ਕੋਰੋਨਾ ਕਾਲ ਦੀ ਔਖੀ ਘੜੀ ‘ਚ ਪੰਜਾਬ ਦੇ ਲੋਕਾਂ ਲਈ ਮਸੀਹਾ ਬਣਕੇ ਉੱਭਰਿਆ ਟ੍ਰਾਈਡੈਂਟ ਗਰੁੱਪ
ਨੌਜਵਾਨਾਂ ਨੇ ਦੇਸ਼ ਨੂੰ ਹੋਰ ਅੱਗੇ ਲੈ ਕੇ ਜਾਣੈ , ਸਾਨੂੰ ਵਿਗਿਆਨ ਵੱਲ ਵਧਣਾ ਚਾਹੀਦਾ ਹੈ- ਡੀ.ਸੀ. ਕੁਮਾਰ ਸੌਰਭ ਰਾਜ
ਜਗਸੀਰ ਸਿੰਘ ਚਹਿਲ , ਬਰਨਾਲਾ, 1 ਨਵੰਬਰ 2021
ਕੋਰੋਨਾ ਕਾਲ ਦੌਰਾਨ ਪੂਰੀ ਮਨੁੱਖਤਾ ਤੇ ਆਈ ਸੰਕਟ ਦੀ ਘੜੀ ‘ਚ ਬਰਨਾਲਾ ਇਲਾਕੇ ਦੇ ਹੀ ਨਹੀਂ, ਬਲਕਿ ਸਮੁੱਚੇ ਪੰਜਾਬ ਦੇ ਲੋਕਾਂ ਲਈ ਟ੍ਰਾਈਡੈਂਟ ਗਰੁੱਪ ਮਸੀਹਾ ਦੇ ਰੂਪ ਵਿੱਚ ਉੱਭਰ ਕੇ ਸਾਹਮਣੇ ਆਇਆ ਹੈ। ਟ੍ਰਾਈਡੈਂਟ ਗਰੁੱਪ ਦੇ ਚੇਅਰਮੈਨ ਪਦਮਸ੍ਰੀ ਰਜਿੰਦਰ ਗੁਪਤਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅੱਜ ਧੌਲਾ ਟ੍ਰਾਈਡੈਂਟ ਕੰਪਲੈਕਸ ਵਿਚ ‘ਜਨ ਹਿਤ ਕੇ ਲੀਏ ਆਕਸੀਜਨ’ ਦੇ ਬੈਨਰ ਹੇਠ ਇਕ ਬਹੁਤ ਹੀ ਪ੍ਰਭਾਵਸ਼ਾਲੀ ਸਮਾਰੋਹ ਦਾ ਆਯੋਜਨ ਕੀਤਾ ਗਿਆ । ਜਿਲ੍ਹੇ ਦੇ ਡਿਪਟੀ ਕਮਿਸ਼ਨਰ ਕੁਮਾਰ ਸੌਰਭ ਰਾਜ ਸਮਾਰੋਹ ਦੇ ਮੁੱਖ ਮਹਿਮਾਨ ਦੇ ਤੌਰ ਤੇ ਸ਼ਾਮਿਲ ਹੋਏ । ਉਹਨਾਂ ਟ੍ਰਾਈਡੈਂਟ ਗਰੁੱਪ ਦੀ ਤਰਫੋਂ ਪੰਜਾਬ ਦੇ ਵੱਖ ਵੱਖ ਜਿਲ੍ਹਿਆਂ ਨੂੰ 150 ਕੰਸੈਨਟਰੇਟਰਜ ਆਪਣੇ ਕਰ ਕਮਲਾਂ ਨਾਲ ਭੇਂਟ ਕੀਤੇ ।
