ਡਿਪਟੀ ਕਮਿਸ਼ਨਰ ਵੱਲੋਂ ਸੰਸਥਾ ਇਨੀਸ਼ੀਏਟਰਜ਼ ਆਫ਼ ਚੇਂਜ ਦੇ ਸਹਿਯੋਗ ਨਾਲ ‘ਆਈ ਵੋਟ ਆਈ ਲੀਡ ਮੁਹਿੰਮ’ ਦਾ ਆਗਾਜ਼
ਡਿਪਟੀ ਕਮਿਸ਼ਨਰ ਵੱਲੋਂ ਸੰਸਥਾ ਇਨੀਸ਼ੀਏਟਰਜ਼ ਆਫ਼ ਚੇਂਜ ਦੇ ਸਹਿਯੋਗ ਨਾਲ ‘ਆਈ ਵੋਟ ਆਈ ਲੀਡ ਮੁਹਿੰਮ’ ਦਾ ਆਗਾਜ਼
ਦਵਿੰਦਰ.ਡੀ.ਕੇ,ਲੁਧਿਆਣਾ, 02 ਦਸੰਬਰ (2021)
ਜ਼ਿਲ੍ਹਾ ਪ੍ਰਸ਼ਾਸਨ ਲੁਧਿਆਣਾ ਵੱਲੋਂ ਆਗਾਮੀ ਵਿਧਾਨ ਸਭਾ ਚੋਣਾਂ ਵਿੱਚ ਵੋਟਰਾਂ ਦੀ ਵੱਧ ਤੋਂ ਵੱਧ ਭਾਗੀਦਾਰੀ ਨੂੰ ਯਕੀਨੀ ਬਣਾਉਣ ਲਈ ਅੱਜ ਜ਼ਿਲ੍ਹਾ ਪ੍ਰਸ਼ਾਸ਼ਨਿਕ ਕੰਪਲੈਕਸ ਵਿਖੇ ਲੁਧਿਆਣਾ ਯੁਵਾ ਸਸ਼ਕਤੀਕਰਨ ਸੰਸਥਾ ਇਨੀਸ਼ੀਏਟਰਜ਼ ਆਫ਼ ਚੇਂਜ ਦੇ ਸਹਿਯੋਗ ਨਾਲ 3 ਮਹੀਨੇ ਲੰਬੀ ‘ਆਈ ਵੋਟ ਆਈ ਲੀਡ ਮੁਹਿੰਮ’ ਦੀ ਸ਼ੁਰੂਆਤ ਕੀਤੀ ਗਈ।
ਇਸ ਮੁਹਿੰਮ ਦੀ ਸ਼ੁਰੂਆਤ ਡਿਪਟੀ ਕਮਿਸ਼ਨਰ ਲੁਧਿਆਣਾ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਅਤੇ ਵਧੀਕ ਡਿਪਟੀ ਕਮਿਸ਼ਨਰ (ਜਗਰਾਉਂ)-ਕਮ ਸਵੀਪ ਨੋਡਲ ਅਫ਼ਸਰ ਲੁਧਿਆਣਾ ਡਾ. ਨਯਨ ਜੱਸਲ ਵੱਲੋਂ ਕੀਤੀ ਗਈ।
ਉਨ੍ਹਾਂ ਦੱਸਿਆ ਕਿ ਸ਼ਹਿਰ ਦੇ 200 ਤੋਂ ਵੱਧ ਨੌਜਵਾਨ ਵਲੰਟੀਅਰਾਂ ਦੀ ਟੀਮ ਇਸ ਮੁਹਿੰਮ ਦਾ ਹਿੱਸਾ ਬਣੇਗੀ ਅਤੇ ਪੜਾਅਵਾਰ ਵੱਖ-ਵੱਖ ਗਤੀਵਿਧੀਆਂ ਕੀਤੀਆਂ ਜਾਣਗੀਆਂ। ਇਹ ਸੰਸਥਾ 2015 ਤੋਂ ਜ਼ਿਲ੍ਹਾ ਪ੍ਰਸ਼ਾਸਨ ਲੁਧਿਆਣਾ ਨਾਲ ਮਿਲ ਕੇ ਵੋਟ ਦੇ ਅਧਿਕਾਰ ਅਤੇ ਵੋਟਰ ਜਾਗਰੂਕਤਾ ਲਈ ਕੰਮ ਕਰ ਰਹੀ ਹੈ ਅਤੇ ਇਸ ਨੂੰ ਨੈਸ਼ਨਲ ਯੂਥ ਐਵਾਰਡ ਨਾਲ ਵੀ ਸਨਮਾਨਿਤ ਕੀਤਾ ਗਿਆ ਹੈ। ਲਾਂਚ ਮੌਕੇ ਇਨੀਸ਼ੀਏਟਰਜ਼ ਆਫ ਚੇਂਜ ਦੇ ਚੇਅਰਮੈਨ ਗੌਰਵਦੀਪ ਸਿੰਘ, ਪ੍ਰਧਾਨ ਅਰਸ਼ੀਆ ਲੇਖੀ ਅਤੇ ਮੀਤ ਪ੍ਰਧਾਨ ਨੀਰਜ ਜੌਲੀ, ਉਪ-ਮੰਡਲ ਮੈਜਿਸਟ੍ਰੇਟ ਰਾਏਕੋਟ ਸ.ਗੁਰਬੀਰ ਸਿੰਘ ਕੋਹਲੀ ਵੀ ਹਾਜ਼ਰ ਸਨ।
ਇਹ ਮੁਹਿੰਮ ਰਾਜ ਪੱਧਰ ‘ਤੇ ਡਾ. ਐਸ. ਕਰੁਣਾ ਰਾਜੂ ਮੁੱਖ ਚੋਣ ਅਫ਼ਸਰ ਪੰਜਾਬ ਦੀ ਅਗਵਾਈ ਹੇਠ ਸ਼ੁਰੂ ਕੀਤੀ ਗਈ ਹੈ, ਜਿਸ ਦੇ ਤਹਿਤ ਦੋ ਪੜਾਵਾਂ ਵਿੱਚ ਵੱਖ-ਵੱਖ ਗਤੀਵਿਧੀਆਂ ਕਰਵਾਈਆਂ ਜਾਣਗੀਆਂ। ਪਹਿਲੇ ਪੜਾਅ ਵਿੱਚ ਪਹਿਲੀ ਵਾਰ ਵੋਟ ਪਾਉਣ ਵਾਲੇ ਵੋਟਰਾਂ ਵਿੱਚ ਚੋਣ ਸਾਖਰਤਾ ਲਈ ਕਾਲਜਾਂ ਵਿੱਚ ਸੈਮੀਨਾਰ ਕਰਵਾਏ ਜਾਣਗੇ ਅਤੇ ਦਸੰਬਰ ਦੇ ਅੱਧ ਤੋਂ ਸ਼ੁਰੂ ਹੋਣ ਵਾਲੇ ਦੂਜੇ ਪੜਾਅ ਵਿੱਚ ਪਿੰਡਾਂ ਵਿੱਚ ਨੁੱਕੜ ਨਾਟਕ, ਫਲੈਸ਼ ਮੋਬਜ, ਮਨੁੱਖੀ ਚੇਨ, ਬਾਈਕ ਰੈਲੀਆਂ, ਮੈਰਾਥਨ, ਚੋਣ ਸੱਥ ਵਰਗੀਆਂ ਗਤੀਵਿਧੀਆਂ ਕਰਵਾਈਆਂ ਜਾਣਗੀਆਂ।