ਪਟਿਆਲਾ ‘ਚ ਵਿਕਾਸ ਪ੍ਰੋਜੈਕਟਾਂ ਨੂੰ ਰੋਕਣ ਲਈ ਕਾਂਗਰਸ ਸਰਕਾਰ ‘ਤੇ ਵਰ੍ਹੇ ਕੈਪਟਨ ਅਮਰਿੰਦਰ
ਪਟਿਆਲਾ ‘ਚ ਵਿਕਾਸ ਪ੍ਰੋਜੈਕਟਾਂ ਨੂੰ ਰੋਕਣ ਲਈ ਕਾਂਗਰਸ ਸਰਕਾਰ ‘ਤੇ ਵਰ੍ਹੇ ਕੈਪਟਨ ਅਮਰਿੰਦਰ
ਰਾਜੇਸ਼ ਗੌਤਮ,ਪਟਿਆਲਾ, 9 ਫਰਵਰੀ:2022
ਸਾਬਕਾ ਮੁੱਖ ਮੰਤਰੀ ਅਤੇ ਪੰਜਾਬ ਲੋਕ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਪਟਿਆਲਾ ਵਿੱਚ ਓਹਨਾਂ ਦੀ ਸਰਕਾਰ ਵਲੋਂ ਸ਼ੁਰੂ ਕੀਤੇ ਗਏ ਵਿਕਾਸ ਕਾਰਜਾਂ ਨੂੰ ਕਾਂਗਰਸ ਸਰਕਾਰ ਵੱਲੋਂ ਰੋਕਣ ‘ਤੇ ਕਾਂਗਰਸ ਦੀ ਆਲੋਚਨਾ ਕੀਤੀ।
ਬੀਤੀ ਸ਼ਾਮ ਇੱਥੇ ਇੱਕ ਵੱਡੀ ਜਨਤਕ ਰੈਲੀ ਨੂੰ ਸੰਬੋਧਨ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਵਜੋਂ ਆਪਣੇ ਸਾਢੇ ਚਾਰ ਸਾਲਾਂ ਦੇ ਕਾਰਜਕਾਲ ਦੌਰਾਨ ਉਨ੍ਹਾਂ ਨੇ ਪਟਿਆਲਾ ਲਈ 1800 ਕਰੋੜ ਰੁਪਏ ਦੇ ਵਿਕਾਸ ਪ੍ਰੋਜੈਕਟ ਅਲਾਟ ਕੀਤੇ ਸਨ। ਉਨ੍ਹਾਂ ਨੇ ਅਫਸੋਸ ਪ੍ਰਗਟਾਉਂਦਿਆਂ ਕਿਹਾ ਕਿ ਜਿਸ ਦਿਨ ਚਰਨਜੀਤ ਸਿੰਘ ਚੰਨੀ ਨੇ ਮੁੱਖ ਮੰਤਰੀ ਦਾ ਅਹੁਦਾ ਸੰਭਾਲਿਆ ਸੀ, ਉਸੇ ਦਿਨ ਤੋਂ ਹੀ ਇਹ ਪ੍ਰਾਜੈਕਟ ਰੋਕ ਦਿੱਤੇ ਗਏ ਸਨ।
ਉਨ੍ਹਾਂ ਕਿਹਾ ਕਿ ਪਟਿਆਲਾ ਵਾਸੀਆਂ ਦੀ ਇਹ ਲੰਮੇ ਸਮੇਂ ਤੋਂ ਮੰਗ ਸੀ ਕਿ ਡੇਅਰੀਆਂ ਨੂੰ ਸ਼ਹਿਰ ਤੋਂ ਬਾਹਰ ਤਬਦੀਲ ਕੀਤਾ ਜਾਵੇ ਕਿਉਂਕਿ ਇਨ੍ਹਾਂ ਦਾ ਕੂੜਾ ਡਰੇਨਾਂ ਨੂੰ ਬਲਾਕ ਕਰ ਦਿੰਦਾ ਹੈ। ਇਹ ਪ੍ਰਾਜੈਕਟ ਨੂੰ ਚੰਨੀ ਨੇ ਉਸੇ ਸ਼ਾਮ ਹੀ ਰੱਦ ਕਰ ਦਿੱਤਾ ਸੀ, ਜਿਸ ਸ਼ਾਮ ਉਨ੍ਹਾਂ ਨੇ ਅਹੁਦਾ ਸੰਭਾਲਿਆ ਸੀ। ਉਨ੍ਹਾਂ ਕਿਹਾ ਕਿ ਸਰਕਾਰਾਂ ਨੂੰ ਅਜਿਹੀ ਬਦਲਾਖੋਰੀ ਦੀ ਰਾਜਨੀਤੀ ਨਹੀਂ ਕਰਨੀ ਚਾਹੀਦੀ।
