PANJAB TODAY

ਹੁਣ ਹਰ ਖ਼ਬਰ ਤੁਹਾਡੇ ਤੱਕ

PANJAB TODAY ਸੱਜਰੀ ਖ਼ਬਰ ਪੰਜਾਬ ਫ਼ਿਰੋਜ਼ਪੁਰ ਮਾਲਵਾ ਰਾਜਸੀ ਹਲਚਲ

ਟਰਾਂਸਪੋਰਟ ਮੰਤਰੀ ਵੱਲੋਂ ਰੱਖਿਆ ਗਿਆ ਬੱਸ ਸਟੈਂਡ ਦਾ ਨੀਂਹ ਪੱਥਰ

Advertisement
Spread Information

ਟਰਾਂਸਪੋਰਟ ਮੰਤਰੀ ਵੱਲੋਂ ਰੱਖਿਆ ਗਿਆ ਬੱਸ ਸਟੈਂਡ ਦਾ ਨੀਂਹ ਪੱਥਰ

– ਸੁਖਬੀਰ ਬਾਦਲ ਨੂੰ 10 ਸਾਲ ਦੇ ਕੁਸ਼ਾਸਨ ਤੇ ਲੋਕ ਮਾਰੂ ਨੀਤੀਆਂ ਕਾਰਨ ਲਿਆ ਕਰੜੇ ਹੱਥੀਂ


ਬਿੱਟੂ ਜਲਾਲਾਬਾਦੀ,ਫਿਰੋਜ਼ਪੁਰ, 27 ਦਸੰਬਰ:2021
ਪੰਜਾਬ ਦੇ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਫਿਰੋਜ਼ਪੁਰ ਦੇ ਮੁੱਦਕੀ ਵਿਖੇ ਇਲਾਕੇ ਦੇ ਬੁਨਿਆਦੀ ਢਾਂਚੇ ਨੂੰ ਵਧਾਵਾ ਦਿੰਦੇ ਹੋਏ ਸੋਮਵਾਰ ਨੂੰ 3.71 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਬੱਸ ਸਟੈਂਡ ਦਾ ਨੀਂਹ ਪੱਥਰ ਰੱਖਿਆ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਰਹਿਨੁਮਾਈ ਹੇਠ ਉਸਾਰਿਆ ਜਾਣ ਵਾਲਾ ਇਹ ਬੱਸ ਅੱਡਾ, ਆਧੁਨਿਕ ਸਹੂਲਤਾਂ ਨਾਲ ਲੈਸ ਹੋਵੇਗਾ। ਇਹ ਬੱਸ ਅੱਡਾ ਲਗਭਗ 17 ਕਨਾਲ ਜ਼ਮੀਨ ‘ਤੇ ਉਸਾਰਿਆ ਜਾਵੇਗਾ।
ਇਸ ਮੌਕੇ ਕੈਬਿਨੇਟ ਮੰਤਰੀ ਸ੍ਰੀ ਰਾਜਾ ਵੜਿੰਗ ਨੇ ਕਿਹਾ ਕਿ ਪਿਛਲੇ ਕਈ ਸਾਲਾਂ ਤੋਂ ਇਲਾਕੇ ਦੀ ਇਸ ਪੁਰਾਣੀ ਮੰਗ ਨੂੰ ਪੂਰਾ ਕਰਨ ਦੀ ਲੋੜ ਸੀ ਜਿਸਦੀ ਅੱਜ ਇਹ ਨੀਂਹ ਪੱਥਰ ਰੱਖਣ ਨਾਲ ਸ਼ੁਰੂਆਤ ਹੋ ਚੁੱਕੀ ਹੈ। 
