ਜਿ਼ਲ੍ਹਾ ਮੈਜਿਸਟਰੇਟ ਵੱਲੋਂ ਸ਼ਹੀਦੀ ਸਭਾ ਦੌਰਾਨ ਮਾਹੌਲ ਦੀ ਪਵਿੱਤਰਤਾ ਨੂੰ ਮੁੱਖ ਰੱਖਦੇ ਹੋਏ ਵੱਖ-ਵੱਖ ਮਨਾਹੀਂ ਹੁਕਮ ਜਾਰੀ
ਜਿ਼ਲ੍ਹਾ ਮੈਜਿਸਟਰੇਟ ਵੱਲੋਂ ਸ਼ਹੀਦੀ ਸਭਾ ਦੌਰਾਨ ਮਾਹੌਲ ਦੀ ਪਵਿੱਤਰਤਾ ਨੂੰ ਮੁੱਖ ਰੱਖਦੇ ਹੋਏ ਵੱਖ-ਵੱਖ ਮਨਾਹੀਂ ਹੁਕਮ ਜਾਰੀ
- ਰੋਜ਼ਾ ਸ਼ਰੀਫ ਤੋਂ ਗੁਰਦੁਆਰਾ ਸ਼੍ਰੀ ਜੋਤੀ ਸਰੂਪ ਸਾਹਿਬ ਤੱਕ ਅਤੇ ਜੋਤੀ ਸਰੂਪ ਮੋੜਾਂ ਤੋਂ ਚਾਰ ਨੰ: ਚੁੰਗੀ ਤੱਕ ਸੜਕ ਦੇ ਆਲੇ ਦੁਆਲੇ ਆਰਜ਼ੀ ਦੁਕਾਨਾਂ ਜਾਂ ਸਟਾਲ ਲਗਾਉਣ ’ਤੇ ਲਗਾਈ ਪਾਬੰਦੀ
- ਸਹੀਦੀ ਸਭਾ ਦੌਰਾਨ ਸ਼ਰਾਬ ਦੇ ਠੇਕੇ, ਅਹਾਤੇ, ਹੋਟਲਾਂ ਵਿੱਚ ਸ਼ਰਾਬ ਦੇ ਭੰਡਾਰ ਰੱਖਣ ਤੇ ਸ਼ਰਾਬ ਦੀ ਵਰਤੋਂ ਕਰਕੇ ਸ਼ਹੀਦੀ ਸਭਾ ਦੇ ਏਰੀਏ ਵਿੱਚ ਆਉਣ ’ਤੇ ਲਗਾਈ ਪਾਬੰਦੀ
- ਸ਼ਹੀਦੀ ਸਭਾ ਦੌਰਾਨ ਪ੍ਰਾਇਵੇਟ ਵਿਅਕਤੀਆਂ ਵੱਲੋਂ ਡਰੋਨ ਕੈਮਰੇ ਚਲਾਉਣ ’ਤੇ ਵੀ ਹੋਵੇਗੀ ਪਾਬੰਦੀ
ਅਸ਼ੋਕ ਧੀਮਾਨ,ਫ਼ਤਹਿਗੜ੍ਹ ਸਾਹਿਬ, 16 ਦਸੰਬਰ: 2021
ਜਿ਼ਲ੍ਹਾ ਮੈਜਿਸਟਰੇਟ ਸ੍ਰੀਮਤੀ ਪੂਨਮਦੀਪ ਕੌਰ ਨੇ ਸਰਬੰਸਦਾਨੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ, ਬਾਬਾ ਫ਼ਤਹਿ ਸਿੰਘ ਅਤੇ ਮਾਤਾ ਗੁਜਰੀ ਜੀ ਦੀ ਲਾਸਾਨੀ ਸ਼ਹਾਦਤ ਦੀ ਯਾਦ ਵਿੱਚ ਆਯੋਜਿਤ ਕੀਤੀ ਜਾਣ ਵਾਲੀ ਸ਼ਹੀਦੀ ਸਭਾ ਮੌਕੇ ਫੌਜਦਾਰੀ ਜਾਬਤਾ ਸੰਘਤਾ 1973 ( 2 ਆਫ 1974) ਦੀ ਧਾਰਾ 144 ਅਧੀਨ ਸ਼ਹੀਦੀ ਸਭਾ ਦੌਰਾਨ ਆਮ ਪਬਲਿਕ ਜਾਂ ਪ੍ਰਾਈਵੇਟ ਵਿਅਕਤੀਆਂ ਵੱਲੋਂ ਡਰੋਨ ਕੈਮਰੇ ਚਲਾਉਣ ’ਤੇ ਪਾਬੰਦੀ ਲਗਾਈ ਹੈ। ਪ੍ਰਾਈਵੇਟ ਵਿਅਕਤੀ 25 ਦਸੰਬਰ ਤੋਂ 28 ਦਸੰਬਰ ਤੱਕ ਡਰੋਨ ਕੈਮਰੇ ਨਹੀਂ ਚਲਾ ਸਕਣਗੇ। ਸ਼ਹੀਦੀ ਸਭਾ ਦੌਰਾਨ ਦੇਸ਼ ਵਿਦੇਸ਼ ਤੋਂ ਵੱਡੀ ਗਿਣਤੀ ਵਿੱਚ ਆਉਣ ਵਾਲੇ ਸ਼ਰਧਾਲੂਆਂ ਦੀ ਸੁਰੱਖਿਆ ਨੂੰ ਮੁੱਖ ਰੱਖਦੇ ਹੋਏ ਇਹ ਆਦੇਸ਼ ਜਾਰੀ ਕੀਤੇ ਗਏ ਹਨ, ਕਿਉਂਕਿ ਆਮ ਪਬਕਲਿਕ ਜਾਂ ਪ੍ਰਾਈਵੇਟ ਵਿਅਕਤੀਆਂ ਵੱਲੋਂ ਡਰੋਨ ਚਲਾਉਣਾ ਸੁਰੱਖਿਆ ਪੱਖੋਂ ਠੀਕ ਨਹੀਂ ਅਤੇ ਇਸ ਨਾਲ ਕੋਈ ਅਣਸੁਖਾਂਵੀ ਘਟਨਾ ਵਾਪਰਨ ਦਾ ਅੰਦੇਸ਼ਾ ਰਹਿੰਦਾ ਹੈ। ਇਹ ਹੁਕਮ 31 ਦਸੰਬਰ, 2021 ਤੱਕ ਲਾਗੂ ਰਹਿਣਗੇ।
ਜਿ਼ਲ੍ਹਾ ਮੈਜਿਸਟਰੇਟ ਨੇ ਕੋਰੋਨਾ ਮਹਾਂਮਾਰੀ ਦੇ ਮੱਦੇ ਨਜ਼ਰ ਫੌਜਦਾਰੀ ਜਾਬਤਾ ਸੰਘਤਾ 1973 ( 2 ਆਫ 1974 ) ਧਾਰਾ 144 ਅਧੀਨ ਰੋਜ਼ਾ ਸ਼ਰੀਫ, ਗੁਰਦੁਆਰਾ ਸ਼੍ਰੀ ਫ਼ਤਹਿਗੜ੍ਹ ਸਾਹਿਬ ਤੋਂ ਗੁਰਦੁਆਰਾ ਸ਼੍ਰੀ ਜੋਤੀ ਸਰੂਪ ਤੱਕ ਸੜਕ ਦੇ ਦੋਵੇਂ ਪਾਸੇ ਦੁਕਾਨਾਂ/ਸਟਾਲ ਲਗਾਉਣ ਅਤੇ ਗੁਰਦੁਆਰਾ ਸ਼੍ਰੀ ਜੋਤੀ ਸਰੂਪ ਮੋੜ ਤੋਂ ਚੁੰਗੀ ਨੰ: 4 ਤੱਕ ਸੜਕ ਦੇ ਆਲੇ ਦੁਆਲੇ ਸਥਿਤ ਦੁਕਾਨਦਾਰਾਂ ਵੱਲੋਂ ਆਪਣੀ ਦੁਕਾਨ ਅੱਗੇ ਆਰਜ਼ੀ ਤੌਰ ’ਤੇ ਦੁਕਾਨਾਂ/ਸਟਾਲ ਲਗਾਉਣ ’ਤੇ ਪਾਬੰਦੀ ਲਗਾਉਣ ਦੇ ਹੁਕਮ ਜਾਰੀ ਕੀਤੇ ਹਨ। ਅਜਿਹਾ ਇਸ ਲਈ ਕੀਤਾ ਗਿਆ ਹੈ ਕਿਉਂਕਿ ਸ਼ਹੀਦੀ ਸਭਾ ਦੌਰਾਨ ਦੇਸ਼ ਵਿਦੇਸ਼ ਤੋਂ ਵੱਡੀ ਤਦਾਦ ਵਿੱਚ ਸ਼ਰਧਾਲੂ ਸਿ਼ਰਕਤ ਕਰਦੇ ਹਨ ਅਤੇ ਰੋਜ਼ਾ ਸ਼ਰੀਫ ਤੋਂ ਗੁਰਦੁਆਰਾ ਸ਼੍ਰੀ ਜੋਤੀ ਸਰੂਪ ਸਾਹਿਬ ਤੱਕ ਸੜਕ ਦੇ ਆਲੇ ਦੁਆਲੇ ਦੁਕਾਨਾਂ ਲਗਾਈਆਂ ਜਾਂਦੀਆਂ ਹਨ। ਇਸ ਤੋਂ ਇਲਾਵਾ ਗੁਰਦੁਆਰਾ ਸ਼੍ਰੀ ਜੋਤੀ ਸਰੂਪ ਮੋੜ ਤੋਂ ਚੁੰਗੀ ਨੰਬਰ 4 ਤੱਕ ਦੀ ਸੜਕ ਦੇ ਆਲੇ ਦੁਆਲੇ ਸਥਿਤ ਦੁਕਾਨਦਾਰਾਂ ਵੱਲੋਂ ਆਪਣੀ ਦੁਕਾਨ ਦੇ ਅੱਗੇ ਆਰਜੀ ਦੁਕਾਨਾਂ ਲਗਾਉਣ ਲਈ ਜਗ੍ਹਾਂ ਕਿਰਾਏ ’ਤੇ ਦਿੱਤੀ ਜਾਂਦੀ ਹੈ ਜਿਸ ਨਾਲ ਆਵਾਜਾਈ ਵਿੱਚ ਮੁਸ਼ਕਲ ਆਉਂਦੀ ਹੈ ਅਤੇ ਅਜਿਹੀਆਂ ਦੁਕਾਨਾਂ ਲਗਾਉਣ ਨਾਲ ਕਈ ਤਰ੍ਹਾਂ ਦੇ ਹਾਦਸੇ ਹੋਣ ਦੀ ਸੰਭਾਵਨਾਂ ਵੀ ਬਣੀ ਰਹਿੰਦੀ ਹੈ। ਇਸ ਲਈ ਅਜਿਹੀਆਂ ਮੁਸ਼ਕਲਾਂ ਨੂੰ ਰੋਕਣ ਲਈ ਜਾਰੀ ਕੀਤੇ ਇਹ ਮਨਾਹੀਂ ਹੁਕਮ 31 ਦਸੰਬਰ, 2021 ਤੱਕ ਲਾਗੂ ਰਹਿਣਗੇ।
