ਡਾ ਰਜਿੰਦਰ ਅਰੋੜਾ ਨੇ ਸਿਹਤ ਬੀਮਾ ਯੋਜਨਾ ਜਾਗਰੂਕਤਾ ਵੈਨ ਨੂੰ ਹਰੀ ਝੰਡੀ ਦਿਖਾ ਕੀਤਾ ਰਵਾਨਾ
ਡਾ ਰਜਿੰਦਰ ਅਰੋੜਾ ਨੇ ਸਿਹਤ ਬੀਮਾ ਯੋਜਨਾ ਜਾਗਰੂਕਤਾ ਵੈਨ ਨੂੰ ਹਰੀ ਝੰਡੀ ਦਿਖਾ ਕੀਤਾ ਰਵਾਨਾ
ਬਿੱਟੂ ਜਲਾਲਾਬਾਦੀ,ਫਿਰੋਜ਼ਪੁਰ,30 ਦਸੰਬਰ 2021
ਆਯੂਸ਼ਮਾਨ ਭਾਰਤ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਅਧੀਨ 5 ਲੱਖ ਤੱਕ ਦਾ ਮੁਫ਼ਤ ਇਲਾਜ ਕੀਤਾ ਜਾ ਰਿਹਾ ਹੈ: ਡਾ ਰਜਿੰਦਰ ਅਰੋੜਾ ਸਿਵਲ ਸਰਜਨ। ਪੰਜਾਬ ਸਰਕਾਰ ਅਤੇ ਸ੍ਰੀ ਓ.ਪੀ.ਸੋਨੀ ਮਾਨਯੋਗ ਉੱਪ ਮੁੱਖ ਮੰਤਰੀ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਹੇਠ ਪੰਜਾਬ ਵਿੱਚ ਆਯੂਸ਼ਮਾਨ ਭਾਰਤ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਅਧੀਨ ਈ-ਕਾਰਡ ਬਨਾਉਣ ਵਿੱਚ ਤੇਜੀ ਲਿਆਉਣ ਲਈ ਜਿਲ੍ਹਾ ਫਿਰੋਜ਼ਪੁਰ ਵਿੱਚ ਜਾਗਰੂਕਤਾ ਵੈਨ ਆਈ ਹੈ। ਇਸ ਵੈਨ ਨੂੰ ਦਫ਼ਤਰ ਸਿਵਲ ਸਰਜਨ ਫਿਰੋਜ਼ਪੁਰ ਤੋਂ ਡਾ ਰਜਿੰਦਰ ਅਰੋੜਾ ਵੱਲੋਂ ਝੰਡੀ ਦੇ ਕੇ ਅੱਜ ਰਵਾਨਾ ਕੀਤਾ ਗਿਆ। ਇਹ ਵੈਨ ਮਿਤੀ ਮਿਤੀ 30 ਦਸੰਬਰ 2022 ਤੋਂ ਲਗਭਗ 20 ਦਿਨ ਜਿਲ੍ਹਾ ਫਿਰੋਜ਼ਪੁਰ ਦੇ ਵੱਖ ਵੱਖ ਅਰਬਨ ਅਤੇ ਰੂਰਲ ਏਰੀਏ ਵਿੱਚ ਜਾ ਕੇ ਆਡੀਓ ਅਤੇ ਵਿਜ਼ੂਅਲ ਰਾਹੀਂ ਲੋਕਾਂ ਨੂੰ ਈ-ਕਾਰਡ ਬਨਾਉਣ ਅਤੇ ਮੁਫ਼ਤ ਇਲਾਜ ਕਰਵਾਉਣ ਸਬੰਧੀ ਪ੍ਰੇਰਿਤ ਕਰੇਗੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾ ਰਜਿੰਦਰ ਅਰੋੜਾਾ ਸਿਵਲ ਸਰਜਨ ਫਿਰੋਜ਼ਪੁਰ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਗਰੀਬੀ ਰੇਖਾ ਤੋਂ ਹੇਠਾਂ ਰਹਿ ਰਹੇ ਪਰਿਵਾਰਾਂ ਦੇ 5 ਲੱਖ ਤੱਕ ਦੇ ਮੁਫ਼ਤ ਇਲਾਜ ਲਈ 20 ਅਗਸਤ 2019 ਤੋਂ ਆਯੂਸ਼ਮਾਨ ਭਾਰਤ ਸਰਬੱਤ ਸਿਹਤ ਬੀਮਾ ਯੋਜਨਾ ਸ਼ੁਰੂ ਕੀਤੀ ਗਈ ਸੀ, ਜ਼ੋ ਕਿ ਸਫ਼ਲਤਾ ਪੂਰਵਕ ਚੱਲ ਰਹੀ ਹੈ। ਇਸ ਯੋਜਨਾ ਅਧੀਨ ਪੰਜਾਬ ਵਿੱਚ 900 ਤੋਂ ਵੱਧ ਸੂਚੀਬੱਧ ਪ੍ਰਾਈਵੇਟ ਅਤੇ ਸਰਕਾਰੀ ਹਸਪਤਾਲਾਂ ਵਿੱਚ ਨਗਦੀ ਰਹਿਤ ਇਲਾਜ ਦੀ ਸੁਵਿਧਾ ਮਿਲ ਰਹੀ ਹੈ। ਇਸ ਯੋਜਨਾ ਵਿੱਚ ਸ਼ਾਮਿਲ ਪਰਿਵਾਰਾਂ ਨੂੰ ਲਾਭ ਦੇਣ ਲਈ ਪੰਜਾਬ ਵਿੱਚ 13000 ਤੋਂ ਵੱਧ ਕਾਮਨ ਸਰਵਿਸ ਸੈਂਟਰਾਂ ਅਤੇ 516 ਸੇਵਾ ਕੇਂਦਰਾਂ ਵਿੱਚ ਈ-ਕਾਰਡ ਬਣਾਏ ਜਾ ਰਹੇ ਹਨ। ਕੋਈ ਵੀ ਯੋਗ ਲਾਭਪਾਤਰੀ ਆਪਣੇ ਨਜ਼ਦੀਕੀ ਕਾਮਨ ਸਰਵਿਸ ਸੈਂਟਰਾਂ ਜਾਂ ਸੇਵਾ ਕੇਂਦਰਾਂ ਵਿਖੇ ਜਾ ਕੇ ਆਪਣਾ ਆਧਾਰ ਕਾਰਡ ਅਤੇ ਰਾਸ਼ਨ ਕਾਰਡ ਲਿਜਾ ਕੇ 30 ਰੁਪਏ ਵਿੱਚ ਆਪਣਾ ਈ-ਕਾਰਡ ਬਣਵਾ ਸਕਦਾ ਹੈ। ਯੋਗ ਵਿਅਕਤੀ ਆਪਣੇ ਪਰਿਵਾਰ ਦੇ ਸਾਰੇ ਮੈਂਬਰਾਂ ਦੇ ਕਾਰਡ ਬਣਵਾ ਸਕਦੇ ਹਨ। ਆਪਣੀ ਪਾਤਰਤਾ ਜਾਚਣ ਲਈ ਵੈੈਬਸਾਈਟ www.sha.punjab.gov.in ਖੋਲ ਕੇ ਚੈਕ ਕੀਤਾ ਜਾ ਸਕਦਾ ਹੈ।
