ਨਰਮੇ ਨੂੰ ਗੁਲਾਬੀ ਸੁੰਡੀ ਦੇ ਹਮਲੇ ਤੋਂ ਬਚਾਉਣ ਲਈ ਇੱਕੋ ਉਪਾਅ: ਮੁੱਖ ਖੇਤੀਬਾੜੀ ਅਫ਼ਸਰ
ਨਰਮੇ ਨੂੰ ਗੁਲਾਬੀ ਸੁੰਡੀ ਦੇ ਹਮਲੇ ਤੋਂ ਬਚਾਉਣ ਲਈ ਇੱਕੋ ਉਪਾਅ: ਮੁੱਖ ਖੇਤੀਬਾੜੀ ਅਫ਼ਸਰ
ਬਿੱਟੂ ਜਲਾਲਾਬਾਦੀ,ਫਾਜ਼ਿਲਕਾ, 3 ਫਰਵਰੀ 2022
ਮੁੱਖ ਖੇਤੀਬਾੜੀ ਅਫ਼ਸਰ ਫਾਜ਼ਿਲਕਾ ਡਾ. ਰੇਸ਼ਮ ਸਿੰਘ ਨੇ ਦੱਸਿਆ ਕਿ ਨਰਮੇ ਨੂੰ ਗੁਲਾਬੀ ਸੁੰਡੀ ਦੇ ਹਮਲੇ ਤੋਂ ਬਚਾਉਣ ਲਈ ਨਰਮੇ ਦੀਆਂ ਛਟੀਆਂ ਤੋਂ ਫੁੱਲ ਡੋਡੀਆਂ, ਪੱਤੇ, ਟੀਂਡੇ ਸਾੜ ਕੇ ਖਤਮ ਕਰਨੇ ਜ਼ਰੂਰੀ ਹਨ। ਉਨ੍ਹਾਂ ਕਿਹਾ ਕਿ ਕਿਸਾਨ ਵੀਰਾਂ ਦੀ ਮਿਹਨਤ ਸਦਕਾ ਪਿਛਲੇ ਕਈ ਸਾਲਾਂ ਤੋਂ ਨਰਮੇ ਦੀ ਫਸਲ ਦੀ ਪੈਦਾਵਾਰ ਅਤੇ ਝਾੜ ਬਹੁਤ ਵਧੀਆ ਰਿਹਾ ਹੈ। ਸਾਉਣੀ 2021 ਦੌਰਾਨ ਮਾਲਵਾ ਖੇਤਰ (ਬਠਿੰਡਾਂ, ਮਾਨਸਾ) ਵਿਚ ਗੁਲਾਬੀ ਸੁੰਡੀ ਦਾ ਹਮਲਾ ਦੇਖਣ ਵਿੱਚ ਆਇਆ ਸੀ, ਪਰੰੰਤੂ ਫਾਜਿਲਕਾ ਵਿੱਚ ਸਤੰਬਰ ਅਖੀਰ ਵਿੱਚ ਬਰਸਾਤਾਂ ਤੋ ਬਾਅਦ ਕਿੱਤੇ ਕਿੱਤੇ ਇਹ ਹਮਲਾ ਦੇਖਣ ਵਿੱਚ ਮਿਲਿਆ ਪਰ ਆਰਥਿਕ ਕਗਾਰ ਤੋ ਘੱਟ ਸੀ।
ਉਨ੍ਹਾਂ ਕਿਹਾ ਕਿ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਫਾਜਿਲਕਾ ਵੱਲੋ ਸਮੂਹ ਕਿਸਾਨ ਵੀਰਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਪਾਸੋ ਪ੍ਰਾਪਤ ਹਦਾਇਤਾਂ ਮੁਤਾਬਿਕ ਜਿੱਥੇ ਕਿੱਤੇ ਵੀ ਆਪ ਵੱਲੋ ਨਰਮੇ ਦੀਆਂ ਛਿਟੀਆਂ ਸਟੋਰ ਕੀਤੀਆਂ ਗਈਆਂ ਹਨ ਉਹਨਾਂ ਨੂੰ ਚੰਗੀ ਤਰ੍ਹਾਂ ਝਾੜ ਕੇ ਫੁੱਲ ਡੋਡੀਆਂ, ਪੱਤੇ, ਟੀਂਡੇ ਆਦਿ ਸਾੜ ਕੇ ਖਤਮ ਕਰ ਦਿੱਤੇ ਜਾਣ ਜਾਂ ਮਿੱਟੀ ਵੀ ਦਬਾ ਦਿੱਤੇ ਜਾਣ ਅਤੇ ਛਿਟੀਆਂ ਫਰਵਰੀ ਅੰਤ ਤੱਕ ਬਾਲਣ ਦੇ ਤੌਰ ਤੇ ਵਰਤ ਕੇ ਖਤਮ ਕਰ ਲਈਆਂ ਜਾਣ ਤਾਂ ਜੋ ਸਾਉਣੀ 2022 ਦੌਰਾਨ ਨਰਮੇ ਦੀ ਫਸਲ ਨੂੰ ਗੁਲਾਬੀ ਸੁੰਡੀ ਦੇ ਹਮਲੇ ਤੋਂ ਬਚਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਗੁਲਾਬੀ ਸੁੰਡੀ ਦਾ ਲਾਰਵਾ/ਪਿਉਪਾ ਨਰਮੇ ਦੀਆਂ ਛਿਟੀਆਂ ਨਾਲ ਲੱਗੇ ਟੀਡਿਆਂ,ਫੁੱਲ ਡੋਡੀਆਂ ਆਦਿ ਵਿੱਚ ਐਕਟਿਵ ਰਹਿੰਦਾ ਹੈ ਅਤੇ ਤਾਪਮਾਨ ਵਧਣ ਤੇ ਪੰਤਗਾ ਬਣਕੇ ਨਰਮੇ ਦੀ ਫਸਲ ਤੇ ਹਮਲਾ ਕਰਦਾ ਹੈ।ਉਨ੍ਹਾਂ ਕਿਸਾਨ ਭਰਾਵਾਂ ਨੂੰ ਅਪੀਲ ਕੀਤੀ ਕਿ ਫਰਵਰੀ ਅੰਤ ਤੱਕ ਛਿਟੀਆਂ ਨੂੰ ਚੰਗੀ ਤਰ੍ਹਾਂ ਝਾੜ ਕੇ ਫੁੱਲ ਡੋਡੀਆਂ, ਪੱਤੇ, ਟੀਂਡੇ ਆਦਿ ਖਤਮ ਕਰ ਦਿੱਤੇ ਜਾਣ ਅਤੇ ਛਿਟੀਆਂ ਦੀ ਵਰਤੋ ਕਰ ਲਈ ਜਾਵੇ। ਗੁਲਾਬੀ ਸੁੰਡੀ ਦੇ ਹਮਲੇ ਦੀ ਰੋਕਥਾਮ ਸਬੰਧੀ ਸਾਰੇ ਨਰਮੇ ਵਾਲੇ ਪਿੰਡਾਂ ਵਿੱਚ ਵਿਭਾਗ ਵੱਲੋ ਕੈਪ ਵੀ ਲਗਾਏ ਜਾ ਰਹੇ ਹਨ ।
ਉਨ੍ਹਾਂ ਕਿਸਾਨ ਵੀਰਾਂ ਨੂੰ ਇਹ ਵੀ ਅਪੀਲ ਕਰਦਿਆਂ ਕਿਹਾ ਕਿ ਉਹ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਸਪੰਰਕ ਵਿੱਚ ਰਹਿਣ ਤਾਂ ਜੋ ਇਸ ਵਾਰ ਵੀ ਨਰਮੇ ਦੀ ਫਸਲ ਨੂੰ ਗੁਲਾਬੀ ਸੁੰਡੀ ਦੇ ਹਮਲੇ ਤੋਂ ਬਚਾਇਆ ਜਾ ਸਕੇ।