PANJAB TODAY

ਹੁਣ ਹਰ ਖ਼ਬਰ ਤੁਹਾਡੇ ਤੱਕ

PANJAB TODAY ਸੱਜਰੀ ਖ਼ਬਰ ਪੰਜਾਬ ਫ਼ਤਿਹਗੜ੍ਹ ਸਾਹਿਬ ਮਾਲਵਾ ਰਾਜਸੀ ਹਲਚਲ

ਪਿੰਡ ਪੰਡਰਾਲੀ ਵਿਖੇ ਵੱਖ-ਵੱਖ ਵਿਕਾਸ ਪ੍ਰੋਜੈਕਟ ਵਿਧਾਇਕ ਨਾਗਰਾ ਵਲੋਂ ਲੋਕ ਅਰਪਿਤ

Advertisement
Spread Information

ਪਿੰਡ ਪੰਡਰਾਲੀ ਵਿਖੇ ਵੱਖ-ਵੱਖ ਵਿਕਾਸ ਪ੍ਰੋਜੈਕਟ ਵਿਧਾਇਕ ਨਾਗਰਾ ਵਲੋਂ ਲੋਕ ਅਰਪਿਤ


ਅਸ਼ੋਕ ਧੀਮਾਨ,ਫ਼ਤਹਿਗੜ੍ਹ ਸਾਹਿਬ, 03 ਜਨਵਰੀ 2022

ਹਲਕੇ ਦੇ ਪਿੰਡਾਂ ਵਿਚ ਵਿਕਾਸ ਕਾਰਜ ਜੰਗੀ ਪੱਧਰ ਉੱਤੇ ਜਾਰੀ ਹਨ ਤੇ ਵੱਡੀ ਗਿਣਤੀ ਪ੍ਰੋਜੈਕਟ ਮੁਕੰਮਲ ਹੋਏ ਹਨ, ਜਿਨ੍ਹਾਂ ਨੂੰ ਲੋਕ ਅਰਪਣ ਕੀਤਾ ਜਾ ਰਿਹਾ ਹੈ ਤੇ ਪਿੰਡਾਂ ਨੂੰ ਸ਼ਹਿਰਾਂ ਵਰਗੀਆਂ ਸਹੂਲਤਾਂ ਦੇਣ ਵਿਚ ਕੋਈ ਕਸਰ ਬਾਕੀ ਨਹੀਂ ਛੱਡੀ ਜਾ ਰਹੀ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਵਿਧਾਇਕ ਕੁਲਜੀਤ ਸਿੰਘ ਨਾਗਰਾ ਨੇ ਬਲਾਕ ਸਰਹਿੰਦ ਦੇ ਪਿੰਡ ਪੰਡਰਾਲੀ ਵਿਖੇ ਗੰਦੇ ਪਾਣੀ ਦੀ ਨਿਕਾਸੀ ਲਈ ਸੀਚੇਵਾਲ ਮਾਡਲ ਪ੍ਰੋਜੈਕਟ, ਗਲੀਆਂ ਵਿੱਚ ਇੰਟਰਲਾਕਿੰਗ ਟਾਇਲਾਂ,  ਸੀਵਰੇਜ,ਪਿੰਡ ਵਿਚ ਸੋਲਰ ਲਾਇਟਾਂ ਤੇ ਸੋਲਰ ਪੰਪ ਲਗਾਉਣ ਆਦਿ ਪ੍ਰੋਜੈਕਟਾਂ ਦੇ ਕੰਮ ਮੁਕੰਮਲ ਹੋਣ ਉਪਰੰਤ ਪ੍ਰੋਜੈਕਟਾਂ ਨੂੰ ਲੋਕ ਅਰਪਣ ਕਰਨ ਮੌਕੇ ਕੀਤਾ।

ਇਸ ਮੌਕੇ ਸ. ਨਾਗਰਾ ਨੇ ਕਿਹਾ ਕਿ ਜਿੱਥੇ ਪਿੰਡਾਂ ਵਿਚ ਵਿਕਾਸ ਕਾਰਜ ਲਗਾਤਾਰ ਮੁਕੰਮਲ ਹੋ ਰਹੇ ਹਨ, ਓਥੇ ਜੰਗੀ ਪੱਧਰ ਉੱਤੇ ਜਾਰੀ ਵੀ ਹਨ, ਜਿਹੜੇ ਕਿ ਜਲਦ ਹੀ ਮੁਕੰਮਲ ਕਰ ਲਏ ਜਾਣਗੇ। ਪੰਜਾਬ ਸਰਕਾਰ ਵੱਲੋਂ ਜਿੱਥੇ ਲਗਾਤਾਰ ਸੂਬੇ ਦਾ ਵਿਕਾਸ ਕਰਵਾਇਆ ਜਾ ਰਿਹਾ ਹੈ, ਉੱਥੇ ਲੋਕਾਂ ਦੀ ਭਲਾਈ ਲਈ ਇਤਿਹਾਸਕ ਫ਼ੈਸਲੇ ਵੀ ਲਏ ਜਾ ਰਹੇ ਹਨ।