ਇਸ ਮੌਕੇ ਡਾ ਮਨਚੰਦਾ ਡਿਪਟੀ ਮੈਡੀਕਲ ਕਮਿਸ਼ਨਰ ਨੇ ਦੱਸਿਆ ਕਿ ਜਿਨ੍ਹਾ ਲਾਭਪਾਤਰੀਆਂ ਦੇ ਇਹ ਕਾਰਡ ਬਣ ਗਏ ਹਨ, ਉਹ ਆਪਣਾ 5 ਲੱਖ ਤੱਕ ਦਾ ਲੋੜੀਂਦਾ ਇਲਾਜ ਸਰਕਾਰੀ ਜਾਂ ਪ੍ਰਵਾਨਿਤ ਪ੍ਰਾਈਵੇਟ ਹਸਪਤਾਲਾਂ ਵਿੱਚੋਂ ਦਾਖਲ ਹੋ ਕੇ ਬਿਲਕੁਲ ਮੁਫ਼ਤ ਕਰਵਾ ਸਕਦੇ ਹਨ। ਸਿਹਤ ਵਿਭਾਗ ਵੱਲੋਂ ਇਸ ਯੋਜਨਾ ਨੂੰ ਸਫ਼ਲਤਾਪੂਰਵਕ ਚਲਾਉਣ ਲਈ ਪੁਖਤਾ ਪ੍ਰਬੰਧ ਕੀਤੇ ਹੋਏ ਹਨ। ਜਰੂਰਤਮੰਦ ਪਰਿਵਾਰਾਂ ਨੂੰ ਇਸ ਯੋਜਨਾ ਦਾ ਕਾਫ਼ੀ ਲਾਭ ਮਿਲ ਰਿਹਾ ਹੈ।
ਇਸ ਸਕੀਮ ਅਧੀਨ ਦਿਲ ਦੀਆਂ ਬਿਮਾਰੀਆਂ, ਕੈਂਸਰ, ਡਾਇਲਸਿਸ, ਗੋਡੇ/ਚੂਲੇ ਬਦਲਣ ਸਮੇਤ 1579 ਵੱਖ ਵੱਖ ਬਿਮਾਰੀਆਂ ਦਾ ਇਲਾਜ ਉਪਲਬਧ ਹਨ। ਇਸ ਵਿੱਚ ਨਵ ਜੰਮੇ ਬੱਚਿਆ ਦਾ ਇਲਾਜ ਵੀ ਸ਼ਾਮਿਲ ਹੈ। ਆਪ੍ਰੇਸ਼ਨ ਤੋਂ 3 ਦਿਨ ਪਹਿਲਾਂ ਅਤੇ ਛੁੱਟੀ ਮਿਲਣ ਤੋਂ 15 ਦਿਨ ਬਾਅਦ ਤੱਕ ਦੇ ਫਾਲੋ ਅੱਪ ਤੱਕ ਦੇ ਖਰਚ ਸ਼ਾਮਿਲ ਹਨ। ਜਿਨ੍ਹਾਂ ਵਿੱਚੋਂ 180 ਪੈਕੇਜ਼ ਸਿਰਫ ਸਰਕਾਰੀ ਹਸਪਤਾਲਾਂ ਲਈ ਰਿਜ਼ਰਵ ਹਨ। ਇਸ ਯੋਜਨਾ ਤਹਿਤ ਲੋਕਾਂ ਦੀ ਸਹੂਲਤ ਲਈ ਸਬੰਧਿਤ ਹਸਪਤਾਲਾਂ ਵਿੱਚ ਅਰੋਗਿਆ ਮਿੱਤਰ ਤਾਇਨਾਤ ਕੀਤੇ ਗਏ ਹਨ। ਇਹ ਗੋਲਡਨ ਈ-ਕਾਰਡ ਸਮਾਰਟ ਰਾਸ਼ਨ ਕਾਰਡ ਧਾਰਕ ਪਰਿਵਾਰ, ਜੇ-ਫਾਰਮ ਧਾਰਕ ਕਿਸਾਨ ਪਰਿਵਾਰ, ਉਸਾਰੀ ਕਿਰਤੀ ਭਲਾਈ ਬੋਰਡ ਨਾਲ ਪੰਜੀਕ੍ਰਿਤ ਮਜ਼ਦੂਰ, ਛੋਟੇ ਵਪਾਰੀ, ਪ੍ਰਵਾਨਿਤ ਅਤੇ ਪੀਲੇ ਕਾਰਡ ਧਾਰਕ ਪਰਿਵਾਰ ਅਤੇ ਐਸ.