ਪਟਿਆਲਾ ਵਿੱਚ ਹੋਏ ਕੈਪਟਨ ਅਮਰਿੰਦਰ ਸਿੰਘ ਦੇ ‘ਰੂਟ-ਮਾਰਚ’ ਵਿੱਚ ਹਜ਼ਾਰਾਂ ਲੋਕ ਸ਼ਾਮਲ
ਪਟਿਆਲਾ ਵਿੱਚ ਹੋਏ ਕੈਪਟਨ ਅਮਰਿੰਦਰ ਸਿੰਘ ਦੇ ‘ਰੂਟ-ਮਾਰਚ’ ਵਿੱਚ ਹਜ਼ਾਰਾਂ ਲੋਕ ਸ਼ਾਮਲ
ਰਾਜੇਸ਼ ਗੌਤਮ,ਪਟਿਆਲਾ, 18 ਫਰਵਰੀ 2022
ਅੱਜ ਪਟਿਆਲਾ ਤੋਂ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਆਪਣੇ ਗ੍ਰਹਿ ਹਲਕੇ ਤੋਂ ਕੱਢੇ ਗਏ ਰੂਟ-ਮਾਰਚ (ਪਦ-ਯਾਤਰਾ) ਵਿੱਚ ਹਜ਼ਾਰਾਂ ਲੋਕ ਸ਼ਾਮਲ ਹੋਏ। ਮਾਰਚ ਦੌਰਾਨ ਕੈਪਟਨ ਅਮਰਿੰਦਰ ਸਿੰਘ ਨਾਲ ਰੱਖਿਆ ਮੰਤਰੀ ਰਾਜਨਾਥ ਸਿੰਘ ਵੀ ਸ਼ਾਮਲ ਹੋਏ। ਇਸ ਤੋਂ ਇਲਾਵਾ ਰੂਟ ਮਾਰਚ ਦੌਰਾਨ ਕੈਪਟਨ ਅਮਰਿੰਦਰ ਦੀ ਪਤਨੀ ਅਤੇ ਪਟਿਆਲਾ ਤੋਂ ਸੰਸਦ ਮੈਂਬਰ ਪ੍ਰਨੀਤ ਕੌਰ, ਰੋਹਤਕ ਦੇ ਸੰਸਦ ਮੈਂਬਰ ਅਰਵਿੰਦ ਸ਼ਰਮਾ ਅਤੇ ਉੱਘੇ ਫਿਲਮ ਅਦਾਕਾਰ ਪੁਨੀਤ ਈਸਰ (ਮਹਾਭਾਰਤ ਟੈਲੀਵਿਜ਼ਨ ਸੀਰੀਅਲ ਦੇ ਦੁਰਯੋਦਨ) ਅਤੇ ਕਈ ਹੋਰ ਲੋਕ ਵੀ ਇਸ ‘ਪਦ ਯਾਤਰਾ’ ਦੌਰਾਨ ਉਨ੍ਹਾਂ ਨਾਲ ਸਨ।
ਰੂਟ-ਮਾਰਚ ਦੀ ਸਮਾਪਤੀ ‘ਤੇ ਇਕੱਠ ਨੂੰ ਸੰਬੋਧਨ ਕਰਦਿਆਂ ਰਾਜਨਾਥ ਸਿੰਘ ਨੇ ਕਿਹਾ ਕਿ ਉਹ ਅੱਜ ਵਿਸ਼ੇਸ਼ ਤੌਰ ‘ਤੇ ਸਿਰਫ਼ ਕੈਪਟਨ ਅਮਰਿੰਦਰ ਸਿੰਘ ਨਾਲ ਸ਼ਾਮਲ ਹੋਣ ਲਈ ਉੱਤਰ ਪ੍ਰਦੇਸ਼ ਤੋਂ ਕਰਕੇ ਆਏ ਹਨ। ਉਨ੍ਹਾਂ ਕਿਹਾ ਕਿ ਸਮੁੱਚਾ ਦੇਸ਼ ਕੈਪਟਨ ਅਮਰਿੰਦਰ ਦੀ ਦੇਸ਼ ਭਗਤੀ ਅਤੇ ਰਾਸ਼ਟਰਵਾਦ ਲਈ ਓਹਨਾਂ ਨੂੰ ਪਿਆਰ ਅਤੇ ਸਤਿਕਾਰ ਕਰਦਾ ਹੈ।
ਰੱਖਿਆ ਮੰਤਰੀ ਨੇ ਜ਼ਿਕਰ ਕਰਦਿਆਂ ਇਹ ਵੀ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੈਪਟਨ ਅਮਰਿੰਦਰ ਸਿੰਘ ਦਾ ਵਿਸ਼ੇਸ਼ ਸਤਿਕਾਰ ਕਰਦੇ ਹਨ। ਲੋਕਾਂ ਨੂੰ ਅਪੀਲ ਕਰਦਿਆਂ ਰੱਖਿਆ ਮੰਤਰੀ ਨੇ ਸਾਬਕਾ ਮੁੱਖ ਮੰਤਰੀ ਨੂੰ ਭਾਰੀ ਬਹੁਮਤ ਨਾਲ ਜਿਤਾਇਆ ਜਾਵੇ ਅਤੇ ਇਹ ਭਰੋਸਾ ਦਿਵਾਇਆ ਕਿ ਪ੍ਰਧਾਨ ਮੰਤਰੀ ਮੋਦੀ ਦੇ ਸਹਿਯੋਗ ਨਾਲ ਉਨ੍ਹਾਂ (ਕੈਪਟਨ ਅਮਰਿੰਦਰ) ਦੀ ਅਗਵਾਈ ਹੇਠ ਪੰਜਾਬ ਵੱਡੀ ਤਰੱਕੀ ਕਰੇਗਾ।
