ਵੱਡ ਅਕਾਰੀ ਸ਼ੈੱਡ, ਇੰਟਰਲਾਕਿੰਗ, ਪਾਣੀ ਦੀ ਟੈਂਕੀ ਸਮੇਤ ਹੋਰ ਸਹੂਲਤਾਂ ਦਾ ਕੀਤਾ ਗਿਆ ਪ੍ਰਬੰਧ
ਕਰਨ ਦੇ ਨਿਰਦੇਸ਼
ਪਿੰਡ ਮਨਾਲ ਦੇ ਖੇਡ ਮੈਦਾਨ ਨੂੰ ਸਪੋਰਟਸ ਪਾਰਕ ਵਜੋਂ ਕੀਤਾ ਜਾਵੇਗਾ ਵਿਕਸਿਤ
ਰਘਵੀਰ ਹੈਪੀ , ਬਰਨਾਲਾ, 11 ਮਾਰਚ 2023
ਡਿਪਟੀ ਕਮਿਸ਼ਨਰ ਬਰਨਾਲਾ ਸ੍ਰੀਮਤੀ ਪੂਨਮਦੀਪ ਕੌਰ ਵੱਲੋਂ ਸਰਕਾਰੀ ਗਊਸ਼ਾਲਾ ਮਨਾਲ ਦਾ ਦੌਰਾ ਕਰਕੇ ਗਊਸ਼ਾਲਾ ’ਚ ਕਰਾਏ ਗਏ ਇਕ ਕਰੋੜ ਤੋਂ ਵੱਧ ਲਾਗਤ ਦੇ ਕੰਮਾਂ ਦਾ ਜਾਇਜ਼ਾ ਲਿਆ।
ਇਸ ਮੌਕੇ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਗਊਸ਼ਾਲਾ ਵਿੱਚ ਪਸ਼ੂਆਂ ਦੇ ਪੀਣ ਦੇ ਪਾਣੀ ਸਮੇਤ ਖੇਤਾਂ ਲਈ ਪਾਣੀ ਤੱਕ ਦਾ ਵੀ ਢੁਕਵਾਂ ਪ੍ਰਬੰਧ ਨਹੀਂ ਸੀ, ਜਿਸ ’ਤੇ ਪਾਣੀ ਲਈ ਖੇਲਾਂ ਬਣਾਈਆਂ ਗਈਆਂ, 25 ਐਚਪੀ ਦੀ ਮੋਟਰ ਲਗਵਾਈ ਗਈ, ਕੱਚੇ ਰਸਤਿਆਂ ਨੂੰ ਪੱਕੇ ਕਰਨ ਲਈ ਇੰਟਰਲਾਕਿੰਗ ਟਾਈਲਾਂ ਲਗਵਾਈਆਂ ਗਈਆਂ ਤੇ ਵੱਡ ਅਕਾਰੀ ਸ਼ੈੱਡ ਬਣਾਇਆ ਗਿਆ ਹੈ ਤਾਂ ਜੋ ਗਊਧਨ ਦੀ ਸਾਂਭ-ਸੰਭਾਲ ਲਈ ਪ੍ਰਬੰਧ ਪੁਖਤਾ ਹੋਣ।
ਇਸ ਮੌਕੇ ਉਨ੍ਹਾਂ ਦੱਸਿਆ ਕਿ ਪਾਣੀ ਦੀ ਸਟੋਰੇਜ ਲਈ ਟੈਂਕੀ ਦਾ ਕੰਮ ਜਾਰੀ ਹੈ। ਉਨ੍ਹਾਂ ਸ਼ੈੱਡ ਅਤੇ ਪਾਣੀ ਦੀ ਟੈਂਕੀ ਸਮੇਤ ਸਾਰੇ ਕੰਮ 31 ਮਾਰਚ ਤੱਕ ਮੁਕੰਮਲ ਕਰਨ ਦੇ ਨਿਰਦੇਸ਼ ਦਿੱਤੇ।
ਇਸ ਮੌਕੇ ਉਨ੍ਹਾਂ ਪਿੰਡ ਦੀ ਪੰਚਾਇਤ ਤੇ ਹੋਰ ਮੋਹਤਬਰਾਂ ਨਾਲ ਮੀਟਿੰਗ ਕੀਤੀ ਤੇ ਪਿੰਡ ’ਚ ਹੋਣ ਵਾਲੇ ਵਿਕਾਸ ਕਾਰਜਾਂ ਦਾ ਜਾਇਜ਼ਾ ਲਿਆ। ਉਨ੍ਹਾਂ ਪਿੰਡ ਦੇ ਖੇਡ ਮੈਦਾਨ ਦਾ ਦੌਰਾ ਕੀਤਾ ਤੇ ਕਰੀਬ 30 ਲੱਖ ਦੀ ਲਾਗਤ ਨਾਲ ਸਪੋਰਟਸ ਪਾਰਕ ਬਣਾਉਣ ਦਾ ਕੰਮ ਛੇਤੀ ਸ਼ੁਰੂ ਕਰਾਉਣ ਦੇ ਨਿਰਦੇਸ਼ ਦਿੱਤੇ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਪਰਮਵੀਰ ਸਿੰਘ, ਐਸਡੀਐਮ ਗੋਪਾਲ ਸਿੰਘ, ਬੀਡੀਪੀਓ ਪ੍ਰਵੇਸ਼ ਕੁਮਾਰ, ਐਸਡੀਓ (ਪੰਚਾਇਤੀ ਰਾਜ) ਦੁੱਲਾ ਰਾਮ ਤੇ ਹੋਰ ਅਧਿਕਾਰੀ ਤੇ ਪਤਵੰਤੇ ਹਾਜ਼ਰ ਸਨ।