ਡਿਪਟੀ ਕਮਿਸ਼ਨਰ ਨੇ ਫ਼ਿਰੋਜ਼ਪੁਰ ਜ਼ਿਲ੍ਹੇ ਨੂੰ ਵੋਟ ਪ੍ਰਤੀਸ਼ਤਤਾ ਵਿੱਚ ਅੱਗੇ ਲੈ ਕੇ ਜਾਣ ਦਾ ਕੀਤਾ ਦ੍ਰਿੜ੍ਹ ਸੰਕਲਪ
ਡਿਪਟੀ ਕਮਿਸ਼ਨਰ ਨੇ ਫ਼ਿਰੋਜ਼ਪੁਰ ਜ਼ਿਲ੍ਹੇ ਨੂੰ ਵੋਟ ਪ੍ਰਤੀਸ਼ਤਤਾ ਵਿੱਚ ਅੱਗੇ ਲੈ ਕੇ ਜਾਣ ਦਾ ਕੀਤਾ ਦ੍ਰਿੜ੍ਹ ਸੰਕਲਪ
- ਨੌਜਵਾਨਾਂ ਨੂੰ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਵੱਧ ਤੋਂ ਵੱਧ ਵੋਟਿੰਗ ਦੀ ਕੀਤੀ ਅਪੀਲ।
- ਅਮਿੱਟ ਛਾਪ ਛੱਡਣ’ਚ ਸਫਲ ਰਹੇ ਜ਼ਿਲ੍ਹਾ ਪੱਧਰੀ ਸਵੀਪ ਮੁਕਾਬਲੇ ।
- ਪ੍ਰੋਗਰਾਮ ਵਿੱਚ 250 ਤੋਂ ਵੱਧ ਤਹਿਸੀਲ ਪੱਧਰ ਦੇ ਜੇਤੂ ਵਿਦਿਆਰਥੀਆਂ ਨੇ ਲਿਆ ਭਾਗ।
- ਮਤਦਾਨ ਨਾਲ ਸਬੰਧਿਤ ਰੰਗੋਲੀ, ਪੋਸਟਰ ਮੇਕਿੰਗ, ਨਾਟਕ, ਲੋਕ ਗੀਤ, ਮਹਿੰਦੀ ਮੁਕਾਬਲੇ, ਪੇਂਟਿੰਗ, ਗੀਤ ਗਾਇਣ, ਵਾਦ ਵਿਵਾਦ ਪ੍ਰਤੀਯੋਗਤਾ, ਭਾਸ਼ਣ ਅਤੇ ਕਵਿਤਾ ਗਾਇਣ ਮੁਕਾਬਲੇ ਦੇ ਜੇਤੂ ਵਿਦਿਆਰਥੀਆਂ ਨੂੰ ਡਿਪਟੀ ਕਮਿਸ਼ਨਰ ਵੱਲੋਂ ਕੀਤਾ ਗਿਆ ਸਨਮਾਨਿਤ।
ਬਿੱਟੂ ਜਲਾਲਾਬਾਦੀ,ਫਿਰੋਜ਼ਪੁਰ 07 ਦਸੰਬਰ 2021
ਡਿਪਟੀ ਕਮਿਸ਼ਨਰ ਕਮ- ਜ਼ਿਲ੍ਹਾ ਚੋਣ ਅਫ਼ਸਰ ਦਵਿੰਦਰ ਸਿੰਘ ਨੇ ਜ਼ਿਲ੍ਹੇ ਦੇ ਲੋਕਾਂ ਨੂੰ ਫ਼ਿਰੋਜ਼ਪੁਰ ਜ਼ਿਲ੍ਹੇ ਦੇ ਮਤਦਾਨ ਪ੍ਰਤੀਸ਼ਤਤਾ ਵਿੱਚ ਅੱਗੇ ਲੈ ਜਾਣ ਦੀ ਅਪੀਲ ਕਰਦੇ ਹੋਏ ਨੌਜਵਾਨਾਂ ਨੂੰ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਵੱਧ ਤੋਂ ਵੱਧ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ ਲਈ ਕਿਹਾ। ਉਨ੍ਹਾਂ ਨੇ ਦੇਵ ਸਮਾਜ ਕਾਲਜ ਫਾਰ ਵੂਮੈਨ ਫਿਰੋਜ਼ਪੁਰ ਵਿੱਚ ਆਯੋਜਿਤ ਜ਼ਿਲ੍ਹਾ ਪੱਧਰੀ ਸਵੀਪ ਪ੍ਰੋਗਰਾਮ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਨੌਜਵਾਨ ਆਗਾਮੀ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਆਪਣੀ ਵੋਟ ਜ਼ਰੂਰ ਪਾਉਣ ਅਤੇ ਆਪਣੀ ਪਸੰਦ ਦੀ ਸਰਕਾਰ ਬਣਾਉਣ।
ਇਸ ਮੌਕੇ ਆਪਣੇ ਸੰਬੋਧਨ ਵਿੱਚ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਵੋਟ ਪਾਉਣਾ ਸਿਰਫ਼ ਇੱਕ ਅਧਿਕਾਰ ਹੀ ਨਹੀਂ, ਬਲਕਿ ਇੱਕ ਅਹਿਮ ਜ਼ਿੰਮੇਵਾਰੀ ਵੀ ਹੈ। ਉਨ੍ਹਾਂ ਨੇ ਕਿਹਾ ਕਿ ਜਿਨ੍ਹਾਂ ਦੀ ਵੋਟ ਬਣੀ ਹੋਈ ਹੈ, ਉਨ੍ਹਾਂ ਨੂੰ ਵੋਟ ਪਾਉਣ ਲਈ ਪਿੱਛੇ ਨਹੀਂ ਰਹਿਣਾ ਚਾਹੀਦਾ। ਉਨ੍ਹਾਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਦਿਵਿਆਂਗ ਵੋਟਰਾਂ ਲਈ ਕੀਤੇ ਗਏ ਇੰਤਜ਼ਾਮ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਬੂਥਾਂ ਤੇ ਵੀਲ੍ਹਚੇਅਰ ਅਤੇ ਵਲੰਟੀਅਰਜ਼ ਤੈਨਾਤ ਕੀਤੇ ਗਏ ਹਨ ਜੋ ਕਿ ਸਪੈਸ਼ਲ ਵੋਟਰਾਂ ਦੀ ਪੂਰੀ ਸਹਾਇਤਾ ਕਰਨਗੇ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਬਿਨਾਂ ਕਿਸੇ ਲਾਲਚ ਦੇ ਆਪਣੀ ਵੋਟ ਦੇ ਅਧਿਕਾਰ ਦਾ ਪ੍ਰਯੋਗ ਕਰਨ।
ਪ੍ਰੋਗਰਾਮ ਦੀ ਸ਼ੁਰੂਆਤ ਕਾਲਜ ਵਿਦਿਆਰਥੀਆਂ ਨੇ ਸਵਾਗਤੀ ਗੀਤ ਨਾਲ ਕਰਨ ਉਪਰੰਤ ਸਵੀਪ ਕੋਆਰਡੀਨੇਟਰ ਡਾ ਸਤਿੰਦਰ ਸਿੰਘ ਨੇ ਆਏ ਮਹਿਮਾਨਾ ਦਾ ਰਸਮੀ ਤੋਰ ਤੇ ਸਵਾਗਤ ਕਰਦਿਆ ਪ੍ਰੋਗਰਾਮ ਦੇ ਉਦੇਸ਼ ਸਬੰਧੀ ਵਿਸਥਾਰ ਸਹਿਤ ਜਾਨਕਾਰੀ ਦਿੱਤੀ।
