ਪਾਰਟੀਆਂ ਖੇਖਣ ਕਰਨਾ ਬੰਦ ਕਰਨ; ਜੇ ਸੱਚੀਉਂ ਕਿਸਾਨ ਸਮਰਥਕ ਹਨ ਤਾਂ ਹਾਲ ਦੀ ਘੜੀ ਚੋਣ ਪ੍ਰਚਾਰ ਬੰਦ ਕਰਨ: ਕਿਸਾਨ ਆਗੂ
ਕਿਸਾਨ ਆਗੂ ਮੇਜਰ ਸਿੰਘ ਸੰਘੇੜਾ ਉਪਰ ਹਮਲਾ ਕਰਨ ਵਾਲੇ ਦੋਸ਼ੀਆਂ ਵਿਰੁੱਧ ਬਣਦੀਆਂ ਧਾਰਾਵਾਂ ਨਾ ਲਾਉਣ ਅਤੇ ਮੋਗਾ ਲਾਠੀਚਾਰਜ ਦੇ ਵਿਰੋਧ ‘ਚ ਸੰਕੇਤਕ ਤੌਰ ‘ਤੇ ਬਾਜਾਰ ਜਾਮ ਕੀਤਾ।
*ਕਰਨਾਲ ਤੇ ਮੋਗਾ ‘ਚ ਕਿਸਾਨਾਂ ਵਿਰੁੱਧ ਦਰਜ ਕੇਸ ਤੁਰੰਤ ਰੱਦ ਕੀਤੇ ਜਾਣ; ਦੋਸ਼ੀ ਅਧਿਕਾਰੀਆਂ ਖਿਲਾਫ਼ ਕਾਰਵਾਈ ਕੀਤੀ ਜਾਵੇ।
ਪਰਦੀਪ ਕਸਬਾ , ਬਰਨਾਲਾ: 04 ਸਤੰਬਰ, 2021
ਬੱਤੀ ਜਥੇਬੰਦੀਆਂ ‘ਤੇ ਆਧਾਰਿਤ ਸੰਯੁਕਤ ਕਿਸਾਨ ਮੋਰਚੇ ਵੱਲੋਂ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਅਤੇ ਐਮਐਸਪੀ ਦੀ ਗਾਰੰਟੀ ਦੇਣ ਵਾਲਾ ਨਵਾਂ ਕਾਨੂੰਨ ਬਣਵਾਉਣ ਲਈ ਰੇਲਵੇ ਸਟੇਸ਼ਨ ‘ਤੇ ਲਾਇਆ ਧਰਨਾ ਅੱਜ 339 ਵੇਂ ਦਿਨ ਵੀ ਪੂਰੇ ਜੋਸ਼ ਤੇ ਉਤਸ਼ਾਹ ਨਾਲ ਜਾਰੀ ਰਿਹਾ। ਅੱਜ ਮੋਗੇ ਵਿਖੇ ਪੁਲਿਸ ਤੇ ਅਕਾਲੀ ਦਲ ਦੇ ਸਮਰਥਕਾਂ ਵੱਲੋਂ ਰਲ ਕੇ ਕਿਸਾਨਾਂ ਉਪਰ ਕੀਤੇ ਵਹਿਸ਼ੀ ਲਾਠੀਚਾਰਜ ਦਾ ਮੁੱਦਾ ਭਾਰੂ ਰਿਹਾ। ਬੁਲਾਰਿਆਂ ਨੇ ਕਿਹਾ ਕਿ ਇਹ ਭਰਾ-ਲੜਾਊ ਵਰਤਾਰਾ ਪੰਜਾਬ ਦੇ ਭਵਿੱਖ ਲਈ ਬਹੁਤ ਖਤਰਨਾਕ ਅਰਥ-ਸੰਭਾਵਨਾਵਾਂ ਸਮੋਈ ਬੈਠਾ ਹੈ।
ਪਿਛਲੇ ਦਿਨੀਂ ਰਿਲਾਇੰਸ ਮਾਲ ਮੂਹਰੇ ਧਰਨੇ ਦੇ ਰਹੇ ਕਿਸਾਨ ਆਗੂ ਮੇਜਰ ਸਿੰਘ ਸੰਘੇੜਾ ਉਪਰ ਜਾਨਲੇਵਾ ਹਮਲਾ ਕੀਤਾ ਗਿਆ। ਅਜੇ ਤੱਕ ਪੁਲਿਸ ਨੇ ਨਾ ਤਾਂ ਹਮਲਾਵਰਾਂ ਨੂੰ ਗ੍ਰਿਫਤਾਰ ਕੀਤਾ ਹੈ ਅਤੇ ਨਾ ਹੀ ਦੋਸ਼ੀਆਂ ਵਿਰੁੱਧ ਬਣਦੀਆਂ ਧਾਰਾਵਾਂ ਲਾਈਆਂ ਹਨ। ਅੱਜ ਬਰਨਾਲਾ ਪੁਲਿਸ ਦੇ ਇਸ ਟਾਲਮਟੋਲ ਵਤੀਰੇ ਵਿਰੁੱਧ ਅਤੇ ਮੋਗਾ ਵਿਖੇ ਹੋਏ ਲਾਠੀਚਾਰਜ ਦੇ ਵਿਰੋਧ ‘ਚ ਸੰਕੇਤਕ ਤੌਰ ‘ਤੇ ਇੱਕ ਘੰਟੇ ਲਈ ਬਰਨਾਲਾ ਦੇ ਨਹਿਰੂ ਚੌਕ ਵਿੱਚ ਧਰਨਾ ਲਾ ਕੇ ਬਾਜਾਰ ਜਾਮ ਕੀਤਾ ਗਿਆ।