ਸਮਾਰੋਹ ਨੂੰ ਸੰਬੋਧਨ ਕਰਦਿਆਂ ਸਾਬਕਾ ਡਿਪਟੀ ਕਮਿਸ਼ਨਰ ਅਤੇ ਟ੍ਰਾਈਡੈਂਟ ਦੇ ਅਧਿਕਾਰੀ ਗੁਰਲਵਲੀਨ ਸਿੰਘ ਸਿੱਧੂ ਨੇ ਕਿਹਾ ਕਿ ਕੋਰੋਨਾ ਦੀ ਦੂਸਰੀ ਲਹਿਰ ਵਿਚ ਆਕਸੀਜਨ ਦੀ ਕਮੀ ਨਾਲ ਸੈਂਕੜੇ ਲੋਕਾਂ ਨੇ ਜਾਨ ਗੁਆ ਦਿਤੀ ਸੀ। ਬੇਸ਼ੱਕ ਪੰਜਾਬ ਵਿਚ ਇਸ ਤਰ੍ਹਾਂ ਦੀਆਂ ਘਟਨਾਵਾਂ ਘੱਟ ਹੀ ਵਾਪਰੀਆਂ । ਪਰੰਤੂ ਦੇਸ਼ ਦੇ ਬਾਹਰਲੇ ਸੂਬਿਆਂ ਵਿਚ ਆਕਸੀਜਨ ਦੀ ਕਮੀ ਨਾਲ ਕਈ ਜਾਨਾਂ ਗਈਆਂ ਸਨ। ਕੋਰੋਨਾ ਦੀ ਦੂਸਰੀ ਲਹਿਰ ਸਮੇਂ ਵੀ ਪਦਮਸ੍ਰੀ ਰਜਿੰਦਰ ਗੁਪਤਾ ਨੇ 102 ਕੰਸੈਨਟਰੇਟਰਜ ਪੰਜਾਬ ਦੇ ਵੱਖ ਵੱਖ ਜਿਲ੍ਹਿਆਂ ਨੂੰ ਭੇਂਟ ਕੀਤੇ ਸਨ । ਜਿਨ੍ਹਾਂ ਦੀ ਬਦੌਲਤ ਕਾਫੀ ਲੋਕਾਂ ਦੀਆਂ ਕੀਮਤੀ ਜਾਨਾਂ ਨੂੰ ਬਚਾਉਣ ਵਿੱਚ ਯੋਗਦਾਨ ਪਾਇਆ । ਉਨਾਂ ਕਿਹਾ ਕਿ ਸਿਹਤ ਮਹਿਰਾਂ ਵਲੋਂ ਹੁਣ ਫਿਰ ਕੋਰੋਨਾਂ ਦੀ ਤੀਸਰੀ ਲਹਿਰ ਦੇਸ਼ ਵਿਚ ਆਉਣ ਦੀ ਚਿਤਾਵਨੀ ਦਿੱਤੀ ਜਾ ਰਹੀ ਹੈ। ਰੱਬ ਨਾ ਕਰੇ ਦੇਸ਼ ਵਿਚ ਕੋਰੋਨਾ ਦੀ ਤੀਸਰੀ ਲਹਿਰ ਆਵੇ । ਪਰੰਤੂ ਫਿਰ ਵੀ ਇਹਤਿਆਤ ਦੇ ਤੌਰ ਕਰੋਨਾ ਮਹਾਂਮਾਰੀ ਨਾਲ ਨਜਿੱਠਣ ਦੀਆਂ ਤਿਆਰੀਆਂ ਵਜੋਂ ਪਦਮਸ੍ਰੀ ਰਜਿੰਦਰ ਗੁਪਤਾ ਨੇ ਪੰਜਾਬ ਦੇ ਵੱਖ ਵੱਖ ਜਿਲ੍ਹਿਆਂ ਨੂੰ 150 ਕੰਸੈਨਟਰੇਟਰਜ ਹੋਰ ਭੇਂਟ ਕੀਤੇ ਹਨ।