ਕਾਂਗਰਸ ‘ਤੇ ਵਰ੍ਹਦਿਆਂ ਰਾਜਨਾਥ ਸਿੰਘ ਨੇ ਕਿਹਾ ਕਿ ਕਾਂਗਰਸ ਦੇਸ਼ ਲਈ ਵਿਫ਼ਲ ਹੋ ਚੁੱਕੀ ਹੈ ਅਤੇ ਇਹੀ ਕਾਰਨ ਹੈ ਕਿ ਕੈਪਟਨ ਅਮਰਿੰਦਰ ਸਿੰਘ ਦੇ ਕੱਦ ਵਾਲੇ ਵਿਅਕਤੀ ਨੂੰ ਪਾਰਟੀ ਛੱਡ ਕੇ ਭਾਜਪਾ ਨਾਲ ਹੱਥ ਮਿਲਾਉਣਾ ਪਿਆ ਹੈ। ਉਨ੍ਹਾਂ ਕਿਹਾ ਕਿ ਭਾਜਪਾ ਕੈਪਟਨ ਅਮਰਿੰਦਰ ਨਾਲ ਮਿਲ ਕੇ ਪੰਜਾਬ ਦੀ ਸਰਬਪੱਖੀ ਤਰੱਕੀ ਨੂੰ ਯਕੀਨੀ ਬਣਾਏਗੀ ਕਿਉਂਕਿ ਇਹ ਪੰਜਾਬ ਦੇ ਨਾਲ-ਨਾਲ ਦੇਸ਼ ਦੀ ਸੁਰੱਖਿਆ ਦੇ ਹਿੱਤ ਵਿੱਚ ਵੀ ਹੋਵੇਗਾ।
ਕੈਪਟਨ ਅਮਰਿੰਦਰ ਨੇ ਪਟਿਆਲਾ ਦੇ ਲੋਕਾਂ ਦਾ ਆਪਣੇ ਘਰਾਂ, ਦੁਕਾਨਾਂ ਅਤੇ ਹੋਰ ਵਪਾਰਕ ਅਦਾਰਿਆਂ ਛੱਡ ਓਨ੍ਹਾਂ ਦੇ ਰੂਟ ਮਾਰਚ ਵਿੱਚ ਸ਼ਾਮਲ ਹੋਣ ਲਈ ਤਹਿ ਦਿਲੋਂ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਪਟਿਆਲਾ ਦੇ ਲੋਕਾਂ ਵਲੋਂ ਜੋ ਪਿਆਰ ਉਨ੍ਹਾਂ ‘ਤੇ ਦਿਖਾਇਆ ਜਾਂਦਾ ਤੋਂ ਓਹ ਬਹੁਤ ਪ੍ਰਭਾਵਿਤ ਹੁੰਦੇ ਹਨ ਅਤੇ ਹਮੇਸ਼ਾ ਉਤੇਜਿਤ ਕਰ ਦਿੰਦਾ ਹੈ।
“ਮੈਂ ਅੱਜ ਹਰ ਉਹ ਚਿਹਰਾ ਦੇਖਿਆ ਜਿਸ ਨੇ ਮੇਰੇ ਲਈ ਪਿਆਰ ਅਤੇ ਨਿੱਘ ਦਿਖਾਇਆ ਹੈ”, ਓਹਨਾਂ ਜੋੜਦਿਆਂ ਕਿਹਾ ਕਿ “ਪਟਿਆਲੇ ਦੇ ਲੋਕ ਹਮੇਸ਼ਾ ਮੇਰੇ ਦਿਲ ਵਿੱਚ ਇੱਕ ਵਿਸ਼ੇਸ਼ ਸਥਾਨ ਰੱਖਦੇ ਹਨ ਕਿਉਂਕਿ ਉਹ ਸਾਰੇ ਮੇਰੇ ਪਰਿਵਾਰ ਦਾ ਹੀ ਹਿੱਸਾ ਜਾਪਦੇ ਹਨ”। ਰੂਟ-ਮਾਰਚ ਵਿੱਚ ਸ਼ਾਮਲ ਹੋਣ ਲਈ ਲੋਕਾਂ ਦਾ ਧੰਨਵਾਦ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਅਪੀਲ ਕੀਤੀ ਕਿ ਉਹ 20 ਫਰਵਰੀ ਨੂੰ ਵੀ ਆਪਣੀ ਵੋਟ ਪਾਉਣ ਲਈ ਘਰਾਂ ਤੋਂ ਬਾਹਰ ਆਉਣ ਅਤੇ ਓਹਨਾਂ ਦੀ ਜਿੱਤ ਯਕੀਨੀ ਬਣਾਉਣ।
