- Homepage
- ਸੱਜਰੀ ਖ਼ਬਰ
- ਡਾਇਰੈਕਟਰ ਬਾਗਬਾਨੀ ਪੰਜਾਬ ਨੇ ਜਿਲ੍ਹੇ ਦੇ ਬਾਗਬਾਨਾਂ ਨਾਲ ਕੀਤੀ ਮੀਟਿੰਗ
ਡਾਇਰੈਕਟਰ ਬਾਗਬਾਨੀ ਪੰਜਾਬ ਨੇ ਜਿਲ੍ਹੇ ਦੇ ਬਾਗਬਾਨਾਂ ਨਾਲ ਕੀਤੀ ਮੀਟਿੰਗ
panjadmin
Posted on
ਡਾਇਰੈਕਟਰ ਬਾਗਬਾਨੀ ਪੰਜਾਬ ਨੇ ਜਿਲ੍ਹੇ ਦੇ ਬਾਗਬਾਨਾਂ ਨਾਲ ਕੀਤੀ ਮੀਟਿੰਗ
ਹਰਪ੍ਰੀਤ ਕੌਰ ਬਬਲੀ, ਸੰਗਰੂਰ , 15 ਸਤੰਬਰ 2021
ਡਾਇਰੈਕਟਰ ਬਾਗਬਾਨੀ, ਪੰਜਾਬ ਗੁਲਾਬ ਸਿੰਘ ਗਿੱਲ ਵੱਲੋਂ ਜਿਲ੍ਹਾ ਸੰਗਰੂਰ, ਜਿਲ੍ਹਾ ਮਲੇਰਕੋਟਲਾ ਅਤੇ ਜਿਲ੍ਹਾ ਬਰਨਾਲਾ ਦੇ ਕਿਸਾਨਾਂ ਨਾਲ ਜਮੀਨੀ ਪੱਧਰ ਤੇ ਪੇਸ਼ ਆ ਰਹੀਆਂ ਮੁਸ਼ਕਲਾਂ ਤੋਂ ਜਾਣੂ ਹੋਣ ਤਹਿਤ ਦਫ਼ਤਰ ਡਿਪਟੀ ਡਾਇਰੈਕਟਰ ਬਾਗਬਾਨੀ, ਸੰਗਰੂਰ ਵਿਖੇ ਇਕ ਮੀਟਿੰਗ ਦਾ ਆਯੋਜਨ ਕੀਤਾ ਗਿਆ।
ਮੀਟਿੰਗ ਵਿੱਚ ਬਾਗਬਾਨੀ ਨਾਲ ਸਬੰਧ ਰੱਖਦੇ ਲਗਭਗ 16 ਅਗਾਂਹਵਧੂ ਬਾਗਬਾਨਾਂ ਨੇ ਭਾਗ ਲਿਆ। ਧਰਤੀ ਹੇਠਲੇ ਪਾਣੀ ਦੇ ਘੱਟਦੇ ਪੱਧਰ ਤੇ ਚਿੰਤਾ ਪ੍ਰਗਟਾਉ਼ਂਦਿਆ ਉਨ੍ਹਾਂ ਵੱਲੋਂ ਬਾਗਬਾਨਾਂ ਨੂੰ ਫਸਲੀ ਵਿਭਿੰਨਤਾ ਲਿਆਉਣ ਲਈ ਬਾਗਬਾਨੀ ਵੱਲ ਪ੍ਰੇਰਿਤ ਕੀਤਾ ਗਿਆ। ਉਨ੍ਹਾਂ ਨੇ ਕਿਸਾਨਾਂ ਨੂੰ ਖੁੱਦ ਮੰਡੀਕਰਨ ਕਰਨ ਲਈ ਅਪੀਲ ਕੀਤੀ ਤਾਂ ਜੋ ਕਿਸਾਨ ਆਪਣੀ ਉਪਜ ਦਾ ਵੱਧ ਤੋਂ ਵੱਧ ਮੁਨਾਫਾ ਲੈ ਸਕਣ ਅਤੇ ਆਪਣੇ ਨਾਲ ਹੋਰ ਬਾਗਬਾਨਾਂ ਨੂੰ ਵੀ ਖੁਦ ਮੰਡੀਕਰਨ ਵੱਲੋਂ ਪ੍ਰੇਰਣ ਲਈ ਕਿਹਾ ਗਿਆ।