ਕੈਪਟਨ ਅਮਰਿੰਦਰ ਨੇ ਇੱਥੇ ਲੋਕਾਂ ਵਿੱਚ ਭਰੋਸਾ ਜਤਾਉਂਦਿਆਂ ਕਿਹਾ ਕਿ ਸੂਬੇ ਵਿੱਚ ਭਾਜਪਾ, ਪੀ.ਐੱਲ.ਸੀ ਅਤੇ ਸ਼੍ਰੋਮਣੀ ਅਕਾਲੀ ਦਲ-ਸੰਯੁਕਤ ਦੀ ਐੱਨ.ਡੀ.ਏ ਸਰਕਾਰ ਦੀ ਸਰਕਾਰ ਬਣਨੀ ਤੈਅ ਹੈ। ਉਨ੍ਹਾਂ ਕਿਹਾ ਕਿ ਨਾਲ਼ ਹੀ ਰੁਕੇ ਹੋਏ ਸਾਰੇ ਵਿਕਾਸ ਪ੍ਰੋਜੈਕਟਾਂ ਨੂੰ ਮੁੜ ਸ਼ੁਰੂ ਕੀਤਾ ਜਾਵੇਗਾ।
ਸਾਬਕਾ ਮੁੱਖ ਮੰਤਰੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਉਨ੍ਹਾਂ ਵੱਲੋਂ ਦਿੱਤੇ ਸਹਿਯੋਗ ਅਤੇ ਸਮਰਥਨ ਲਈ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਗਠਜੋੜ ਦੀ ਸਰਕਾਰ ਆਉਣ ‘ਤੇ ਨਾਲ ਹੀ ਪੰਜਾਬ ਦਾ ਸੰਪੂਰਨ ਸਰਬਪੱਖੀ ਵਿਕਾਸ ਹੋਵੇਗਾ। ਉਨ੍ਹਾਂ ਅਫਸੋਸ ਜ਼ਾਹਰ ਕੀਤਾ ਕਿ ਸੂਬਾ ਸਰਕਾਰ ਨੇ ਪ੍ਰਧਾਨ ਮੰਤਰੀ ਨੂੰ ਫਿਰੋਜ਼ਪੁਰ ਵਿੱਚ ਰੈਲੀ ਵਿੱਚ ਨਹੀਂ ਪਹੁੰਚਣ ਦਿੱਤਾ ਜਿੱਥੇ ਪ੍ਰਧਾਨ ਮੰਤਰੀ ਨੇ 43,000 ਕਰੋੜ ਰੁਪਏ ਦੇ ਪ੍ਰਾਜੈਕਟਾਂ ਦਾ ਐਲਾਨ ਕਰਨਾ ਸੀ।
ਸਾਬਕਾ ਮੁੱਖ ਮੰਤਰੀ ਨੇ ਪਟਿਆਲਾ ਦੇ ਲੋਕਾਂ ਵੱਲੋਂ ਉਨ੍ਹਾਂ ਨੂੰ ਦਿੱਤੇ ਗਏ ਪਿਆਰ ਅਤੇ ਸਤਿਕਾਰ ਲਈ ਧੰਨਵਾਦ ਕੀਤਾ। ਓਹਨਾਂ ਨੇ ਜ਼ੋਰਦਾਰ ਤਾੜੀਆਂ ਦੇ ਵਿਚ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ “ਮੈਨੂੰ ਇੱਥੇ ਦੇ ਸਾਰੇ ਲੋਕਾਂ ਤੋਂ ਮਿਲਦੇ ਪਿਆਰ ਅਤੇ ਸਨੇਹ ‘ਤੇ ਬਹੁਤ ਮਾਣ ਅਤੇ ਸਨਮਾਨ ਮਹਿਸੂਸ ਹੁੰਦਾ ਹੈ, ਇਹ ਮੇਰਾ ਇੱਕ ਪੂਰਾ ਪਰਿਵਾਰ ਹੈ।”
ਹੱਡ ਚੀਰਵੀਂ ਸ਼ਾਮ ਦੇ ਬਾਵਜੂਦ ਹਜ਼ਾਰਾਂ ਲੋਕ ਇੱਥੇ ਇਕੱਠੇ ਹੋਏ ਸਨ। ਬਹੁਤਾਤ ਲੋਕਾਂ ਨੇ ਪਾਰਟੀ ਦੇ ਝੰਡੇ, ਹਾਕੀ ਅਤੇ ਭਾਜਪਾ ਦੇ ਚੋਣ ਨਿਸ਼ਾਨ ਕਮਲ ਦੇ ਝੰਡੇ ਚੁੱਕੇ ਹੋਏ ਸਨ।ਇਸ ਮੌਕੇ ਮੇਅਰ ਸੰਜੀਵ ਬਿੱਟੂ ਸ਼ਰਮਾ, ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਹਰਿੰਦਰ ਕੋਹਲੀ, ਪੀ.ਐੱਲ.ਸੀ ਦੇ ਜ਼ਿਲ੍ਹਾ ਪ੍ਰਧਾਨ ਐਨ.ਕੇ ਮਲਹੋਤਰਾ, ਕੇ.ਕੇ ਸ਼ਰਮਾ ਆਦਿ ਹਾਜ਼ਰ ਸਨ।