ਜਿ਼ਲ੍ਹਾ ਮੈਜਿਸਟਰੇਟ ਨੇ ਪੰਜਾਬ ਆਬਕਾਰੀ ਐਕਟ 1914 ਦੀ ਧਾਰਾ 54 ਅਧੀਨ ਹੁਕਮ ਜਾਰੀ ਕੀਤੇ ਹ ਨ ਕਿ ਗੁਰਦੁਆਰਾ ਸ਼੍ਰੀ ਫ਼ਤਹਿਗੜ੍ਹ ਸਾਹਿਬ ਤੋਂ ਗੁਰਦੁਆਰਾ ਸ਼੍ਰੀ ਜੋਤੀ ਸਰੂਪ ਸਾਹਿਬ ਦੀ ਹਦੂਦ ਦੇ ਤਿੰਨ ਕਿਲੋਮੀਟਰ ਦੇ ਏਰੀਏ ਵਿੱਚ ਹਰ ਕਿਸਮ ਦੇ ਸ਼ਰਾਬ ਦੇ ਠੇਕੇ, ਅਹਾਤੇ, ਸ਼ਰਾਬ ਦਾ ਭੰਡਾਰ ਰੱਖਣ ਅਤੇ ਹੋਟਲਾਂ ਜਿਥੇ ਕਾਨੂੰਨੀ ਤੌਰ ’ਤੇ ਸ਼ਰਾਬ ਦੀ ਵਰਤੋਂ ਦੀ ਇਜਾਜਤ ਹੈ, ਵਿੱਚ ਸ਼ਰਾਬ ਦੀ ਵਰਤੋਂ ਕਰਨ, ਸ਼ਰਾਬ ਦੀ ਵਰਤੋਂ ਕਰਕੇ ਸ਼ਹੀਦੀ ਸਭਾ ਦੇ ਏਰੀਏ ਵਿੱਚ ਦਾਖਲ ਹੋਣ ’ਤੇ 25 ਦਸੰਬਰ ਤੋਂ 27 ਦਸੰਬਰ, 2021 ਨੂੰ ਸ਼ਾਮ 5:00 ਵਜੇ ਤੱਕ ਪੂਰਨ ਪਾਬੰਦੀ ਲਗਾਉਣ ਦੇ ਹੁਕਮ ਜਾਰੀ ਕੀਤੇ ਹਨ। ਸ਼ਹੀਦੀ ਸਭਾ ਦੌਰਾਨ ਅਮਨ ਸ਼ਾਂਤੀ ਵਿਵਸਥਾ ਬਰਕਰਾਰ ਰੱਖਣ, ਲੋਕ ਹਿੱਤ ਵਿੱਚ ਸ਼ਾਂਤੀ ਬਰਕਰਾਰ ਰੱਖਣ ਅਤੇ ਮਾਹੌਲ ਦੀ ਪਵਿੱਤਰਤਾ ਨੂੰ ਮੁੱਖ ਰੱਖਦੇ ਹੋਏ ਇਹ ਹੁਕਮ ਜਾਰੀ ਕੀਤੇ ਗਏ ਹਨ।
ਇਸੇ ਤਰ੍ਹਾਂ ਜਿ਼ਲ੍ਹਾ ਮੈਜਿਸਟਰੇਟ ਨੇ ਸ਼ਹੀਦੀ ਸਭਾ ਦੌਰਾਨ ਹਰੇਕ ਕਿਸਮ ਦੇ ਸਰਕਸਾਂ, ਝੂਲੇ, ਜਿੰਦਾ ਡਾਂਸ ਅਤੇ ਧਾਰਮਿਮਕ ਮਾਹੌਲ ਦੀ ਪਵਿੱਤਰਤਾ ਭੰਗ ਕਰਨ ਵਾਲੇ ਮਨੋਰੰਜਨ ਦੇ ਖੇਡ ਆਦਿ ’ਤੇ 31 ਦਸੰਬਰ, 2021 ਤੱਕ ਪੂਰਨ ਪਾਬੰਦੀ ਲਗਾਈ ਹੈ।