ਕਿਸਾਨਾਂ ਵੱਲੋਂ ਆਪਣੀਆਂ ਮੁਸ਼ਕਲਾਂ ਰੱਖਦੇ ਹੋਏ ਦੱਸਿਆ ਗਿਆ ਕਿ ਪੌਲੀ ਹਾਊਸ/ ਸੇਡ ਨੈੱਟ ਹਾਊਸ ਲਗਾਉਣ ਵਾਲੇ ਕਿਸਾਨਾਂ ਨੂੰ 4 ਜਾਂ 5 ਸਾਲ ਬਾਅਦ ਪੌਲੀ ਸ਼ੀਟ/ਨੈਟ ਬਦਲਣ ਲਈ ਸਬਸਿਡੀ ਦੇਣ ਦੀ ਜਰੂਰਤ ਹੈ। ਖੁੰਬ ਉਤਪਾਦਕਾਂ ਨੇ ਦੱਸਿਆ ਕਿ ਕਈ ਵਾਰ ਖੁੰਬਾਂ ਦਾ ਮਾਰਕੀਟ ਵਿੱਚ ਘੱਟ ਰੇਟ ਮਿਲਦਾ ਹੈ, ਇਸ ਲਈ ਖੁੰਬਾਂ ਵਿੱਚ ਪ੍ਰੋਸੈਸਿੰਗ ਦੀ ਜਰੂਰਤ ਹੈ। ਸ਼ਹਿਦ ਮੱਖੀ ਪਾਲਕਾਂ ਨੂੰ ਬਕਸਿਆਂ ਦੀ ਅੰਤਰਰਾਜ਼ੀ ਮਾਈਗ੍ਰੇਸ਼ਨ ਸਮੇਂ ਆਉਂਦੀਆਂ ਸਮੱਸਿਆਵਾਂ ਦੇ ਹੱਲ ਲਈ ਸਰਕਾਰ ਵੱਲੋ ਅੰਤਰਰਾਜੀ ਪਾਸ ਉਪਲਬਧ ਕਰਵਾਏ ਜਾਣ।
ਬਾਗਬਾਨੀ ਫਸਲਾਂ ਦਾ ਰਕਬਾ ਵਧਣ ਕਾਰਨ ਕਿਸਾਨਾਂ ਨੂੰ ਮੰਡੀ ਵਿਚ ਰੇਟ ਘਟ ਮਿਲਦਾ ਹੈ, ਇਸ ਲਈ ਵੱਡੇ ਪੱਧਰ ਤੇ ਪ੍ਰੋਸੈਸਿੰਗ ਕਰਨ ਦੀ ਜਰੂਰਤ ਹੈ। ਅਵਾਰਾ ਪਸ਼ੂਆਂ ਤੇ ਹੋਰ ਹੁੰਦੇ ਬਾਗਬਾਨੀ ਫਸਲਾਂ ਦੇ ਨੁਕਸਾਨ ਤੋਂ ਬਚਾਅ ਲਈ ਕੰਡਿਆਲੀ ਤਾਰ ਅਤੇ ਪਹਿਲਾਂ ਵਾਂਗ ਪਲਾਸਟਿਕ ਕਰੇਟਸ ਅਤੇ ਦਵਾਈਆਂ ਕਿਸਾਨਾਂ ਨੂੰ ਸਬਸਿਡੀ ਉਪਰ ਸਪਲਾਈ ਕਰਨ ਦੀ ਮੰਗ ਵੀ ਰੱਖੀ ਗਈ।