ਇਸ ਮੌਕੇ ਟਰਾਂਸਪੋਰਟ ਮੰਤਰੀ ਸ੍ਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਬਾਦਲਾਂ ਨੂੰ ਉਨ੍ਹਾਂ ਦੇ 10 ਸਾਲਾਂ ਦੇ ਕੁਸ਼ਾਸਨ ਕਾਰਨ ਕਰੜੇ ਹੱਥੀਂ ਲਿਆ। ਉਨ੍ਹਾਂ ਕਿਹਾ ਕਿ ਸੁਖਬੀਰ ਬਾਦਲ ਨੇ ਸ਼੍ਰੋਮਣੀ ਅਕਾਲੀ ਦਲ ਦੇ ਕਾਰਜਕਾਲ ਦੌਰਾਨ ਆਪਣੀਆਂ ਨਿੱਜੀ ਬੱਸਾਂ ਦੁਆਰਾ ਟਰਾਂਸਪੋਰਟ ਮਾਫ਼ੀਆ ਕਾਇਮ ਕਰ ਕੇ ਸੂਬੇ ਦੇ ਮਾਲੀਏ ਦੀ ਅੰਨੇਵਾਹ ਲੁੱਟ ਕੀਤੀ ਤੇ ਅਪਣਾ ਘਰ ਭਰਦਾ ਰਿਹਾ। ਉਨ੍ਹਾਂ ਕਿਹਾ ਕਿ ਬਾਦਲਾਂ ਨੇ ਆਪਣੇ ਕੁਸ਼ਾਸਨ ਦੌਰਾਨ ਰੇਤ ਮਾਫੀਆ, ਡਰਗ ਮਾਫੀਆ, ਕੇਬਲ ਮਾਫੀਆ ਤੇ ਟਰਾਂਸਪੋਰਟ ਮਾਫੀਆ ਬਣਾ ਕੇ ਸੂਬੇ ਦੇ ਲੋਕਾਂ ਦੀ ਬੇਤਹਾਸ਼ਾ ਲੁੱਟ ਕੀਤੀ। ਉਨ੍ਹਾਂ ਅੱਗੇ ਕਿਹਾ ਕਿ ਚੰਨੀ ਸਰਕਾਰ ਨੇ ਉਨ੍ਹਾਂ ਤੇ ਭਰੋਸਾ ਵਿਖਾ ਕੇ ਟਰਾਂਸਪੋਰਟ ਮੰਤਰੀ ਬਣਾਇਆ ਹੈ। ਉਨ੍ਹਾਂ ਦੱਸਿਆ ਕਿ ਮਹਿਕਮੇ ਦੇ ਮੰਤਰੀ ਦੇ ਤੌਰ ‘ਤੇ ਪਿਛਲੇ ਢਾਈ ਮਹੀਨਿਆਂ ਦੌਰਾਨ ਹੀ ਉਨ੍ਹਾਂ ਨੇ ਵਿਭਾਗ ਦੇ ਮਾਲੀਏ ‘ਚ 1.28 ਕਰੋੜ ਪ੍ਰਤੀ ਦਿਨ ਵਾਧਾ ਕੀਤਾ ਹੈ ਤੇ ਉਨ੍ਹਾਂ ਦਾ ਉਦੇਸ਼ ਇਸ ਮਾਲੀਏ ਨੂੰ 2 ਕਰੋੜ ਪ੍ਰਤੀ ਦਿਨ ਕਰਨਾ ਹੈ। 
ਉਨ੍ਹਾਂ ਕਾਂਗਰਸ ਸਰਕਾਰ ਨੂੰ ਸੱਚੀ ਲੋਕ ਹਿਤੈਸ਼ੀ ਪਾਰਟੀ ਦੱਸਦਿਆਂ ਕਿਹਾ ਕਿ ਪਾਰਟੀ ਸੂਬੇ ਦੇ ਲੋਕਾਂ ਦੀ ਭਲਾਈ ਤੇ ਵਿਕਾਸ ਲਈ ਹਰ ਸੰਭਵ ਕਦਮ ਚੁੱਕਣ ਲਈ ਤੱਤਪਰ ਹੈ। ਉਨ੍ਹਾਂ ਕਿਹਾ ਕਿ ਚੰਨੀ ਸਰਕਾਰ ਨੇ ਟੈਕਸ ਚੋਰਾਂ ਨਾਲ ਨਿਬੜਨ ਮੈਨੂੰ ਖੁੱਲ੍ਹਾ ਹੱਥ ਦਿੱਤਾ ਹੈ ਤਾਂ ਕਿ ਅਸੀਂ ਬਾਦਲਾਂ ਵਰਗੇ ਟੈਕਸ ਡਿਫਾਲਟਰਾਂ ਨੂੰ ਕਾਬੂ ਕਰ ਕੇ ਸੂਬਾ ਸਰਕਾਰ ਦੇ ਮਾਲੀਏ ਵਿੱਚ ਵਾਧਾ ਕਰ ਸਕੀਏ ਅਤੇ ਇਸ ਮਾਲੀਏ ਨਾਲ ਸੂਬੇ ਦੇ ਵਿਚ ਵੱਧ ਤੋਂ ਵੱਧ ਭਲਾਈ ਕਾਰਜਾਂ ਨੂੰ ਨੇਪਰੇ ਚਾੜ੍ਹ ਸਕੀਏ। 
ਇਸ ਮੌਕੇ ਵਿਧਾਇਕਾ ਸਤਕਾਰ ਕੌਰ ਗਹਿਰੀ ਨੇ ਟਰਾਂਸਪੋਰਟ ਮੰਤਰੀ ਸ੍ਰੀ ਰਾਜਾ ਵੜਿੰਗ ਦਾ ਇਲਾਕੇ ਨੂੰ ਇਸ ਦੇਣ (ਬੱਸ ਅੱਡੇ) ਲਈ ਧੰਨਵਾਦ ਕੀਤਾ। ਉਨ੍ਹਾਂ ਦੱਸਿਆ ਕਿ ਇਲਾਕੇ ਵਿਚ ਹੁਣ ਤੱਕ  7.74 ਕਰੋੜ ਰੁਪਏ ਦੀ ਰਾਸ਼ੀ ਨਾਲ ਵਿਕਾਸ ਕਾਰਜਾਂ ਨੂੰ ਨੇਪਰੇ ਚਾੜ੍ਹਿਆ ਗਿਆ। ਇਸ ਤੋਂ ਇਲਾਵਾ ਪਿੰਡਾਂ ਵਿਚ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਤੇ ਖੇਡਾਂ ਨਾਲ ਜੋੜਨ ਲਈ ਕਈ ਖੇਡ ਕਿੱਟਾਂ ਤੇ ਜਿੰਮ ਖੋਲੇ ਗਏ ਹਨ। 
ਇਸ ਮੌਕੇ ਏਡੀਸੀ ਜਰਨਲ ਫਿਰੋਜ਼ਪੁਰ ਓਮ ਪ੍ਰਕਾਸ਼, ਜਨਰਲ ਮੈਨੇਜਰ ਰੋਡਵੇਜ ਫਿਰੋਜ਼ਪੁਰ ਅਮਿਤ ਅਰੋੜਾ, ਕਾਰਜਸਾਧਕ ਅਫ਼ਸਰ ਨਗਰ ਪੰਚਾਇਤ ਮੁੱਦਕੀ ਨਰਿੰਦਰ ਕੁਮਾਰ, ਆਰਟੀਏ ਪ੍ਰਦੀਪ ਸਿੰਘ ਢਿੱਲੋਂ ਤੋਂ ਇਲਾਵਾ ਜਸਮੇਲ ਸਿੰਘ ਲਾਡੀ ਗਹਿਰੀ ਤੇ ਹੋਰ ਕਾਂਗਰਸੀ ਆਗੂ ਤੇ ਭਾਰੀ ਗਿਣਤੀ ਵਿੱਚ ਵਰਕਰ ਹਾਜ਼ਰ ਸਨ। 

Spread Information
Advertisement
Advertisement

LEAVE A RESPONSE

Your email address will not be published. Required fields are marked *

error: Content is protected !!