Skip to content
Advertisement
137 ਕਿਸਾਨ ਮਿੱਤਰ ਭਰਤੀ ਕੀਤੇ , ਗੁਲਾਬੀ ਸੁੰਡੀ ਦੇ ਲਾਰਵੇ ਨੂੰ ਖਤਮ ਕਰਨ ਲਈ ਉਪਰਾਲੇ ਜਾਰੀ
ਬਿੱਟੂ ਜਲਾਲਾਬਾਦੀ , ਫਾਜਿ਼ਲਕਾ, 27 ਮਾਰਚ 2023
ਪੰਜਾਬ ਸਰਕਾਰ ਦੇ ਫਸਲੀ ਵਿਭਿੰਨਤਾ ਪ੍ਰੋਗਰਾਮ ਤਹਿਤ ਨਰਮੇ ਦੀ ਫਸਲ ਨੂੰ ਪ੍ਰਫੁਲਿਤ ਕਰਨ ਲਈ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਲਗਾਤਾਰ ਕੰਮ ਕਰ ਰਿਹਾ ਹੈ। ਜਿ਼ਲੇ ਦੇ ਡਿਪਟੀ ਕਮਿਸ਼ਨਰ ਡਾ: ਸੇਨੂੰ ਦੁੱਗਲ ਆਈਏਐਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਕਿਸਾਨਾਂ ਤੱਕ ਨਰਮੇ ਦੀ ਫਸਲ ਸਬੰਧੀ ਪੂਰੀ ਤਕਨੀਕੀ ਜਾਣਕਾਰੀ ਦੇਣ ਲਈ ਵਿਭਾਗ ਵੱਲੋਂ ਜਿ਼ਲ੍ਹੇ ਵਿਚ 137 ਕਿਸਾਨ ਮਿੱਤਰ ਭਰਤੀ ਕੀਤੇ ਜਾ ਰਹੇ ਹਨ। ਉਨ੍ਹਾਂ ਨੇ ਆਖਿਆ ਕਿ ਕਿਸਾਨਾਂ ਨੂੰ ਨਰਮੇ ਦੀ ਕਾਸਤ ਲਈ ਵਿਗਿਆਨਕ ਜਾਣਕਾਰੀ ਦੇਣ ਲਈ ਵਿਭਾਗ ਨੂੰ ਪਾਬੰਦ ਕੀਤਾ ਗਿਆ ਹੈ।
ਮੁੱਖ ਖੇਤੀਬਾੜੀ ਅਫ਼ਸਰ ਸ੍ਰੀ ਸਰਵਨ ਸਿੰਘ ਨੇ ਦੱਸਿਆ ਕਿ ਨਰਮੇ ਦੀ ਖੇਤੀ ਹੁਣ ਪੂਰੀ ਤਰਾਂ ਨਾਲ ਵਿਗਿਆਨ ਤੇ ਅਧਾਰਤ ਹੋ ਗਈ ਹੈ ਅਤੇ ਜ਼ੇਕਰ ਅਸੀਂ ਨਿੱਕੀਆਂ ਨਿੱਕੀਆਂ ਗੱਲਾਂ ਦਾ ਖਿਆਲ ਰੱਖੀਏ ਤੇ ਵੱਡਾ ਲਾਭ ਹੁੰਦਾ ਹੈ। ਇਸੇ ਲਈ ਨਰਮੇ ਦੀ ਖੇਤੀ ਦੀਆਂ ਬਰੀਕੀਆਂ ਸਬੰਧੀ ਕਿਸਾਨਾਂ ਤੱਕ ਜਿਆਦਾ ਤੋਂ ਜਿਆਦਾ ਜਾਣਕਾਰੀ ਦੇਣ ਲਈ ਵਿਭਾਗ ਨੇ ਕਿਸਾਨ ਮਿੱਤਰ ਰੱਖੇ ਹਨ ਜਿੰਨ੍ਹਾਂ ਨੂੰ ਪੰਜਾਬ ਖੇਤੀਬਾੜੀ ਯੁਨੀਵਰਸਿਟੀ ਵੱਲੋਂ ਸਿਖਲਾਈ ਦਿੱਤੀ ਜਾ ਰਹੀ ਹੈ।
ਉਨ੍ਹਾਂ ਨੇ ਦੱਸਿਆ ਕਿ ਇਸ ਤੋਂ ਬਿਨ੍ਹਾਂ ਨਰਮੇ ਦੀਆਂ ਪਿੱਛਲੇ ਸਾਲ ਦੀਆਂ ਛਟੀਆਂ ਵਿਚ ਲੁਕੇ ਗੁਲਾਬੀ ਸੂੰਡੀ ਦੇ ਲਾਰਵੇ ਨੂੰ ਨਸ਼ਟ ਕਰਨ ਲਈ ਵੀ ਉਪਰਾਲੇ ਕੀਤੇ ਜਾ ਰਹੇ ਹਨ। ਉਨ੍ਹਾਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਜ਼ੇਕਰ ਕਿਸੇ ਦੇ ਖੇਤਾਂ ਵਿਚ ਨਰਮੇ ਦੀਆਂ ਛਟੀਆਂ ਪਈਆਂ ਹਨ ਤਾਂ ਉਨ੍ਹਾਂ ਨੂੰ ਝਾੜ ਕੇ ਟੀਂਡੇ ਅਤੇ ਪੱਤੇ ਅਲਗ ਕਰਕੇ ਸਾੜ ਦਿੱਤੇ ਜਾਣ ਜਾਂ ਡੁੰਘੇ ਨੱਪ ਦਿੱਤੇ ਜਾਣ। ਉਨ੍ਹਾਂ ਨੇ ਕਿਹਾ ਕਿ ਇੰਨ੍ਹਾਂ ਟਿੰੰਡਿਆਂ ਵਿਚ ਗੁਲਾਬੀ ਸੂੰਡੀ ਦਾ ਲਾਰਵਾ ਹੈ ਜਿਸ ਨਾਲ ਅਗਲੀ ਫਸਲ ਤੇ ਇਸ ਦਾ ਹਮਲਾ ਹੋ ਸਕਦਾ ਹੈ। ਉਨ੍ਹਾਂ ਨੇ ਕਿਹਾ ਕਿ ਜ਼ੇਕਰ ਖੇਤੀਬਾੜੀ ਵਿਭਾਗ ਅਤੇ ਪੀਏਯੂ ਦੀ ਸਲਾਹ ਅਨੁਸਾਰ ਖੇਤੀ ਕੀਤੀ ਜਾਵੇ ਤਾਂ ਨਰਮੇਂ ਤੋਂ ਚੰਗਾ ਝਾੜ ਲਿਆ ਜਾ ਸਕਦਾ ਹੈ।
Advertisement
Advertisement
error: Content is protected !!