ਡਿਪਟੀ ਕਮਿਸ਼ਨਰ ਨੇ ਜਾਗਰੂਕਤਾ ਵੈਨ ਨੂੰ ਹਰੀ ਝੰਡੀ ਵਿਖਾ ਕੇ ਕੀਤਾ ਰਵਾਨਾ
ਡਿਪਟੀ ਕਮਿਸ਼ਨਰ ਨੇ ਜਾਗਰੂਕਤਾ ਵੈਨ ਨੂੰ ਹਰੀ ਝੰਡੀ ਵਿਖਾ ਕੇ ਕੀਤਾ ਰਵਾਨਾ
- ਪਾਰਦਰਸ਼ੀ ਅਤੇ ਨਿਰਪੱਖ ਚੋਣਾਂ ਲਈ ਵੋਟਰਾਂ ਦਾ ਜਾਗਰੂਕ ਹੋਣਾ ਜ਼ਰੂਰੀ- ਜ਼ਿਲ੍ਹਾ ਚੋਣ ਅਫ਼ਸਰ
- ਵਿਦਿਆਰਥੀਆਂ ਨੂੰ ਵੋਟਾਂ ਦੀ ਮਹੱਤਤਾ ਬਾਰੇ ਕੀਤਾ ਜਾਗਰੂਕ
ਬਿੱਟੂ ਜਲਾਲਾਬਾਦੀ,ਮੱਲਾਂ ਵਾਲਾ (ਫਿਰੋਜ਼ਪੁਰ), 14 ਦਸੰਬਰ 2021
ਜ਼ਿਲ੍ਹਾ ਚੋਣ ਅਫ਼ਸਰ ਕਮ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਸ੍ਰੀ ਦਵਿੰਦਰ ਸਿੰਘ ਨੇ ਸੋਮਵਾਰ ਨੂੰ ਸ਼ਹੀਦ ਸੁਖਵਿੰਦਰ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਮੱਲਾਂ ਵਾਲਾ ਖਾਸ ਵਿਖੇ ਵਿਦਿਆਰਥੀਆਂ ਨੂੰ ਵੋਟਾਂ ਦੀ ਮਹੱਤਤਾ ਬਾਰੇ ਜਾਗਰੂਕ ਕਰਨ ਦੇ ਮਕਸਦ ਨਾਲ ਸ਼ਿਰਕਤ ਕੀਤੀ। ਇਸ ਮੌਕੇ ਉਨ੍ਹਾਂ ਨੇ ਵੋਟਰ ਜਾਗਰੂਕਤਾ ਵੈਨ ਨੂੰ ਹਰੀ ਝੰਡੀ ਵਿਖਾ ਕੇ ਰਵਾਨਾ ਕੀਤਾ। ਉਨ੍ਹਾਂ ਕਿਹਾ ਕਿ ਇਹ ਵੈਨ ਅਗਲਾ ਇੱਕ ਮਹੀਨਾ ਜ਼ਿਲ੍ਹੇ ਵਿੱਚ ਲੋਕਾਂ ਨੂੰ ਵੋਟਾਂ ਪ੍ਰਤੀ ਜਾਗਰੂਕ ਕਰਦੀ ਰਹੇਗੀ।
ਇਸ ਮੌਕੇ ਜ਼ਿਲ੍ਹਾ ਚੋਣ ਅਫ਼ਸਰ ਕਮ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਸ੍ਰੀ ਦਵਿੰਦਰ ਸਿੰਘ ਨੇ ਕਿਹਾ ਚੋਣਾਂ ਦੇ ਪਾਰਦਰਸ਼ੀ ਅਤੇ ਨਿਰਪੱਖ ਢੰਗ ਨਾਲ ਨੇਪਰੇ ਚਾੜਨ ਲਈ ਵੋਟਰਾਂ ਨੂੰ ਜਾਗਰੂਕ ਕਰਨ ਅਤੇ ਵੋਟਾਂ ਵਿਚ ਸਹਿਯੋਗ ਦੇਣ ਦੇ ਮਕਸਦ ਨਾਲ ਅਗਲੇ ਦਿਨਾਂ ਦੌਰਾਨ ਇਹ ਵੈਨ ਜ਼ਿਲ੍ਹੇ ਦੇ ਵੱਖੋ-ਵੱਖ ਪਿੰਡਾਂ ਵਿੱਚ ਜਾ ਕੇ ਵੋਟਰਾਂ ਨੂੰ ਵੀ.ਵੀ.ਪੈਟ ਮਸ਼ੀਨਾਂ, ਭਾਰਤੀ ਚੋਣ ਕਮਿਸ਼ਨ ਵੱਲੋਂ ਸੀਵਿਜਿਲ ਸਮੇਤ ਚਲਾਏ ਜਾ ਰਹੇ ਐਪਾਂ, ਹੈਲਪ ਲਾਈਨ ਨੰਬਰਾਂ, ਪੋਸਟਲ ਬੈਲਟ ਪੇਪਰਾਂ ਅਤੇ ਵੋਟਾਂ ਦੌਰਾਨ ਸੁਰੱਖਿਅਤ ਨੇਮਾਂ ਦੀ ਪਾਲਣਾ ਦੇ ਨਾਲ-ਨਾਲ ਹੋਰ ਪੱਖਾਂ ਬਾਰੇ ਜਾਗਰੂਕ ਕਰੇਗੀ।
ਉਨ੍ਹਾਂ ਕਿਹਾ ਕਿ ਭਾਰਤੀ ਚੋਣ ਕਮਿਸ਼ਨ ਵੀ ਚੋਣਾਂ ਨੂੰ ਪੂਰਨ ਪਾਰਦਰਸ਼ਤਾ ਅਤੇ ਨਿਰਪੱਖਤਾ ਨਾਲ ਨੇਪਰੇ ਚਾਣਨ ਲਈ ਵਚਨਬੱਧ ਹੈ ਪਰ ਇਸ ਮੰਤਵ ਲਈ ਵੋਟਰਾਂ ਦਾ ਜਾਗਰੂਕ ਹੋਣਾ ਤੇ ਸਹਿਯੋਗ ਬਹੁਤ ਜਰੂਰੀ ਹੈ। ਇਸ ਮੌਕੇ ਉਨ੍ਹਾਂ ਨੌਜਵਾਨ ਵਿਦਿਆਰਥੀਆਂ ਨੂੰ ਚੋਣ ਪ੍ਰਕਿਰਿਆ ਵਿੱਚ ਇੱਕ-ਇੱਕ ਵੋਟ ਦੀ ਮਹੱਤਤਾ ਬਾਰੇ ਜਾਣਕਾਰੀ ਦਿੰਦੇ ਹੋਏ ਆਗਾਮੀ ਵਿਧਾਨ ਸਭਾ ਚੋਣਾਂ-2022 ਵਿੱਚ ਆਪਣੀ ਵੋਟ ਦਾ ਸਹੀ ਇਸਤੇਮਾਲ ਕਰਨ ਅਤੇ ਉਤਸ਼ਾਹ ਨਾਲ ਭਾਗ ਲੈਣ ਬਾਰੇ ਅਪੀਲ ਕੀਤੀ।
ਇਸ ਮੌਕੇ ਐੱਸ.ਡੀ.ਐੱਮ ਜੀਰਾ ਸ੍ਰੀ ਸੂਬਾ ਸਿੰਘ, ਐਸ.ਐਸ.ਪੀ. ਫਿਰੋਜ਼ਪੁਰ ਸ੍ਰੀ ਹਰਮਨ ਹੰਸ, ਜ਼ਿਲ੍ਹਾ ਚੋਣ ਤਹਿਸੀਲਦਾਰ ਸ੍ਰੀ ਚਾਂਦ ਪ੍ਰਕਾਸ਼ ਤੋਂ ਇਲਾਵਾ ਸਮੂਹ ਸਕੂਲ ਸਟਾਫ ਤੇ ਵੱਡੀ ਗਿਣਤੀ ਵਿੱਚ ਵਿਦਿਆਰਥੀ ਹਾਜ਼ਰ ਸਨ।