ਦਿਵਿਆਂਗ ਤੇ ਬਜ਼ੁਰਗ ਵੋਟਰਾਂ ਲਈ ਸਰਬੱਤ ਦਾ ਭਲਾ ਟਰੱਸਟ ਵੱਲੋਂ ਵੀਲ੍ਹ ਚੇਅਰ ਪ੍ਰਦਾਨ
ਦਿਵਿਆਂਗ ਤੇ ਬਜ਼ੁਰਗ ਵੋਟਰਾਂ ਲਈ ਸਰਬੱਤ ਦਾ ਭਲਾ ਟਰੱਸਟ ਵੱਲੋਂ ਵੀਲ੍ਹ ਚੇਅਰ ਪ੍ਰਦਾਨ
ਰਿਚਾ ਨਾਗਪਾਲ,ਪਟਿਆਲਾ 18 ਫਰਵਰੀ 2022
ਜ਼ਿਲ੍ਹਾ ਚੋਣ ਅਫ਼ਸਰ -ਕਮ- ਡਿਪਟੀ ਕਮਿਸ਼ਨਰ ਪਟਿਆਲਾ ਸੰਦੀਪ ਹੰਸ ਦੀ ਹੱਲਾਸ਼ੇਰੀ ਸਦਕਾ ਸਰਬੱਤ ਦਾ ਭਲਾ ਟਰੱਸਟ ਦੇ ਚੇਅਰਮੈਨ ਡਾ. ਐਸ.ਪੀ. ਸਿੰਘ ਓਬਰਾਏ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਨੂੰ 10 ਵੀਲ੍ਹ ਚੇਅਰਜ਼ ਪ੍ਰਦਾਨ ਕੀਤੀਆਂ ਗਈਆਂ ਹਨ। ਜਿਨ੍ਹਾਂ ਦੀ ਵਰਤੋਂ ਵੱਖ-ਵੱਖ ਪੋਲਿੰਗ ਸਟੇਸ਼ਨਾਂ ‘ਤੇ ਦਿਵਿਆਂਗ, ਬਜ਼ੁਰਗਾਂ ਤੇ ਗਰਭਵਤੀ ਔਰਤਾਂ ਦੀ ਮਦਦ ਲਈ ਕੀਤੀ ਜਾਵੇਗੀ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਲੋਕਤੰਤਰ ਦੀ ਮਜ਼ਬੂਤੀ ਲਈ ਜਿੱਥੇ ਚੋਣ ਕਮਿਸ਼ਨ ਵੱਲੋਂ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ, ਉੱਥੇ ਬਹੁਤ ਸਾਰੀਆਂ ਸਮਾਜ ਸੇਵੀ ਸੰਸਥਾਵਾਂ ਵੱਲੋਂ ਭਰਵਾਂ ਸਹਿਯੋਗ ਦਿੱਤਾ ਜਾ ਰਿਹਾ ਹੈ। ਉਪ ਜ਼ਿਲ੍ਹਾ ਚੋਣ ਅਫ਼ਸਰ -ਕਮ- ਵਧੀਕ ਡਿਪਟੀ ਕਮਿਸ਼ਨਰ (ਜਨਰਲ) ਗੁਰਪ੍ਰੀਤ ਸਿੰਘ ਥਿੰਦ ਨੇ ਵੀ ਸਰਬੱਤ ਦਾ ਭਲਾ ਟਰੱਸਟ ਦੇ ਉਪਰਾਲੇ ਦੀ ਸ਼ਲਾਘਾ ਕੀਤੀ ਅਤੇ ਭਵਿੱਖ ‘ਚ ਵੀ ਪ੍ਰਸ਼ਾਸਨ ਨਾਲ ਜੁੜੇ ਰਹਿਣ ਦੀ ਅਪੀਲ ਕੀਤੀ।
ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਵਰਿੰਦਰ ਸਿੰਘ ਟਿਵਾਣਾ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਸੰਦੀਪ ਹੰਸ ਦੀ ਸਰਪ੍ਰਸਤੀ ‘ਚ ਵੋਟਰਾਂ ਨੂੰ ਹਰ ਤਰ੍ਹਾਂ ਦੀ ਮਦਦ ਲਈ ਵੱਖ-ਵੱਖ ਵਿਭਾਗਾਂ ਤੇ ਸੰਸਥਾਵਾਂ ਵੱਲੋਂ ਦਿੱਤੀ ਜਾ ਰਹੀ ਮਦਦ ਸਦਕਾ ਚੋਣ ਪ੍ਰਕਿਰਿਆ ਨੂੰ ਪੂਰੀ ਤਰ੍ਹਾਂ ਸਫਲ ਬਣਾਉਣ ਲਈ ਸਹਾਈ ਸਿੱਧ ਹੋਵੇਗੀ। ਇਸ ਮੌਕੇ ਜ਼ਿਲ੍ਹਾ ਨੋਡਲ ਅਫ਼ਸਰ ਸਵੀਪ ਪ੍ਰੋ. ਗੁਰਬਖਸ਼ੀਸ਼ ਸਿੰਘ ਅੰਟਾਲ ਤੇ ਸਮਾਜਿਕ ਸੁਰੱਖਿਆ ਵਿਭਾਗ ਦੇ ਮੁਲਾਜ਼ਮ ਹਾਜ਼ਰ ਸਨ।