸ਼ ਕਰਕੇ ਦਿੱਤਾ। ਲੋਕਾਂ ਨੂੰ ਭਜਾਉਣ ਲਈ ਪੁਲਿਸ ਨੇ ਹਵਾਈ ਫਾਇਰ ਵਖੀ ਕੀਤੇ। ਪੁਲਿਸ ਅਤੇ ਦਲਿਤ ਵਰਗ ਦਰਮਿਆਨ ਹੋਏ ਟਕਰਾਉ ਵਿੱਚ ਥਾਣਾ ਤਪਾ ਦਾ ਐਸ.ਐਚ.ਉ ਅਤੇ ਇੱਕ ਦਲਿਤ ਔਰਤ ਵੀ ਜਖਮੀ ਹੋ ਗਈ। ਖਬਰ ਲਿਖੇ ਜਾਣ ਤੱਕ ਹਾਲਤ ਤਣਾਅਪੂਰਣ ਪਰੰਤੂ ਕਾਬੂ ਹੇਠ ਦੱਸੇ ਜਾ ਰਹੇ ਹਨ। ਪੁਲਿਸ ਨੇ ਝਗੜੇ ਵਾਲੀ ਥਾਂ ਨੂੰ ਪੁਲਿਸ ਛਾਉਣੀ ਵਿੱਚ ਤਬਦੀਲ ਕਰ ਦਿੱਤਾ ਹੈ। ਸਿਵਲ ਹਸਪਤਾਲ ‘ਚ ਦਾਖਿਲ ਰਾਣੀ ਕੌਰ ਪਤਨੀ ਸੁਖਵਿੰਦਰ ਸਿੰਘ ਵਾਸੀ ਤਪਾ ਨੇ ਦੱਸਿਆ ਕਿ ਇਸ ਜਗ੍ਹਾ ‘ਤੇ ਕਈ ਦਿਨਾਂ ਤੋਂ ਸ੍ਰੀ ਨਿਸ਼ਾਨ ਸਾਹਿਬ ਲਾ ਕੇ ਲੰਗਰ ਅਤੇ ਪਾਠ ਦਾ ਪ੍ਰਵਾਹ ਚੱਲ ਰਿਹਾ ਸੀ। ਅੱਜ ਅਚਾਣਕ ਹੀ ਕਰੀਬ 12.30 ਕੁ ਵਜੇ ਦਲਿਤ ਸਮਾਜ਼ ਦੇ ਲੋਕ ਸ਼ਾਂਤਮਈ ਬੈਠੇ ਸੀ ਤਾਂ ਪੁਲਿਸ ਨੇ ਆ ਕੇ ਸੜਕ ਵਾਲੇ ਪਾਸਿਉਂ ਪਰਦੇ ਪਰਦੇ ਹਟਾਉਣ ਲਈ ਕਿਹਾ। ਜਦੋਂਕਿ ਲੋਕਾਂ ਨੇ ਦੱਸਿਆ ਕਿ ਗੁਰੂ ਦਾ ਲੰਗਰ ਚੱਲਦਾ ਹੋਣ ਕਾਰਣ, ਪਰਦਾ ਲਗਾਇਆ ਗਿਆ ਹੈ।
4/5 ਵਿਅਕਤੀਆਂ ਨੂੰ ਪੁਲਿਸ ਨੇ ਹਿਰਾਸਤ ਵਿੱਚ ਲਿਆ ਤਾਂ,,,
ਮੌਕੇ ਤੋਂ ਇਕੱਤਰ ਜਾਣਕਾਰੀ ਅਨੁਸਾਰ ਪੁਲਿਸ ਦਲਿਤ ਸਮਾਜ ਦੇ 4-5 ਵਿਅਕਤੀਆਂ ਨੂੰ ਗੱਡੀ ‘ਚ ਬਿਠਾ ਕੇ ਨਜਾਇਜ ਤੌਰ ਤੇ ਹਿਰਾਸਤ ਵਿੱਚ ਲੈ ਗਈ ਅਤੇ ਜਗ੍ਹਾ ਨੂੰ ਖਾਲੀ ਕਰਨ ਦਾ ਦਬਾਅ ਪਾਉਣ ਦੀ ਕੋਸ਼ਿਸ਼ ਕੀਤੀ । ਜਿਸ ਤੋਂ ਬਾਅਦ ਗੁੱਸੇ ਵਿੱਚ ਆਏ ਦਲਿਤ ਭਾਈਚਾਰੇ ਵੱਲੋਂ ਪੁਲਿਸ ਤੇ ਪਥਰਾਅ ਕਰ ਦਿੱਤਾ । ਪੁਲਿਸ ਨੇ ਵੀ ਲੋਕਾਂ ਦੇ ਹਮਲੇ ਦਾ ਜੁਆਬ ਦਿੰਦਿਆਂ ਲੋਕਾਂ ਨੂੰ ਖਦੇੜਣ ਲਈ ਹਲਕਾ ਲਾਠੀਚਾਰਜ ਕਰ ਦਿੱਤਾ ਅਤੇ ਪੁਲਿਸ ਵਲੋਂ ਆਪਣਾ ਬਚਾਅ ਲਈ ਮੌਕੇ ਤੇ ਹਵਾਈ ਫਾਇਰ ਵੀ ਕੀਤੇ। ਜਦੋਂ ਕਿ ਪੁਲਿਸ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਲੋਕਾਂ ਵੱਲੋਂ ਚਲਾਏ ਇੱਟਾਂ ਰੋੜਿਆਂ ਕਾਰਣ ਤਪਾ ਥਾਣੇ ਦਾ ਐਸ.ਐਚ.ਓ ਗੁਰਲਾਲ ਸਿੰਘ ਲੋਕਾਂ ਦੇ ਹਮਲੇ ਵਿੱਚ ਜਖਮੀ ਹੋ ਗਿਆ।
ਮੌਕੇ ਤੇ ਪਹੁੰਚੇ ਡੀ.ਐਸ.ਪੀ ਬਲਜੀਤ ਸਿੰਘ ਬਰਾੜ ਨੇ ਦੱਸਿਆ ਕਿ ਪੁਲਿਸ ਨੇ ਲੋਕਾਂ ਨੂੰ ਗੱਲਬਾਤ ਕਰਨ ਲਈ ਬੁਲਾਇਆ ਸੀ। ਜਿਸ ‘ਤੇ ਦਲਿਤ ਭਾਈਚਾਰੇ ਦੇ ਲੋਕਾਂ ਨੇ ਪੁਲਿਸ ‘ਤੇ ਇੱਟਾਂ, ਸੋਟੀਆਂ ਨਾਲ ਹਮਲਾ ਕਰ ਦਿੱਤਾ । ਜਿਸ ‘ਚ ਐਸ.ਐਚ.ਓ ਤਪਾ, ਨੱਕ ‘ਤੇ ਇੱਟ ਵੱਜਣ ਕਾਰਨ ਜਖਮੀ ਹੋ ਗਿਆ ਅਤੇ ਪੁਲਿਸ ਦੀ ਗੱਡੀ ਦੀ ਵੀ ਭੰਨ੍ਹਤੋੜ ਕੀਤੀ ਗਈ। ਉੱਧਰ ਦਲਿਤ ਭਾਈਚਾਰੇ ਦੇ ਆਗੂਆਂ ਜਗਵਿੰਦਰ ਸਿੰਘ,ਕੁਲਦੀਪ ਸਿੰਘ,ਸੁਖਵਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਲੋਕਾਂ ‘ਤੇ ਅੰਨ੍ਹੇਵਾਹ ਲਾਠੀਚਾਰਜ ਕੀਤਾ ਅਤੇ ਔਰਤਾਂ ਨੂੰ ਵਾਲਾਂ ਤੋਂ ਫੜ੍ਹ – ਫੜ੍ਹਕੇ ਘੜੀਸਿਆ ਗਿਆ ਹੈ । ਜਿਸ ‘ਚ ਰਾਣੀ ਕੌਰ ਗੰਭੀਰ ਜਖਮੀ ਹੋ ਗਈ ਅਤੇ 2-3 ਹੋਰ ਔਰਤਾਂ ਦੇ ਵੀ ਗੁੱਝੀਆਂ ਸੱਟਾਂ ਲੱਗੀਆਂ ਹਨ। ਉੱਧਰ ਖੂਨੀ ਟਕਰਾਅ ਤੋਂ ਬਾਅਦ ਐਸ.ਡੀ.ਐਮ ਤਪਾ ਸਿਮਰਪ੍ਰੀਤ ਕੌਰ ਦੀ ਅਗਵਾਈ ਵਿੱਚ ਸਿਵਲ ਅਤੇ ਪੁਲਸ ਪ੍ਰਸ਼ਾਸਨ ਵੀ ਮੌਕੇ ਦਾ ਜਾਇਜਾ ਲੈ ਰਿਹਾ ਹੈ । ਪਤਾ ਇਹ ਵੀ ਲੱਗਿਆ ਹੈ ਕਿ ਪੁਲਿਸ ਨੇ 3 ਵਿਅਕਤੀਆਂ ਨੂੰ ਹਿਰਾਸਤ ‘ਚ ਵੀ ਲੈ ਲਿਆ ਹੈ।