ਜਿਲ੍ਹਾ ਪੱਧਰੀ ਇਸ ਸਵੀਪ ਪ੍ਰੋਗਰਾਮ ਵਿੱਚ 250 ਤੋਂ ਵੱਧ ਤਹਿਸੀਲ ਪੱਧਰ ਦੇ ਜੇਤੂ ਵਿਦਿਆਰਥੀਆਂ ਨੇ ਮਤਦਾਨ ਨਾਲ ਸਬੰਧਿਤ ਰੰਗੋਲੀ, ਪੋਸਟਰ ਮੇਕਿੰਗ, ਨਾਟਕ, ਲੋਕ ਗੀਤ, ਮਹਿੰਦੀ ਮੁਕਾਬਲੇ, ਪੇਂਟਿੰਗ, ਗੀਤ ਗਾਇਨ,ਗਿੱਧਾ, ਵਾਦ ਵਿਵਾਦ ਪ੍ਰਤੀਯੋਗਤਾ, ਭਾਸ਼ਣ ਅਤੇ ਕਵਿਤਾ ਗਾਇਣ ਮੁਕਾਬਲਿਆਂ ਵਿੱਚ ਭਾਗ ਲਿਆ ਤੇ ਹਰ ਮੁਕਾਬਲੇ ਵਿੱਚ ਪਹਿਲੇ ਤਿੰਨ ਸਥਾਨ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਡਿਪਟੀ ਕਮਿਸ਼ਨਰ ਦਵਿੰਦਰ ਸਿੰਘ ਵੱਲੋਂ ਸਨਮਾਨਿਤ ਕੀਤਾ ਗਿਆ। ਪ੍ਰੋਗਰਾਮ ਦੇ ਅਖੀਰ ਵਿੱਚ ਪ੍ਰੋਗਰਾਮ ਵਿੱਚ ਮੌਜੂਦ ਸ਼ਖ਼ਸੀਅਤਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਮੰਚ ਸੰਚਾਲਨ ਦੀ ਭੂਮਿਕਾ ਰਵੀਇੰਦਰ ਸਿੰਘ ਅਧਿਆਪਕ ਵੱਲੋਂ ਬਾਖੂਬੀ ਨਿਭਾਈ ਗਈ। ਅੰਤ ਵਿੱਚ ਡਿਪਟੀ ਕਮਿਸ਼ਨਰ ਵੱਲੋਂ ਦੇਵ ਸਮਾਜ ਕਾਲਜ ਫਾਰ ਵੂਮੈਨ ਦਾ ਹੋਸਟਲ ਵਿੱਚ ਮੌਜੂਦ ਕੈਮਿਸਟਰੀ ਲੈਬ, ਆਈ.ਟੀ. ਰਿਸਰਚ ਲੈਬ, ਫਿਜੀਕਲ ਲੈਬ, ਲਾਇਬ੍ਰੇਰੀ ਤੇ ਡਾਇਨਿੰਗ ਹਾਲ ਦਾ ਨਿਰੀਖਣ ਵੀ ਕੀਤਾ।
ਇਸ ਮੌਕੇ ਐੱਸਡੀਐਮ ਓਮ ਪ੍ਰਕਾਸ, ਜ਼ਿਲ੍ਹਾ ਸਿੱਖਿਆ ਅਫ਼ਸਰ ਚਮਕੌਰ ਸਿੰਘ, ਤਹਿਸੀਲਦਾਰ ਚੋਣਾਂ ਸ੍ਰੀ. ਚਾਂਦ ਪ੍ਰਕਾਸ਼, ਡਾ. ਸਤਿੰਦਰ ਸਿੰਘ ਜਿਲ੍ਹਾ ਸਵੀਪ ਕੁਆਰਡੀਨੇਟਰ, ਡਿਪਟੀ ਡੀਈਓ ਕੋਮਲ ਅਰੋੜਾ, ਸਕੱਤਰ ਰੈੱਡ ਕਰਾਸ ਸ੍ਰੀ. ਅਸ਼ੋਕ ਬਹਿਲ, ਪ੍ਰਿੰਸੀਪਲ ਦੇਵ ਸਮਾਜ ਕਾਲਜ ਫਾਰ ਵੂਮੈਨ ਡਾ. ਸੰਗੀਤਾ ਸ਼ਰਮਾ, ਕਮਲ ਸ਼ਰਮਾ, ਲਖਵਿੰਦਰ ਸਿੰਘ , ਮਹਾਵੀਰ ਬਾਂਸਲ, ਪਰਮਿੰਦਰ ਸਿੰਘ ਸਮੂਹ ਸਵੀਪ ਕੋਆਰਡੀਨੇਟਰ , ਚਰਨਜੀਤ ਸਿੰਘ , ਪਿੱਪਲ ਸਿੰਘ ਤੋ ਇਲਾਵਾ ਵੱਡੀ ਗਿਣਤੀ ਵਿੱਚ ਅਧਿਆਪਕ ਅਤੇ ਵਿਦਿਆਰਥੀਆਂ ਦੇ ਮਾਪੇ ਵੀ ਹਾਜ਼ਰ ਸਨ।