ਸਰਕਾਰ ਨੇ ਪੈਨਸ਼ਨ ਵਧਾ ਦਿੱਤੀ ਹੈ, ਬਿਜਲੀ ਦੇ ਬਿੱਲ 02 ਕਿਲੋ ਵਾਟ ਤੱਕ ਦੇ ਮੀਟਰਾਂ ਦੇ ਮੁਆਫ ਕੀਤੇ ਹਨ, ਪਾਣੀ ਦੇ ਬਿੱਲ ਮੁਆਫ਼ ਕੀਤੇ ਹਨ, ਬਿਜਲੀ ਸਸਤੀ ਕੀਤੀ ਹੈ, ਤੇਲ ਸਸਤਾ ਕੀਤਾ ਹੈ,  ਕਿਸਾਨਾਂ ਦੇ ਕਰਜ਼ੇ ਮੁਆਫ਼ ਕੀਤੇ, ਬੇਜ਼ਮੀਨੇ ਕਾਸ਼ਤਕਾਰਾਂ ਦੇ ਕਰਜ਼ੇ ਮੁਆਫ਼ ਕਰਨ ਸਮੇਤ ਵੱਡੀ ਗਿਣਤੀ ਇਤਿਹਾਸਕ ਫ਼ੈਸਲੇ ਕੀਤੇ ਹਨ। ਕਿਸਾਨੀ ਸੰਘਰਸ਼ ਦੇ ਲੇਖੇ ਆਪਣੀਆਂ ਜਾਨਾਂ ਲਾਉਣ ਵਾਲਿਆਂ ਦੇ ਪਰਿਵਾਰਾਂ ਨੂੰ ਸਰਕਾਰ ਵੱਲੋਂ 05 ਲੱਖ ਰੁਪਏ ਅਤੇ ਇਕ ਜੀਅ ਨੂੰ ਨੌਕਰੀ ਦਿੱਤੀ ਜਾ ਰਹੀ ਹੈ। ਸ. ਨਾਗਰਾ ਨੇ ਕਿਹਾ ਕਿ ਉਹਨਾਂ ਨੇ ਬਿਨਾਂ ਕਿਸੇ ਭੇਦ ਭਾਵ ਤੋਂ ਪਿੰਡਾਂ ਦੇ ਵਿਕਾਸ ਲਈ ਗ੍ਰਾਂਟਾਂ ਦਿੱਤੀਆਂ ਹਨ ਤੇ ਅੱਜ ਹਲਕੇ ਦੇ ਪਿੰਡਾਂ ਦੀ ਨੁਹਾਰ ਬਦਲ ਰਹੀ ਹੈ।ਸ. ਨਾਗਰਾ ਨੇ ਕਿਹਾ ਕਿ ਚੰਗੇ ਲੋਕਾਂ ਨੂੰ ਹੀ ਨੁਮਾਇੰਗੀ ਦਿੱਤੀ ਜਾਵੇ ਤਾਂ ਹੀ ਚੰਗੇ ਸਮਾਜ ਦੀ ਸਿਰਜਣਾ ਕੀਤੀ ਜਾ ਸਕਦੀ ਹੈ ਤੇ ਦੇਸ਼ ਤਰੱਕੀ ਕਰ ਸਕੇ।

ਸ.ਨਾਗਰਾ ਨੇ ਕਿਹਾ ਕਿ ਹਲਕੇ ਦੇ ਪਿੰਡਾਂ ਦਾ ਪਿਛਲੇ ਤਿੰਨ ਸਾਲ ਵਿਚ ਮਿਸਾਲੀ ਵਿਕਾਸ ਹੋਇਆ ਹੈ। ਹਲਕਾ ਫਤਹਿਗੜ੍ਹ ਸਾਹਿਬ ਦੀਆਂ ਪੰਚਾਇਤਾਂ ਨੇ ਆਪਣੀ ਕਾਰਗੁਜ਼ਾਰੀ ਨਾਲ ਵਿਕਾਸ ਪੱਖੋਂ ਇਤਿਹਾਸ ਰਚਿਆ ਹੈ, ਜਿਸ ਲਈ ਹਲਕੇ ਦੀਆਂ ਪੰਚਾਇਤਾਂ ਦੀ ਜਿੰਨੀ ਸ਼ਲਾਘਾ ਕੀਤੀ ਜਾਵੇ, ਓਨੀ ਥੋੜ੍ਹੀ ਹੈ।