ਈ.ਸੀ.ਸੀ. ਡਾਟਾ 2011 ਵਿੱਚ ਸ਼ਾਮਿਲ ਪਰਿਵਾਰ ਅਤੇ ਪੱਤਰਕਾਰ ਬਣਵਾ ਸਕਦੇ ਹਨ। ਇਸ ਸਬੰਧੀ ਹੋਰ ਕੋਈ ਵੀ ਜਾਣਕਾਰੀ ਲੈਣੀ ਹੋਵੇ ਤਾਂ ਦਫ਼ਤਰ ਡਿਪਟੀ ਮੈਡੀਕਲ ਕਮਿਸ਼ਨਰ ਫਿਰੋਜ਼ਪੁਰ ਜਾਂ ਟੋਲਫਰੀ ਨੰਬਰ 104 ਤੇ ਸੰਪਰਕ ਕਰਕੇ ਲਈ ਜਾ ਸਕਦੀ ਹੈ। ਉਹਨਾਂ ਲਾਭਪਾਤਰੀਆਂ ਨੁੂੰ ਅਪੀਲ ਕੀਤੀ ਕਿ ਜੇਕਰ ਪ਼ਵਾਨਿਤ ਹਸਪਤਾਲ ਵਿੱਚ ਇਲਾਜ ਦੌਰਾਨ ਕੋਈ ਫੀਸ ਜਾਂ ਦਵਾਈ ਜਾਂ ਟੈਸਟ ਆਦਿ ਵਿੱਚ ਮੁਸ਼ਕਿਲ ਆਉਂਦੀ ਹੈ ਤਾਂ ਇਸ ਦੀ ਸੂਚਨਾਂ ਤੁਰੰਤ 104 ਨੰਬਰ ਉੱਤੇ ਦਿੱਤੀ ਜਾ ਸਕਦੀ ਹੈ। ਜੇਕਰ ਲਾਭਪਾਤਰੀ ਦਾ ਨਾਮ ਸੂਚੀ ਵਿੱਚ ਦਰਜ ਹੈ ਤਾਂ ਉਹ ਆਧਾਰ ਕਾਰਡ ਚੈਕ ਕਰਵਾ ਕੇ ਮੌਕੇ ਤੇ ਹੀ ਕਾਰਡ ਉਸੇ ਹਸਪਤਾਲ ਵਿੱਚ ਬਨਵਾ ਸਕਦਾ ਹੈ। ਉਹਨਾਂ ਮੀਡੀਆ, ਪਿੰਡ ਦੇ ਸਰਪੰਚਾਂ, ਪੰਚਾਇਤ ਮੈਂਬਰਾਂ, ਨੁਮਾਇੰਦਿਆਂ ਅਤੇ ਸਮਾਜ ਸੇਵੀ ਸੰਸਥਾਵਾਂ ਨੂੰ ਅਪੀਲ ਕੀਤੀ ਕਿ ਉਹ ਪਿੰਡਾਂ ਅਤੇ ਸ਼ਹਿਰਾਂ ਵਿੱਚ ਇਸ ਵੈਨ ਪ੍ਰਤੀ ਜਾਗਰੂਕ ਕਰਨ ਅਤੇ ਲੋਕ ਇਨ੍ਹਾਂ ਵੈਨਾ ਦਾ ਪੂਰਾ ਲਾਭ ਉਠਾ ਕੇ ਈ-ਕਾਰਡ ਬਨਾਉਣ। ਇਸ ਸਮੇਂ ਗੁਰਚਰਨ ਸਿੰਘ ਡਿਪਟੀ ਮਾਸ ਮੀਡੀਆ ਅਫ਼ਸਰ, ਵਿਕਾਸ ਕਾਲੜਾ ਪੀ.ਏ., ਆਸ਼ਾ ਵਰਕਰ ਅਤੇ ਸਮੂਹ ਦਫ਼ਤਰੀ ਸਟਾਫ਼ ਹਾਜਰ ਸਨ।