ਤੰਦਰੁਸਤ ਰਹਿਣ ਵੱਲ ਧਿਆਨ ਦੇਣਾ ਲਾਜ਼ਮੀ: ਰਣਦੀਪ ਸਿੰਘ ਨਾਭਾ
ਤੰਦਰੁਸਤ ਰਹਿਣ ਵੱਲ ਧਿਆਨ ਦੇਣਾ ਲਾਜ਼ਮੀ: ਰਣਦੀਪ ਸਿੰਘ ਨਾਭਾ
- ਸ਼ੁਧ ਖਾਣ ਪੀਣ ਦੇ ਨਾਲ ਨਾਲ ਵਾਤਾਵਰਣ ਨੂੰ ਸਾਫ ਰੱਖਣ ਲਈ ਯੋਗਦਾਨ ਪਾਉਣਾ ਦੀ ਅਪੀਲ
ਅਸ਼ੋਕ ਧੀਮਾਨ,ਮੰਡੀ ਗੋਬਿੰਦਗੜ੍ਹ, 02 ਜਨਵਰੀ 2022
ਜੋਗਿੰਦਰ ਵੈੱਲਫੇਅਰ ਟਰੱਸਟ ਵੱਲੋਂ ਆਰੀਆ ਕਾਲਜ, ਮੰਡੀ ਗੋਬਿੰਦਗੜ੍ਹ ਵਿਖੇ ਵਿਸ਼ੇਸ਼ ਮੈਡੀਕਲ ਚੈਕਅਪ ਕੈਂਪ ਲਗਾਇਆ ਗਿਆ, ਜਿਸ ਵਿਚ ਖੇਤੀਬਾੜੀ ਤੇ ਕਿਸਾਨ ਭਲਾਈ ਅਤੇ ਫੂਡ ਪ੍ਰੋਸੈਸਿੰਗ ਮੰਤਰੀ ਸ. ਰਣਦੀਪ ਸਿੰਘ ਨਾਭਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।
ਸ. ਨਾਭਾ ਨੇ ਟਰੱਸਟ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਮਨੁੱਖੀ ਜਾਨਾਂ ਬਚਾਉਣ ਲਈ ਕੀਤੇ ਜਾ ਰਹੇ ਉਪਰਾਲੇ ਬਹੁਤ ਹੀ ਪੁੰਨ ਦਾ ਕਾਰਜ ਹਨ। ਉਨ੍ਹਾਂ ਇਸ ਮੌਕੇ ਲੋਕਾਂ ਨੂੰ ਅਪੀਲ ਕੀਤੀ ਕਿ ਆਪਣੀ ਨੱਠ-ਭੱਜ ਦੀ ਜ਼ਿੰਦਗੀ ਵਿੱਚ ਸਰੀਰਿਕ ਤੰਦਰੁਸਤੀ ਨੂੰ ਬਣਾਈ ਰੱਖਣ ਲਈ ਵਿਸੇਸ਼ ਧਿਆਨ ਦੇਣ। ਉਨ੍ਹਾਂ ਕਿਹਾ ਕਿ ਅੱਜ ਵਾਤਾਵਰਨ ਖਰਾਬ ਹੈ, ਜਿਸ ਨਾਲ ਕੈਂਸਰ,ਸ਼ੂਗਰ ਤੇ ਬਲੱਡ ਪ੍ਰੈਸ਼ਰ ਵਰਗੀਆਂ ਬਿਮਾਰੀਆਂ ਆਮ ਹੋ ਗਈਆਂ ਹਨ,ਇਸ ਲਈ ਸਾਨੂੰ ਸ਼ੁੱਧ ਖਾਣ ਪੀਣ ਦੇ ਨਾਲ ਨਾਲ ਵਾਤਾਵਰਣ ਨੂੰ ਸ਼ੁਧ ਰੱਖਣ ਲਈ ਆਪਣਾ ਪੂਰਾ ਪੂਰਾ ਯੋਗਦਾਨ ਪਾਉਣਾ ਚਾਹੀਦਾ ਹੈ ਤਾਂ ਜੋ ਅਸੀਂ ਨਿਰੋਗ ਜ਼ਿੰਦਗੀ ਜੀਅ ਸਕੀਏ।