ਡਾਇਰੈਕਟਰ ਬਾਗਬਾਨੀ ਜੀ ਵੱਲੋਂ ਭਰੋਸਾ ਦਿਵਾਇਆ ਕਿ ਜੋ ਮੁੱਦੇ ਉਨ੍ਹਾਂ ਦੇ ਅਧਿਕਾਰ ਖੇਤਰ ਵਿੱਚ ਹਨ ਉਨ੍ਹਾਂ ਨੂੰ ਹੱਲ ਕਰਨ ਲਈ ਤੁਰੰਤ ਕਦਮ ਚੁੱਕੇ ਜਾਣਗੇ ਅਤੇ ਜੋ ਮੁੱਦੇ ਸਰਕਾਰ ਦੇ ਪੱਧਰ ਤੇ ਹੱਲ ਹੋਣੇ ਹਨ ਉਨ੍ਹਾਂ ਸਬੰਧੀ ਸਰਕਾਰ ਨੂੰ ਲਿਖ ਦਿਤਾ ਜਾਵੇਗਾ। ਇਸ ਤੋਂ ਪਹਿਲਾ ਡਾਇਰੈਕਟਰ ਬਾਗਬਾਨੀ ਜੀ ਵਲੋਂ ਸਰਕਾਰੀ ਬਾਗ ਤੇ ਨਰਸਰੀ, ਖੇੜੀ ਦਾ ਦੌਰਾ ਵੀ ਕੀਤਾ ਗਿਆ।
ਇਸ ਮੌਕੇ ਡਾ. ਹਰਦੀਪ ਸਿੰਘ ਡਿਪਟੀ ਡਾਇਰੈਕਟਰ ਬਾਗਬਾਨੀ, ਸੰਗਰੂਰ, ਸ੍ਰੀ ਲਖਵਿੰਦਰ ਸਿੰਘ ਬਾਗਬਾਨੀ ਵਿਕਾਸ ਅਫ਼ਸਰ ਸੰਗਰੂਰ, ਸ੍ਰੀ ਪ੍ਰਹਿਲਾਦ ਸਿੰਘ ਬਾਗਬਾਨੀ ਵਿਕਾਸ ਅਫ਼ਸਰ, ਸਰਕਾਰੀ ਬਾਗ ਤੇ ਨਰਸਰੀ ਖੇੜੀ ਅਤੇ ਚੁਲੜ ਕਲਾਂ, ਸ੍ਰੀ ਬਲਜੀਤ ਕੁਮਾਰ ਬਾਗਬਾਨੀ ਵਿਕਾਸ ਅਫ਼ਸਰ ਅਹਿਮਦਗੜ੍ਹ ਅਤੇ ਸ੍ਰੀਮਤੀ ਨਰਪਿੰਦਰਜੀਤ ਕੌਰ ਬਾਗਬਾਨੀ ਵਿਕਾਸ ਅਫ਼ਸਰ ਜਿਲ੍ਹਾ ਬਰਨਾਲਾ, ਸ੍ਰੀ ਸੁਰਿੰਦਰ ਕੁਮਾਰ ਸੀਨੀਅਰ ਸਹਾਇਕ, ਸ੍ਰੀ ਸੰਦੀਪ ਸਿੰਘ ਸੀਨੀਅਰ ਸਹਾਇਕ, ਸ੍ਰੀ ਅੰਮ੍ਰਿਤਪਾਲ ਸਿੰਘ ਬਾਗਬਾਨੀ ਉਪ ਨਿਰੀਖਕ ਮਲੇਰਕੋਟਲਾ, ਸ੍ਰੀ ਕੁਲਦੀਪ ਸਿੰਘ ਕਲਰਕ ਐਨ.ਐਚ.ਐਮ ਅਤੇ ਹੋਰ ਬਾਗਬਾਨੀ ਵਿਭਾਗ ਦਾ ਸਟਾਫ ਹਾਜ਼ਰ ਸੀ।