ਭਲਕੇ ਮੁਜ਼ੱਫਰਨਗਰ ਵਿਖੇ ਇਤਿਹਾਸਕ ਕਿਸਾਨ ਪੰਚਾਇਤ ਹੋਣ ਜਾ ਰਹੀ ਹੈ ਜਿਸ ਵਿੱਚ ਸ਼ਮੂਲੀਅਤ ਲਈ ਕਿਸਾਨਾਂ ਵਿੱਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਕਿਸਾਨ ਆਗੂਆਂ ਨੇ ਰੈਲੀ ਵਿੱਚ ਜਾਣ ਦੇ ਚਾਹਵਾਨਾਂ ਲਈ ਪ੍ਰਬੰਧਕ ਵੇਰਵੇ,ਰੂਟ,ਉਪਲੱਬਧ ਸਹੂਲਤਾਂ ਅਤੇ ਹੋਰ ਸਬੰਧਤ ਜਾਣਕਾਰੀ ਸਾਂਝੀ ਕੀਤੀ।
ਅੱਜ ਧਰਨੇ ਨੂੰ ਕਰਨੈਲ ਸਿੰਘ ਗਾਂਧੀ, ਬਾਬੂ ਸਿੰਘ ਖੁੱਡੀ ਕਲਾਂ, ਗੁਰਦਰਸ਼ਨ ਸਿੰਘ ਦਿਉਲ, ਜਸਪਾਲ ਕੌਰ ਕਰਮਗੜ੍ਹ, ਚਰਨਜੀਤ ਕੌਰ, ਗੁਰਬਚਨ ਸਿੰਘ ਛੀਨੀਵਾਲ, ਉਜਾਗਰ ਸਿੰਘ ਬੀਹਲਾ, ਬਲਵੰਤ ਸਿੰਘ ਠੀਕਰੀਵਾਲਾ, ਬਲਜੀਤ ਸਿੰਘ ਚੌਹਾਨਕੇ, ਜਸਵੰਤ ਕੌਰ ਬਰਨਾਲਾ, ਗੁਰਨਾਮ ਸਿੰਘ ਠੀਕਰੀਵਾਲਾ ਤੇ ਪ੍ਰਮਿੰਦਰ ਹੰਢਿਆਇਆ ਨੇ ਸੰਬੋਧਨ ਕੀਤਾ। ਬੁਲਾਰਿਆਂ ਨੇ ਕਿਹਾ ਕਿ ਹਰਿਆਣਾ ਵਿਚ 2500 ਅਤੇ ਮੋਗਾ ਵਿੱਚ 200 ਕਿਸਾਨਾਂ ਵਿਰੁੱਧ ਪੁਲਿਸ ਕੇਸ ਦਰਜ ਕੀਤੇ ਗਏ ਹਨ। ਆਗੂਆਂ ਨੇ ਮੰਗ ਕੀਤੀ ਕਿ ਇਹ ਕੇਸ ਤੁਰੰਤ ਰੱਦ ਕੀਤੇ ਜਾਣ ਅਤੇ ਦੋਸ਼ੀ ਪੁਲਿਸ ਤੇ ਸਿਵਲ ਅਧਿਕਾਰੀਆ ਵਿਰੁੱਧ ਢੁੱਕਵੀਂ ਕਾਰਵਾਈ ਕੀਤੀ ਜਾਵੇ। ਜੇਕਰ ਇਹ ਮੰਗਾਂ ਨਾ ਮੰਨੀਆਂ ਗਈਆਂ ਤਾਂ 7 ਤਰੀਕ ਨੂੰ ਕਰਨਾਲ ਸਿਵਲ ਸਕੱਤਰੇਤ ਦਾ ਘਿਰਾਉ ਕੀਤਾ ਜਾਵੇਗਾ। ਮੋਗਾ ਵਿਚ ਦਰਜ ਕੇਸਾਂ ਬਾਰੇ ਵੱਖਰਾ ਪ੍ਰੋਗਰਾਮ ਉਲੀਕਿਆ ਜਾਵੇਗਾ।
ਉਧਰ ਰਿਲਾਇੰਸ ਮਾਲ ਬਰਨਾਲਾ ਮੂਹਰੇ ਲੱਗਿਆ ਧਰਨਾ ਵੀ 339ਵੇਂ ਦਿਨ ਵੀ ਪੂਰੇ ਜੋਸ਼ੋ ਖਰੋਸ਼ ਜਾਰੀ ਰਿਹਾ।ਅੱਜ ਧਰਨੇ ਨੂੰ ਮੇਜਰ ਸਿੰਘ,ਦਲੀਪ ਸਿੰਘ,ਭਜਨਸਿੰਘ,ਬਲਜਿੰਦਰ ਸਿੰਘ, ਵਿੱਕੀ,ਜਗਦੇਵ ਸਿੰਘ,ਰਾਜ ਸਿੰਘ ਬਰਨਾਲਾ ਤੇ ਕਰਮਜੀਤ ਸਿੰਘ ਨੇ ਸੰਬੋਧਨ ਕੀਤਾ।
ਪ੍ਰੀਤ ਕੌਰ ਧੂਰੀ ਨੇ ਕਿਸਾਨੀ ਅੰਦੋਲਨ ਦੇ ਪ੍ਰਸੰਗ ਵਿੱਚ ਇਨਕਲਾਬੀ ਗੀਤ ਪੇਸ਼ ਕੀਤੇ।