ਪੰਚਾਇਤਾਂ ਨੂੰ ਹਾਲੇ ਤਿੰਨ ਸਾਲ ਹੀ ਹੋਏ ਹਨ ਤੇ ਕਈ ਪੰਚਾਇਤਾਂ ਨੇ ਆਪਣੇ ਪਿੰਡਾਂ ਦੇ ਸਾਰੇ ਵਿਕਾਸ ਕਾਰਜ ਨੇਪਰੇ ਚਾੜ੍ਹ ਦਿੱਤੇ ਹਨ ਤੇ ਬਾਕੀਆਂ ਪੰਚਾਇਤਾਂ ਵਿਚ ਵਿਕਾਸ ਕਾਰਜ ਜੰਗੀ ਪੱਧਰ ਉੱਤੇ ਜਾਰੀ ਹਨ। ਉਹਨਾਂ ਕਿਹਾ ਕਿ ਜਿੰਨਾ ਵਿਕਾਸ ਹਲਕਾ ਫਤਹਿਗੜ੍ਹ ਸਾਹਿਬ ਦੇ ਪਿੰਡਾਂ ਦਾ ਹੋਇਆ ਹੈ, ਓਨਾ ਸ਼ਾਇਦ ਹੀ ਕਿਸੇ ਹੋਰ ਹਲਕੇ ਦੇ ਪਿੰਡਾਂ ਦਾ ਹੋਇਆ ਹੋਵੇ। ਉਹਨਾਂ ਨੇ ਦਿਨ ਰਾਤ ਇੱਕ ਕਰ ਕੇ ਪਿੰਡਾਂ ਦੇ ਵਿਕਾਸ ਕਾਰਜ ਕਰਵਾਏ ਹਨ ਤੇ ਫੰਡਾਂ ਦੀ ਘਾਟ ਨਹੀਂ ਆਉਣ ਦਿੱਤੀ ਤੇ ਨਾਂ ਹੀ ਘੱਟ ਆਉਣ ਦੇਣਗੇ।

ਇਸ ਮੌਕੇ ਬਲਾਕ ਪ੍ਰਧਾਨ ਤੇ ਪਿੰਡ ਦੇ ਸਰਪੰਚ ਗੁਰਮੁੱਖ ਸਿੰਘ ਪੰਡਰਾਲੀ, ਚੇਅਰਮੈਨ ਭੁਪਿੰਦਰ ਸਿੰਘ ਬਧੌਛੀ, ਮਾਰਕਿਟ ਕਮੇਟੀ ਦੇ ਚੇਅਰਮੈਨ ਬਲਜਿੰਦਰ ਸਿੰਘ ਅਤਾਪੁਰ, ਮੀਡੀਆ ਇੰਚਾਰਜ ਪਰਮਵੀਰ ਸਿੰਘ ਟਿਵਾਣਾ, ਚੇਅਰਮੈਨ ਤੇ ਸਰਪੰਚ ਦਵਿੰਦਰ ਸਿੰਘ ਜੱਲਾ, ਬਲਾਕ ਸੰਮਤੀ ਦੇ ਵਾਈਸ ਚੇਅਰਮੈਨ ਹਰਬੰਸ ਸਿੰਘ ਜੇ.ਈ, ਗੁਰਜੀਤ ਸਿੰਘ ਕਾਲਾ, ਦਵਿੰਦਰ ਕੁਮਾਰ ਮੱਖਣ, ਦਲਬੀਰ ਸਿੰਘ, ਬਲਜੀਤ ਸਿੰਘ, ਮਲਕੀਤ ਸਿੰਘ,ਰਿੰਕੂ ਸਿੰਘ, ਸੋਨੀ ਸਿੰਘ, ਸਰਬਜੀਤ ਕੌਰ, ਲਵਪ੍ਰੀਤ ਕੌਰ, ਨਛੱਤਰ ਕੌਰ ਸਾਰੇ ਪੰਚ, ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਮੈਂਬਰ, ਸਰਪੰਚ, ਪੰਚ, ਕਾਂਗਰਸ ਪਾਰਟੀ ਦੇ ਅਹੁਦੇਦਾਰ ਤੇ ਵਰਕਰ ਹਾਜ਼ਰ ਸਨ।


Spread Information
Advertisement
Advertisement

LEAVE A RESPONSE

Your email address will not be published. Required fields are marked *

error: Content is protected !!