ਨਸ਼ਾ ਤਸਕਰੀ ‘ਚ BKU ਡਕੋਂਦਾ ਨੂੰ ਬਦਨਾਮ ਕਰਨ ਦਾ ਗੰਭੀਰ ਨੋਟਿਸ
ਪੁਲਿਸ ਅਤੇ ਸਿਆਸੀ ਸ਼ਹਿ`ਤੇ ਪਲ ਰਹੇ ਵੱਡੇ ਨਸ਼ਾ ਤਸਕਰਾਂ ਨੂੰ ਸਰਕਾਰ ਨਕੇਲ ਪਾਵੇ-ਮਨਜੀਤ ਧਨੇਰ
ਰਘਵੀਰ ਹੈਪੀ , ਬਰਨਾਲਾ 12 ਮਈ 2022
ਪੰਜਾਬ ਪੁਲਿਸ ਵੱਲੋਂ ਕੱਲ੍ਹ ਨਸ਼ੀਲੀਆਂ ਗੋਲੀਆਂ/ਸ਼ੀਸ਼ੀਆਂ ਦੀ ਮਾਮੂਲੀ ਖੇਪ ਫੜ੍ਹਕੇ ਵੱਡੇ ਦਾਅਵੇ ਕੀਤੇ ਗਏ ਹਨ। ਪੁਲਿਸ ਵੱਲੋਂ ਇਸ ਵਿੱਚ ਦੋ ਵਿਅਕਤੀਆਂ ਜਗਦੀਪ ਸਿੰਘ ਅਤੇ ਗੋਗਾ ਸਿੰਘ ਦਾ ਸਬੰਧ ਭਾਕਿਯੂ ਏਕਤਾ ਡਕੌਂਦਾ ਦੇ ਮੈਂਬਰ ਵਜੋਂ ਹੋਣ ਦਾ ਦਾਅਵਾ ਕੀਤਾ ਗਿਆ ਹੈ। ਇਸ ਸਾਰੇ ਮਾਮਲੇ ਸਬੰਧੀ ਪ੍ਰੈੱਸ ਬਿਆਨ ਜਾਰੀ ਕਰਦਿਆਂ ਭਾਕਿਯੂ ਏਕਤਾ ਡਕੌਂਦਾ ਦੇ ਸੀਨੀਅਰ ਮੀਤ ਪ੍ਰਧਾਨ ਮਨਜੀਤ ਸਿੰਘ ਧਨੇਰ , ਮੀਤ ਪ੍ਰਧਾਨ ਗੁਰਦੀਪ ਸਿੰਘ ਨੇ ਕਿਹਾ ਕਿ ਦਿੱਲੀ ਬਾਰਡਰਾਂ`ਤੇ ਸਾਲ ਭਰ ਤੋਂ ਵੱਧ ਸਮਾਂ ਚੱਲੇ ਇਤਿਹਾਸਕ ਕਿਸਾਨ ਅੰਦੋਲਨ ਵਿੱਚ ਸ਼ਾਮਿਲ ਹੋਣ ਲਈ ਅਕਸਰ ਹੀ ਬਹੁਤ ਸਾਰੇ ਵਿਅਕਤੀ ਜਥੇਬੰਦੀ ਦੇ ਝੰਡੇ/ਬੈਜ ਵਗੈਰਾ ਲੈ ਜਾਂਦੇ ਰਹੇ ਹਨ। ਹਾਲਾਂਕਿ ਜਥੇਬੰਦੀ ਦਾ ਸਪਸ਼ਟ ਨਿਰਦੇਸ਼ ਸੀ ਕਿ ਜਥੇਬੰਦੀ ਦੇ ਝੰਡੇ/ਬੈਜਾਂ ਦੀ ਵਰਤੋਂ ਕਿਸੇ ਵੀ ਗਲਤ/ਲੋਕ ਵਿਰੋਧੀ ਕੰਮ ਲਈ ਨਾਂ ਕਰੇ। ਫਿਰ ਵੀ ਹੋ ਸਕਦਾ ਹੈ ਕਿ ਜਥੇਬੰਦੀ ਦੇ ਝੰਡੇ/ਬੈਜ ਵਰਤ ਕੇ ਕੋਈ ਵਿਅਕਤੀ ਗਲਤ/ਲੋਕ ਵਿਰੋਧੀ ਕਾਰਨਾਮਿਆਂ ਵਿੱਚ ਸ਼ਾਮਿਲ ਰਹੇ ਹੋਣ।
