ਡੇਰੇ ਦਾ ਪੈਂਤੜਾ: ਸੀ ਆਈ ਡੀ ਨੇ ਪਾਈ ‘ਸਿਆਸੀ ਪਾਣੀ’ ‘ਚ ਮਧਾਣੀ
ਡੇਰੇ ਦਾ ਪੈਂਤੜਾ: ਸੀ ਆਈ ਡੀ ਨੇ ਪਾਈ ‘ਸਿਆਸੀ ਪਾਣੀ’ ‘ਚ ਮਧਾਣੀ
ਅਸ਼ੋਕ ਵਰਮਾ, ,ਬਠਿੰਡਾ, 12 ਜਨਵਰੀ 2022:
ਡੇਰਾ ਸੱਚਾ ਸੌਦਾ ਸਰਸਾ ਵੱਲੋਂ 9 ਜਨਵਰੀ ਨੂੰ ਸਲਾਬਤਪੁਰਾ ਡੇਰੇ ’ਚ ਕੀਤੇ ਦਿਓ ਕੱਦ ਇਕੱਠ ਨੇ ਪੰਜਾਬ ਪੁਲਿਸ ਦੇ ਖੁਫੀਆ ਵਿੰਗ ਨੂੰ ਉਲਝਾ ਕੇ ਰੱਖ ਦਿੱਤਾ ਹੈ। ਇਸ ਸਮਾਗਮ ’ਚ ਭਾਜਪਾ ਦੇ ਚੋਟੀ ਦੇ ਆਗੂਆਂ ਹਰਜੀਤ ਗਰੇਵਾਲ, ਸੁਰਜੀਤ ਜਿਆਣੀ, ਵਜ਼ੀਰ ਵਿਜੇਇੰਦਰ ਸਿੰਗਲਾ ,ਸਾਬਕਾ ਮੰਤਰੀ ਸਾਧੂ ਸਿੰਘ ਧਰਮਸੌਤ ਅਤੇ ਹੋਰ ਵੀ ਕਾਫੀ ਸਿਆਸੀ ਲੀਡਰਾਂ ਨੇ ਸ਼ਿਰਕਤ ਕੀਤੀ ਸੀ। ਇਸ ਕਰਕੇ ਇਸ ਪ੍ਰੋਗਰਾਮ ਦੀ ਸਿਆਸੀ ਪੱਖ ਤੋਂ ਵੀ ਅਹਿਮੀਅਤ ਮੰਨੀ ਜਾ ਰਹੀ ਹੈ। ਇਸ ਸਮਾਗਮ ’ਚ ਡੇਰਾ ਪੈਰੋਕਾਰਾਂ ਦਾ ਅਨੁਮਾਨਾਂ ਨਾਲੋਂ ਉਲਟ ਵੱਡਾ ਇਕੱਠ ਹੋਇਆ ਸੀ ਜਿਸ ਨੂੰ ਦੇਖਦਿਆਂ ਸੀ ਆਈ ਡੀ ਨੇ ਡੇਰਾ ਪ੍ਰੇਮੀਆਂ ਦੇ ਬਲਾਕ ਅਤੇ ਪਿੰਡ ਪੱਧਰੀ ਆਗੂਆਂ ਦੇ ਨਾਲ ਸਰਗਰਮ ਸ਼ਰਧਾਲੂਆਂ ਦੀ ਪੈੜ ਨੱਪਣੀ ਸ਼ੁਰੂ ਕਰ ਦਿੱਤੀ ਹੈ।
ਡੇਰੇ ਦੇ ਅਖਬਾਰ ਨੇ ਸਮਾਗਮ ਦੇ ਇੱਕ ਦਿਨ ਬਾਅਦ ਇੰਕਸ਼ਾਫ ਕੀਤਾ ਸੀ ਕਿ 9 ਜਨਵਰੀ ਨੂੰ ਸਲਾਬਤਪੁਰਾ ’ਚ ਸ਼ਾਹ ਸਤਿਨਾਮ ਸਿੰਘ ਦੇ ਜਨਮ ਦਿਨ ਦਾ ਭੰਡਾਰਾ ਮਨਾਉਣ ਲਈ 24 ਲੱਖ 75 ਹਜਾਰ ਸ਼ਰਧਾਲੂ ਪੁੱਜੇ ਸਨ। ਡੇਰਾ ਪ੍ਰੇਮੀਆਂ ਦੀ ਸਾਂਭ ਸੰਭਾਲ ਅਤੇ ਲੰਗਰ ਆਦਿ ਮੁਹੱਈਆ ਕਰਵਾਉਣ ਲਈ 50 ਹਜਾਰ ਸੇਵਾਦਾਰਾਂ ਵੱਲੋਂ ਡਿਊਟੀ ਦੇਣ ਦੀ ਗੱਲ ਵੀ ਆਖੀ ਗਈ ਸੀ। ਵੱਡੀ ਗੱਲ ਹੈ ਕਿ ਡੇਰੇ ਦੇ ਅਖਬਾਰ ਵੱਲੋਂ ਜਾਰੀ ਗਿਣਤੀ ਨੇ ਨਾਂ ਕੇਵਲ ਸਿਆਸੀ ਧਿਰਾਂ ਬਲਕਿ ਸਰਕਾਰੀ ਤੰਤਰ ਦੇ ਕੰਨ ਖੜ੍ਹੇ ਕਰ ਦਿੱਤੇ ਹਨ।
ਹਾਲਾਂਕਿ ਇਸ ਮੁੱਦੇ ਤੇ ਕੋਈ ਵੀ ਅਧਿਕਾਰੀ ਕੁਝ ਕਹਿਣ ਨੂੰ ਤਿਆਰ ਨਹੀਂ ਹੋਇਆ ਪਰ ਅਹਿਮ ਸੂਤਰਾਂ ਨੇ ਖੁਫੀਆ ਵਿਭਾਗ ਦੇ ਸੂਹੀਆਂ ਵੱਲੋਂ ਡੇਰਾ ਸਿਰਸਾ ਨਾਲ ਸਬੰਧਤ ਮੋਹਰੀ ਆਗੂਆਂ ਤੋਂ ਜਾਣਕਾਰੀ ਲੈਣ ਲਈ ਕੋਸ਼ਿਸ਼ਾਂ ਕਰਨ ਦੀ ਪੁਸ਼ਟੀ ਕੀਤੀ ਹੈ। ਡੇਰਾ ਸਿਰਸਾ ਦਾ ਮਾਲਵੇ ਦੇ ਜਿਲਿ੍ਹਆਂ ’ਚ ਵੱਡਾ ਪ੍ਰਭਾਵ ਹੈ ਜਿਸ ’ਚ ਵਿਧਾਨ ਸਭਾ ਦੇ ਕਰੀਬ 70 ਹਲਕੇ ਪੈਂਦੇ ਹਨ। ਜਾਣਕਾਰੀ ਮੁਤਾਬਕ ਕਈ ਵਿਧਾਨ ਸਭਾ ਸੀਟਾਂ ’ਚ ਤਾਂ ਡੇਰਾ ਪ੍ਰੇਮੀਆਂ ਦੀਆਂ ਫੈਸਲਾਕੁੰਨ ਵੋਟਾਂ ਹਨ । ਪੰਜਾਬ ਪੁਲਿਸ ਦੇ ਖੁਫੀਆ ਵਿਭਾਗ ਕੋਲ ਹਰ ਤਰਾਂ ਦੇ ਵੇਰਵੇ ਮੂਜੂਦ ਹਨ। ਹੁਣ ਜਦੋਂ ਸਲਾਬਤਪੁਰਾ ’ਚ ਡੇਰਾ ਪੈਰੋਕਾਰਾਂ ਦਾ ਇਕੱਠ ਅੰਕੜਿਆਂ ਤੋਂ ਕਿਤੇ ਜਿਆਦਾ ਹੋਇਆ ਹੈ ਤਾਂ ਸੀਆਈਡੀ ਨੂੰ ਫਿਰ ਤੋਂ ਮੈਦਾਨ ’ਚ ਉੱਤਰਨਾ ਪਿਆ ਹੈ।
ਸੂਤਰ ਦੱਸਦੇ ਹਨ ਕਿ ਖੁਫੀਆ ਵਿਭਾਗ ਨੇ ਆਪਣੇ ਪੁਰਾਣੇ ਵਹੀ ਖਾਤਿਆਂ ਤੋਂ ਗਰਦ ਝਾੜਨੀ ਸ਼ੁਰੂ ਕਰ ਦਿੱਤੀ ਹੈ ਅਤੇ ਸਾਲ 2007 ’ਚ ਹੋਏ ਡੇਰਾ ਸਿੱਖ ਵਿਵਾਦ ਮੌਕੇ ਤਿਆਰ ਕੀਤੇ ਡੋਜ਼ੀਅਰ ਵੀ ਫਰੋਲੇ ਜਾ ਰਹੇ ਹਨ। ਸੂਤਰਾਂ ਮੁਤਾਬਕ ਸਰਕਾਰ ਦੇ ਨਿਰਦੇਸ਼ਾਂ ਤਹਿਤ ਸੂਹੀਆ ਏਜੰਸੀਆਂ ਮਾਲਵੇ ’ਚ ਡੇਰਾ ਪੈਰੋਕਾਰਾਂ ਦੇ ਦਿਲਾਂ ਦੀਆਂ ਬੁੱਝਣ ਲੱਗੀਆਂ ਹਨ। ਮਹੱਤਵਪੂਰਨ ਤੱਥ ਹੈ ਕਿ ਸਰਕਾਰੀ ਪੱਧਰ ਤੇ ਅਜਿਹੀ ਕਵਾਇਦ ਉਸ ਵਕਤ ਸਾਹਮਣੇ ਆਈ ਹੈ ਜਦੋਂ ਚੋਣ ਜਾਬਤੇ ਤੋਂ ਬਾਅਦ ਸਿਆਸੀ ਧਿਰਾਂ ਪ੍ਰਚਾਰ ’ਚ ਲੱਗੀਆਂ ਹੋਈਆਂ ਹਨ।
ਦਰਅਸਲ ਪੰਜਾਬ ਦੀਆਂ ਰਾਜਸੀ ਪਾਰਟੀਆਂ ਪਿਛੋਕੜ ’ਚ ਵੀ ਡੇਰਾ ਸਿਰਸਾ ਤੋਂ ਹਮਾਇਤ ਹਾਸਲ ਕਰਦੀਆਂ ਰਹੀਆਂ ਹਨ ਪਰ ਸਾਲ 2007 ਦੀਆਂ ਵਿਧਾਨ ਸਭਾ ਚੋਣਾਂ ਮੌਕੇ ਡੇਰਾ ਸੱਚਾ ਸੌਦਾ ਸਰਸਾ ਨੇ ਆਪਣਾ ਸਿਆਸੀ ਵਿੰਗ ਬਣਾਕੇ ਕਾਂਗਰਸ ਪਾਰਟੀ ਨੂੰ ਖੁੱਲ੍ਹੀ ਹਮਾਇਤ ਦਿੱਤੀ ਸੀ। ਇੰਨ੍ਹਾਂ ਚੋਣਾਂ ਦੌਰਾਨ ਡੇਰਾ ਪ੍ਰੇਮੀਆਂ ਨੇ ਨਿੱਠ ਕੇ ਕਾਂਗਰਸੀ ਉਮੀਦਵਾਰਾਂ ਨੂੰ ਵੋਟਾਂ ਪਾਈਆਂ ਸਨ ਜਿਸ ਕਾਰਨ ਅਕਾਲੀ ਦਲ ਦੇ ਸਿਕੰਦਰ ਸਿੰਘ ਮਲੂਕਾ ਅਤੇ ਬਲਵਿੰਦਰ ਸਿੰਘ ਭੂੰਦੜ ਵਰਗੇ ਵੱਡੇ ਵੱਡ ਥੰਮ੍ਹ ਹਾਰ ਗਏ ਸਨ।
ਬੇਸ਼ੱਕ ਮਾਝੇ ਅਤੇ ਦੋਆਬੇ ਕਾਰਨ ਅਕਾਲੀ ਦਲ ਦੀ ਸਰਕਾਰ ਬਣ ਗਈ ਪਰ ਹਮੇਸ਼ਾ ਅਕਾਲੀ ਦਲ ਦੇ ਪ੍ਰਭਾਵ ਵਾਲੀ ਮਾਲਵਾ ਪੱਟੀ ’ਚ ਵੱਡੀ ਗਿਣਤੀ ਅਕਾਲੀ ਉਮੀਦਵਾਰਾਂ ਨੂੰ ਨਮੋਸ਼ੀ ਝੱਲਣੀ ਪਈ ਸੀ। ਚੋਣਾਂ ਤੋਂ ਬਾਅਦ ਡੇਰਾ ਪੈਰੋਕਾਰਾਂ ਨੂੰ ਕਈ ਤਰਾਂ ਦੀਆਂ ਵਧੀਕੀਆਂ ਦਾ ਸਾਹਮਣਾ ਕਰਨਾ ਪਿਆ ਅਤੇ ਡੇਰਾ ਪ੍ਰੇਮੀਆਂ ਖਿਲਾਫ ਪੁਲਿਸ ਕੇਸ ਵੀ ਦਰਜ ਹੋਏ ਸਨ। ਇਸ ਸਮੁੱਚੇ ‘ਐਪੀਸੋਡ’ ਦੌਰਾਨ ਇੱਕਾ ਦੁੱਕਾ ਥਾਵਾਂ ਨੂੰ ਛੱਡਕੇ ਕਾਂਗਰਸ ਪਾਰਟੀ ਪੂਰੀ ਤਰਾਂ ਮੂਕਦਰਸ਼ਕ ਬਣਕੇ ਤਮਾਸ਼ਾ ਦੇਖਦੀ ਰਹੀ। ਸਾਲ 2017 ਦੀਆਂ ਵਿਧਾਨ ਸਭਾ ਚੋਣਾਂ ’ਚ ਡੇਰੇ ਦੇ ਸਿਆਸੀ ਵਿੰਗ ਵੱਲੋਂ ਅਕਾਲੀ ਦਲ ਨੂੰ ਜਨਤਕ ਹਮਾਇਤ ਦੇਣ ਦੇ ਬਾਵਜੂਦ ਸਰਕਾਰ ਕਾਂਗਰਸ ਦੀ ਬਣ ਗਈ ਅਤੇ ਡੇਰਾ ਪੈਰੋਕਾਰ ਫਿਰ ਤੋਂ ਨਿਸ਼ਾਨੇ ਤੇ ਆ ਗਏ।
ਬੇਅਦਬੀ ਦੇ ਮਾਮਲੇ ਮਗਰੋਂ ਕਾਂਗਰਸ ਤਾਂ ਖੁੱਲ੍ਹੇਆਮ ਹੀ ਡੇਰੇ ਦੇ ਖ਼ਿਲਾਫ਼ ਨਿੱਤਰੀ ਜਦੋਂਕਿ ਅਕਾਲੀ ਆਗੂ ਵੀ ਦਬੀ ਜ਼ੁਬਾਨ ਵਿੱਚ ਹੀ ਬੋਲਦੇ ਸਨ। ਭਾਵੇਂ ਡੇਰਾ ਸਿਰਸਾ ਨੇ ਬੇਅਦਬੀ ਮਾਮਲਿਆਂ ’ਚ ਡੇਰਾ ਸਿਰਸਾ ਦੀ ਭੂਮਿਕਾ ਨੂੰ ਨਕਾਰਿਆ ਫਿਰ ਵੀ ਕਿਸੇ ਸਿਆਸੀ ਧਿਰ ਵੱਲੋਂ ਹਾਅ ਦਾ ਨਾਅਰਾ ਵੀ ਨਹੀਂ ਮਾਰਿਆ ਗਿਆ ਹੈ। ਹੁਣ ਜਦੋਂ ਸਿਆਸੀ ਮੇਲਾ ਭਖਿਆ ਹੈ ਤਾਂ ਡੇਰਾ ਸਿਰਸਾ ਆਪਣੀ ਸਿਆਸੀ ਵੁੱਕਤ ਪਵਾਉਣ ਦੇ ਰਾਹ ਤੁਰਿਆ ਹੈ।
ਸੂਤਰਾਂ ਅਨੁਸਾਰ 9 ਜਨਵਰੀ ਦਾ ਇਕੱਠ ਵੀ ਇਸੇ ਦਿਸ਼ਾ ’ਚ ਰਣਨੀਤਕ ਪੈਂਤੜਾ ਸੀ ਜਿਸ ਨੇ ਵੱਡੇ ਵੱਡੇ ਸਿਆਸੀ ਮਾਹਿਰ ਉੱਗਲਾਂ ਟੁੱਕਣ ਲਾ ਦਿੱਤੇ ਹਨ। ਖੁਫੀਆ ਵਿੰਗ ਦੇ ਇੱਕ ਮੁਲਾਜਮ ਨੇ ਆਫ ਦਾ ਰਿਕਾਰਡ ਦੱਸਿਆ ਕਿ ਡੇਰਾ ਮੁਖੀ ਦੇ ਜੇਲ੍ਹ ਜਾਣ ਮਗਰੋਂ ਜੋ ਡੇਰਾ ਸਿਰਸਾ ਚੁੱਪ ਸੀ ਉਸ ਦੀ ਅਚਾਨਕ ਐਨੀ ਵੱਡੀ ਸਰਗਰਮੀ ਹੈਰਾਨ ਕਰਨ ਵਾਲੀ ਹੈ। ਉਨ੍ਹਾਂ ਦੱਸਿਆ ਕਿ ਡੇਰਾ ਪੈਰੋਕਾਰ ਪੂਰੀ ਤਰਾਂ ਖੁੱਲ੍ਹ ਕੇ ਦਿਲ ਦਾ ਭੇਤ ਨਹੀਂ ਦੇ ਰਹੇ ਜਿਸ ਕਰਕੇ ਹਵਾ ਦਾ ਰੁੱਖ ਜਾਣਨ ਵਿੱਚ ਵੱਡੀ ਮੁਸ਼ਕਲ ਆ ਰਹੀ ਹੈ।