ਮੁੱਖ ਮਹਿਮਾਨ ਡੀ ਸੀ ਕੁਮਾਰ ਸੌਰਭ ਰਾਜ ਨੇ ਕਿਹਾ ਕਿ ਬੜੀ ਖੁਸ਼ੀ ਦੀ ਗੱਲ ਹੈ ਕਿ ਟ੍ਰਾਈਡੈਂਟ ਗਰੁੱਪ ਪੰਜਾਬ ਦੇ ਵੱਖ ਵੱਖ ਜਿਲ੍ਹਿਆਂ ਨੂੰ ਡੇਢ ਸੌ ਕੰਸੈਨਟਰੇਟਰਜ ਭੇਂਟ ਕਰ ਰਿਹਾ ਹੈ। ਜਿਲ੍ਹਾ ਬਰਨਾਲਾ ਨੂੰ ਵੀ ਅੱਜ ਵੀ ਕੰਸੈਨਟਰੇਟਰਜ ਭੇਂਟ ਕੀਤੇ ਗਏ ਹਨ। ਉਨਾਂ ਕਿਹਾ ਕਿ ਅੱਜ ਦੇ ਸਮਾਗਮ ਵਿਚ ਵੀ ਸੈਂਕੜੇ ਨੌਜਵਾਨ ਮੌਜੂਦ ਹਨ, ਇਹਨਾਂ ਨੌਜਵਾਨਾਂ ਨੇ ਹੀ ਦੇਸ਼ ਨੂੰ ਹੋਰ ਅੱਗੇ ਲੈ ਕੇ ਜਾਣਾ ਹੈ। ਸਾਨੂੰ ਵਿਗਿਆਨ ਵੱਲ ਵਧਣਾ ਚਾਹੀਦਾ ਹੈ, ਤਾਂ ਕਿ ਜਿਸ ਤਰ੍ਹਾਂ ਦੂਸਰੀ ਲਹਿਰ ਵਿਚ ਕੋਰੋਨਾ ਕਾਰਣ ਲੱਖਾਂ ਕੀਮਤੀ ਜਾਨਾਂ ਚਲੀਆਂ ਗਈਆਂ ਸਨ । ਹੁਣ ਮਰੀਜਾਂ ਦੀਆਂ ਜਾਨਾਂ ਇਸ ਤਰ੍ਹਾਂ ਨਾਲ ਨਾ ਚਲੀਆਂ ਜਾਣ।
ਇਹ ਜਿਲ੍ਹਿਆਂ ਨੂੰ ਭੇਂਟ ਕੀਤੇ ਕੰਸੈਨਟਰੇਟਰਜ
ਬਰਨਾਲਾ ਜਿਲ੍ਹੇ ਨੂੰ 10, ਫਾਜਿਲਕਾ ਨੂੰ 15, ਫਿਰੋਜਪੁਰ ਜਿਲ੍ਹੇ ਨੂੰ 20, ਲੁਧਿਆਣਾ ਨੂੰ 25, ਮੋਗਾ ਨੂੰ 15, ਮੁਕਤਸਰ ਸਾਹਿਬ ਨੂੰ 20, ਪਟਿਆਲਾ ਨੂੰ 15, ਸੰਗਰੂਰ ਨੂੰ 15 ਅਤੇ ਮਾਲੇਰਕੋਟਲਾ ਜਿਲ੍ਹੇ ਨੂੰ 15 ਕੰਸੈਨਟਰੇਟਰਜ ਭੇਂਟ ਕੀਤੇ ਗਏ। ਇਸ ਤਰ੍ਹਾਂ ਕੁੱਲ ਡੇਢ ਸੌ ਕੰਸੈਨਟਰੇਟਰਜ ਅੱਜ ਇਹਨਾਂ ਜਿਲਿ੍ਹਆਂ ਨੂੰ ਭੇਂਟ ਕੀਤੇ ਗਏ। ਜਿਹਨਾਂ ਦੀ ਕੁੱਲ ਕੀਮਤ 90 ਲੱਖ ਰੁਪਏ ਹੈ। ਇਸ ਮੌਕੇ ਤੇ ਟ੍ਰਾਈਡੈਂਟ ਗਰੁੱਪ ਦੇ ਅਧਿਕਾਰੀ ਰੁਪਿੰਦਰ ਗੁਪਤਾ, ਸਿਵਲ ਸਰਜਨ ਡਾਕਟਰ ਜਸਵੀਰ ਸਿੰਘ ਔਲਖ ਸਮੇਤ ਹੋਰ ਵੀ ਅਧਿਕਾਰੀ ਹਾਜਰ ਸਨ।