ਜਥੇਬੰਦੀ ਆਪਣੀ ਸਮਝ ਅਨੁਸਾਰ ਅਜਿਹੇ ਗਲਤ/ਲੋਕ ਵਿਰੋਧੀ ਕਾਰਨਾਮਿਆਂ ਵਿੱਚ ਸ਼ਾਮਿਲ ਰਹੇ ਵਿਅਕਤੀਆਂ ਦੀ ਬਿਲਕੁਲ ਵੀ ਮੱਦਦ ਨਹੀਂ ਕਰੇਗੀ। ਇਸ ਤੋਂ ਵੀ ਅੱਗੇ ਪੰਜਾਬ ਦੀ ਜਵਾਨੀ ਨੂੰ ਬਚਾਉਣ ਲਈ ਨਸ਼ਿਆਂ ਦੀਆਂ ਅਲਾਮਤਾਂ ਤੋਂ ਬਚਾਉਣ ਲਈ ਚੇਤਨਾ ਮੁਹਿੰਮ ਚਲਾਉਣ ਲਈ ਵਿਚਾਰ ਕਰ ਰਹੀ ਹੈ। ਮੌਜੂਦਾ ਸਮੇਂ ਫਿਲੌਰ ਪੁਲਿਸ ਅਕੈਡਮੀ ਅਤੇ ਜੇਲ੍ਹਾਂ ਅੰਦਰ ਵਿਕ ਰਹੇ ਨਸ਼ੇ ਨੇ ਪੁਲਿਸ ਦੀ ਪੋਲ ਖੋਲ੍ਹ ਦਿੱਤੀ ਹੈ। ਸਾਫ ਹੈ ਕਿ ਕੁੁੱਤੀ ਚੋਰਾਂ ਨਾਲ ਰਲਕੇ ਪੰਜਾਬ ਦੀ ਜਵਾਨੀ ਦਾ ਘਾਣ ਕਰ ਰਹੀ ਹੈ। ਇਸ ਲਈ ਕਿਸਾਨ ਆਗੂਆਂ ਨੇ ਜੋਰਦਾਰ ਮੰਗ ਕੀਤੀ ਕਿ ਪੰਜਾਬ ਵਿੱਚ ਸਿਖਰਾਂ ਛੂਹ ਰਹੀ ਬੇਰੁਜਗਾਰੀ ਦਾ ਹੱਲ ਕਰਨ ਲਈ ਠੋਸ ਪਹਿਲਕਦਮੀ ਕੀਤੀ ਜਾਵੇ।
ਉਹਨਾਂ ਕਿਹਾ ਕਿ 5-10 ਗ੍ਰਾਮ ਨਸ਼ਾ ਵੇਚਣ ਵਾਲਿਆਂ ਨੂੰ ਫੜ੍ਹਕੇ ਖਾਨਾਪੂਰਤੀ ਕਰਨ ਦੀ ਥਾਂ ਇਸ ਬੁਰਾਈ ਦੇ ਧੁਰੇ ਵੱਲ ਵਧਿਆ ਜਾਵੇ। ਪੰਜਾਬ ਸਰਕਾਰ ਵੱਲੋਂ ਪੰਜਾਬ ਅੰਦਰ ਵਗ ਰਹੇ ਨਸ਼ਿਆਂ ਦੇ ਪੰਜਵੇਂ ਦਰਿਆ ਨੂੰ ਠੱਲਣ ਲਈ ਪੁਲਿਸ ਅਤੇ ਸਿਆਸਤਦਾਨਾਂ ਦੀ ਸ਼ਹਿ’ਤੇ ਨਸ਼ਿਆਂ ਦੇ ਵਧ ਫੁੱਲ ਰਹੇ ਵਪਾਰ ਨੂੰ ਨਕੇਲ ਪਾਉਣ ਲਈ ਖਾਨਾਪੂਰਤੀ ਦੀ ਥਾਂ ਠੋਸ ਕਦਮ ਉਠਾਏ ਜਾਣ ਦੀ ਮੰਗ ਕੀਤੀ।