ਉਨ੍ਹਾਂ ਕਿਹਾ ਕਿ ਪੰਜਾਬ, ਖਾਸ ਕਰਕੇ ਪਟਿਆਲਾ ਦੇ ਲੋਕਾਂ ਲਈ ਸੂਬੇ ਵਿੱਚ ਓਹ ਸਰਕਾਰ ਚੁਣਨ ਦਾ ਇਹ ਇੱਕੋ ਇੱਕ ਸੁਨਹਿਰੀ ਮੌਕਾ ਹੈ, ਜਿਸ ਦਾ ਕੇਂਦਰ ਸਰਕਾਰ ਨਾਲ ਚੰਗਾ ਰਿਸ਼ਤਾ ਹੋਵੇਗਾ। ਉਨ੍ਹਾਂ ਕਿਹਾ ਕਿ ਸੂਬੇ ਵਿੱਚ ਭਾਜਪਾ, ਪੀਐੱਲਸੀ ਅਤੇ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੀ ਐਨਡੀਏ ਸਰਕਾਰ ਬਣਨ ’ਤੇ ਪੰਜਾਬ ਮੁੜ ਲੀਹਾਂ ’ਤੇ ਚੜ੍ਹੇਗਾ।
ਆਪਣੇ ਰੂਟ-ਮਾਰਚ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ, ਕੈਪਟਨ ਅਮਰਿੰਦਰ ਨੇ ਬਿਹਾਰ ਅਤੇ ਉੱਤਰ ਪ੍ਰਦੇਸ਼ ਦੇ ਲੋਕਾਂ ਬਾਰੇ ਚਰਨਜੀਤ ਸਿੰਘ ਚੰਨੀ ਦੀਆਂ ਟਿੱਪਣੀਆਂ ‘ਤੇ ਬੇਹੱਦ ਨਿਰਾਸ਼ਾ ਜ਼ਾਹਿਰ ਕੀਤੀ। ਉਨ੍ਹਾਂ ਕਿਹਾ ਕਿ ਇੱਕ ਮੁੱਖ ਮੰਤਰੀ ਵੱਲੋਂ ਸਾਡੇ ਗੁਆਂਢੀ ਰਾਜਾਂ ਦੇ ਲੋਕਾਂ, ਜਿਨ੍ਹਾਂ ਨੇ ਪੰਜਾਬ ਦੇ ਵਿਕਾਸ ਵਿੱਚ ਇੱਕ ਅਹਿਮ ਯੋਗਦਾਨ ਪਾਇਆ ਹੈ, ਵਿਰੁੱਧ ਅਜਿਹੀ ਬੇਇੱਜ਼ਤੀ ਭਰੀਆਂ ਟਿੱਪਣੀਆਂ ਕਰਨਾ ਉਚਿਤ ਨਹੀਂ ਹੈ।
ਜਿਵੇਂ ਹੀ ਕੈਪਟਨ ਅਮਰਿੰਦਰ ਦਾ ਕਾਫ਼ਲਾ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿੱਚ ਘੁੰਮਦਾ ਰਿਹਾ, ਉਨ੍ਹਾਂ ‘ਤੇ ਫੁੱਲਾਂ ਦੀ ਵਰਖਾ ਕੀਤੀ ਗਈ। ਲੋਕਾਂ ਨੇ ਰਸਤੇ ਵਿੱਚ ਖਾਣ-ਪੀਣ ਦੇ ਸਟਾਲ ਲਗਾਏ ਹੋਏ ਸਨ। ਜਿਵੇਂ-ਜਿਵੇਂ ਕਾਫ਼ਲਾ ਵਧਦਾ ਗਿਆ, ਲੋਕਾਂ ਦੀ ਗਿਣਤੀ ਵੀ ਵਧਦੀ ਗਈ ਇਸੇ ਦੌਰਾਨ ਪੁਲਿਸ ਲਈ ਭੀੜ ਨੂੰ ਕਾਬੂ ਕਰਨਾ ਔਖਾ ਕੰਮ ਸੀ। ਕੈਪਟਨ ਅਮਰਿੰਦਰ ਨੇ ਰੂਟ-ਮਾਰਚ ਦੌਰਾਨ ਨਿਭਾਈਆਂ ਡਿਊਟੀਆਂ ਲਈ ਪੁਲਿਸ ਮੁਲਾਜ਼ਮਾਂ ਦਾ ਵੀ ਧੰਨਵਾਦ ਕੀਤਾ।