ਸ. ਨਾਭਾ ਨੇ ਕਿਹਾ ਕਿ ਅੱਜ ਦੇ ਇਸ ਕੈਂਪ ਦਾ ਵੱਡੀ ਗਿਣਤੀ ਲੋਕਾਂ ਨੂੰ ਲਾਭ ਹੋਵੇਗਾ। ਉਹਨਾਂ ਨੇ ਹੋਰ ਸਮਾਜ ਸੇਵੀ ਸੰਸਥਾਵਾਂ ਨੂੰ ਵੀ ਅਪੀਲ ਕੀਤੀ ਕਿ ਉਹ ਅਜੇਹੇ ਸਮਾਜ ਭਲਾਈ ਦੇ ਕਾਰਜ ਕਰਨ ਜਿਸ ਨਾਲ ਗਰੀਬ ਅਤੇ ਲੋੜਵੰਦਾਂ ਦੀ ਮਦਦ ਕੀਤੀ ਜਾ ਸਕੇ। ਇਸ ਮੌਕੇ ਉਹਨਾਂ ਨੇ ਟਰੱਸਟ ਨੂੰ 02 ਲੱਖ ਰੁਪਏ ਗ੍ਰਾਂਟ ਦੇਣ ਦਾ ਐਲਾਨ ਵੀ ਕੀਤਾ। ਖੇਤੀਬਾੜੀ ਮੰਤਰੀ ਨੇ ਕਿਹਾ ਕਿ ਕਰੋਨਾ ਦੇ ਕੇਸ ਮੁੜ ਵੱਧ ਰਹੇ ਹਨ। ਇਸ ਲਈ ਜ਼ਰੂਰੀ ਹੈ ਕਿ ਸਰਕਾਰ ਵਲੋਂ ਜਾਰੀ ਹਦਾਇਤਾਂ ਦੀ ਪਾਲਣਾ ਕੀਤੀ ਜਾਵੇ ਤਾਂ ਜੋ ਇਹ ਬਿਮਾਰੀ ਅੱਗੇ ਨਾ ਫੈਲੇ ਤੇ ਜਾਨਾਂ ਦਾ ਬਚਾਅ ਹੋ ਸਕੇ।
ਇਸ ਮੌਕੇ ਡਾਕਟਰ ਹਤਿੰਦਰ ਸੂਰੀ, ਰਾਣਾ ਹਸਪਤਾਲ, ਵਲੋਂ ਜਰਨਲ ਬਿਮਾਰੀਆਂ ਸਬੰਧੀ, ਡਾਕਟਰ ਸਾਈਂ ਦੀਪ ਢੰਡ ,ਸਾਈਂ ਹਸਪਤਾਲ, ਅੱਖਾਂ ਸਬੰਧੀ ਅਤੇ ਭਾਰਤ ਵਿਕਾਸ ਪ੍ਰੀਸ਼ਦ, ਲੁਧਿਆਣਾ, ਵਲੋਂ ਸ਼੍ਰੀ ਆਨੰਦ ਤਿਵਾੜੀ ਦੀ ਟੀਮ ਵੱਲੋਂ ਨਕਲੀ ਅੱਗਾਂ ਸਬੰਧੀ ਚੈੱਕਅਪ ਕੀਤਾ ਗਿਆ ਤੇ ਅਪਰੇਸ਼ਨਾਂ ਸਬੰਧੀ ਸਮਾਂ ਵੀ ਦਿੱਤਾ ਗਿਆ।
ਇਸ ਮੌਕੇ ਸ. ਨਾਭਾ ਦੀ ਧਰਮ ਪਤਨੀ ਸ਼੍ਰੀਮਤੀ ਬਹਿਸ਼ਤਾ ਸਿੰਘ, ਮਾਰਕਿਟ ਕਮੇਟੀ ਅਮਲੋਹ ਦੇ ਵਾਇਸ ਚੇਅਰਮੈਨ ਰਾਜਿੰਦਰ ਬਿੱਟੂ, ਨਗਰ ਕੌਂਸਲ ਦੇ ਪ੍ਰਧਾਨ ਹਰਪ੍ਰੀਤ ਪ੍ਰਿੰਸ, ਪੀ ਪੀ ਸੀ ਸੀ ਦੇ ਸਕੱਤਰ ਜੋਗਿੰਦਰ ਸਿੰਘ ਮੈਣੀ, ਸੰਜੀਵ ਦੱਤਾ, ਡਾਕਟਰ ਮਨਮੋਹਣ ਕੌਸ਼ਲ, ਅੰਕਿਤਾ ਅਗਰਵਾਲ ਤਹਿਸੀਲਦਾਰ, ਆਦਰਸ਼ ਗਰਗ, ਆਈਨਾ ਗਰਗ, ਸੰਜੇ ਗੁਪਤਾ, ਅਸ਼ਵਨੀ ਗਰਗ, ਨਿਮਿਤ ਗਰਗ ਸਮੇਤ ਪਤਵੰਤੇ ਹਾਜ਼ਰ ਸਨ।