ਡੀ.ਸੀ.ਨੇ ਕੈਟਲ ਪੋਂਡ ਦਾ ਕੀਤਾ ਦੌਰਾ,CCTV ਕੈਮਰੇ ਜਲਦ ਚਾਲੂ ਕਰਨ ਦੀ ਹਦਾਇਤ
ਪੀ਼.ਟੀ. ਨੈਟਵਰਕ , ਫਾਜਿ਼ਲਕਾ 2 ਅਗਸਤ 2022
ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਵੱਲੋਂ ਜ਼ਿਲ੍ਹੇ ਦੇ ਪਿੰਡ ਸਲੇਮ ਸ਼ਾਹ ਵਿਖੇ ਚੱਲ ਰਹੇ ਕੈਟਲ ਪੋਂਡ ਦਾ ਦੌਰਾ ਕੀਤਾ। ਉਨ੍ਹਾਂ ਗਉਸ਼ਾਲਾ ਵਿਖੇ ਪਹੰੁਚ ਕੇ ਚੱਲ ਰਹੇ ਵਿਕਾਸ ਕੰਮਾਂ ਸਬੰਧੀ ਜਾਣਕਾਰੀ ਹਾਸਲ ਕੀਤੀ। ਇਸ ਮੌਕੇ ਉਨ੍ਹਾਂ ਗਉਸ਼ਾਲਾ ਵਿਖੇ ਬਕਾਇਆ ਪਏ ਅਧੂਰੇ ਕੰਮਾਂ ਨੂੰ ਜਲਦ ਤੋਂ ਜਲਦ ਕਰਨ ਦੇ ਆਦੇਸ਼ ਦਿੱਤੇ।
ਡਿਪਟੀ ਕਮਿਸ਼ਨਰ ਨੇ ਗਉਸ਼ਾਲਾ ਵਿਚ ਨਰੇਗਾ ਸਕੀਮ ਅਧੀਨ ਗਉਵੰਸ਼ ਦੇ ਬੈਠਣ ਲਈ ਢੁਕਵੀਂ ਥਾਂ ਬਣਾਉਣ ਲਈ ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫਸਰ ਨੂੰ ਲੋੜੀਂਦੇ ਆਦੇਸ਼ ਦਿੱਤੇ।ਇਸ ਤੋਂ ਇਲਾਵਾ ਗਉਸ਼ਾਲਾ ਵਿਖੇ ਤੂੜੀ ਗੋਦਾਮ ਬਣਾਉਣ ਲਈ ਵੀ ਕਿਹਾ।
ਕੈਟਲ ਪੋਂਡ ਦੇ ਇੰਚਾਰਜ ਸੋਨੂ ਕੁਮਾਰ ਨੇ ਦੱਸਿਆ ਕਿ ਕੈਟਲ ਪੋਂਡ ਵਿਚ 2 ਸ਼ੈੱਡ ਬਣੇ ਹੋਏ ਹਨ ਜਿਸ ਵਿਚ 450 ਦੇ ਕਰੀਬ ਗਉਵੰਸ਼ ਨੂੰ ਰੱਖਣ ਦੀ ਸਮਰੱਥਾ ਹੈ। ਉਨ੍ਹਾਂ ਦੱਸਿਆ ਕਿ ਗਉਸ਼ਾਲਾ ਦੇ ਨੇੜੇ ਸੇਮ ਨਾਲੇ ਦੇ ਨਾਲ 140 ਫੁੱਟ ਦੀ ਦੀਵਾਰ ਬਣਨ ਵਾਲੀ ਹੈ ਜਿਸ ਤਹਿਤ ਡਿਪਟੀ ਕਮਿਸ਼ਨਰ ਨੇ ਮੌਕੇ ਤੇ ਸਬੰਧਤ ਅਧਿਕਾਰੀ ਨੂੰ ਦੀਵਾਰ ਨੂੰ ਜਲਦ ਤੋਂ ਜਲਦ ਬਣਾਉਣ ਦੇ ਆਦੇਸ਼ ਦਿੱਤੇ।ਇਸ ਤੋਂ ਇਲਾਵਾ ਕੈਂਟਲ ਪੋਂਡ ਵਿਖੇ ਉਚੀ ਨੀਵੀ ਥਾਂ ਨੂੰ ਵੀ ਪੱਧਰ ਕਰਵਾ ਕੇ ਹਰੇ ਚਾਰੇ ਦੀ ਬਿਜਾਈ ਲਈ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨੂੰ ਆਦੇਸ਼ ਦਿੱਤੇ।ਡਿਪਟੀ ਕਮਿਸ਼ਨਰ ਵੱਲੋਂ ਕੈਟਲ ਪੋਂਡ ਵਿਚ ਨਿਗਰਾਨੀ ਲਈ ਸੀ.ਸੀ.ਟੀ.ਵੀ. ਕੈਮਰੇ ਚਲਦੀ ਹਾਲਤ ਵਿਚ ਕਰਨ ਦੇ ਆਦੇਸ਼ ਦਿੱਤੇ।
ਡਿਪਟੀ ਕਮਿਸ਼ਨਰ ਨੇ ਡਿਪਟੀ ਡਾਇਰੈਕਟਰ ਪਸ਼ੂ ਪਾਲਣ ਨੂੰ ਕੈਟਲ ਪੋਂਡ ਵਿੱਚ ਰਹਿ ਰਹੇ ਗਉਵੰਸ਼ ਦੀ ਟੈਗਿੰਗ ਕਰਵਾਉਣ, ਸਿਹਤ ਸੁਵਿਧਾਵਾਂ ਲਈ ਪੱਕੇ ਤੌਰ `ਤੇ ਡਾਕਟਰ ਦੀ ਤਾਇਨਾਤੀ ਕਰਨ ਲਈ ਵੀ ਹੁਕਮ ਦਿੱਤੇ।
ਇਸ ਮੋਕੇ ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫਸਰ ਸ. ਸੁਖਪਾਲ ਸਿੰਘ, ਡਿਪਟੀ ਡਾਇਰੈਕਟਰ ਪਸ਼ੂ ਪਾਲਣ ਵਿਭਾਗ ਡਾ. ਰਾਜੀਵ ਛਾਬੜਾ, ਡਾ. ਸਾਹਿਲ ਸੇਤੀਆ, ਡਾ. ਰਿਸ਼ਭ ਝਿਝੋਰੀਆ, ਤਹਿਸੀਲਦਾਰ ਫਾਜ਼ਿਲਕਾ ਸ. ਜਗਸੀਰ ਸਿੰਘ ਸਰਾਂ, ਖੇਤੀਬਾੜੀ ਵਿਭਾਗ, ਬੀ.ਡੀ.ਪੀ.ਓ ਫਾਜ਼ਿਲਕਾ, ਸੁਪਰਡੰਟ ਸੰਦੀਪ ਮੌਜੂਦ ਸਨ।