ਜਿ਼ਲ੍ਹਾ ਮੈਜਿਸਟਰੇਟ ਨੇ ਸ਼ਹੀਦੀ ਸਭਾ ਲਈ ਜਾਰੀ ਕੀਤੇ ਵੱਖ-ਵੱਖ ਮਨਾਹੀਂ ਹੁਕਮ
ਜਿ਼ਲ੍ਹਾ ਮੈਜਿਸਟਰੇਟ ਨੇ ਸ਼ਹੀਦੀ ਸਭਾ ਲਈ ਜਾਰੀ ਕੀਤੇ ਵੱਖ-ਵੱਖ ਮਨਾਹੀਂ ਹੁਕਮ
- ਗੁਰਦੁਆਰਾ ਸ਼੍ਰੀ ਫ਼ਤਹਿਗੜ੍ਹ ਸਾਹਿਬ ਅਤੇ ਗੁਰਦੁਆਰਾ ਸ਼੍ਰੀ ਜੋਤੀ ਸਰੂਪ ਸਾਹਿਬ ਦੀ ਹਦੂਦ ਦੇ ਤਿੰਨ ਕਿਲੋਮੀਟਰ ਦੇ ਏਰੀਏ ਵਿੱਚ ਅੰਡੇ, ਮਾਸ-ਮੱਛੀ,ਤੰਬਾਕੂ, ਬੀੜੀ ਸਿਵਰੇਟ ਵੇਚਣ ’ਤੇ ਲਗਾਈ ਪੂਰਨ ਪਾਬੰਦੀ
- ਸ਼ਹੀਦੀ ਸਭਾ ਦੇ ਏਰੀਏ ਵਿੱਚ ਅਗਨ ਸ਼ਾਸ਼ਤਰ,ਅਸਲਾ ਵਿਸਫੋਟਕ, ਜਲਣਸ਼ੀਲ ਚੀਜਾਂ ਆਦਿ ਅਤੇ ਤੇਜ਼ਧਾਰ ਹਥਿਆਰ ਚੁੱਕਣ ਦੀ ਹੋਵੇਗੀ ਮਨਾਹੀਂ
- ਗੁਰਦੁਆਰਾ ਸ਼੍ਰੀ ਫ਼ਤਹਿਗੜ ਸਾਹਿਬ ਦੇ ਤਿੰਨ ਕਿਲੋਮੀਟਰ ਏਰੀਏ ਅੰਦਰ ਲਾਊਡ ਸਪੀਕਰ/ਟੇਪ ਰਿਕਾਰਡ ਚਲਾਉਣ ’ਤੇ ਲਗਾਈ ਪਾਬੰਦੀ
ਅਸ਼ੋਕ ਧੀਮਾਨ,ਫ਼ਤਹਿਗੜ੍ਹ ਸਾਹਿਬ, 17 ਦਸੰਬਰ: 2021
ਸਰਬੰਸਦਾਨੀ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ, ਬਾਬਾ ਫ਼ਤਹਿ ਸਿੰਘ ਅਤੇ ਮਾਤਾ ਗੁਜਰੀ ਜੀ ਦੀ ਲਾਸਾਨੀ ਸ਼ਹਾਦਤ ਦੀ ਯਾਦ ਵਿੱਚ 25 ਤੋਂ 27 ਦਸੰਬਰ ਤੱਕ ਆਯੋਜਿਤ ਕੀਤੀ ਜਾਣ ਵਾਲੀ ਸ਼ਹੀਦੀ ਸਭਾ ਦੇ ਮਾਹੌਲ ਦੀ ਪਵਿੱਤਰਤਾ ਨੂੰ ਬਰਕਰਾਰ ਰੱਖਣ ਲਈ ਜਿ਼ਲ੍ਹਾ ਮੈਜਿਸਟਰੇਟ ਸ੍ਰੀਮਤੀ ਪੂਨਮਦੀਪ ਕੌਰ ਨੇ ਫੌਜਦਾਰੀ ਜਾਬਤਾ ਸੰਘਤਾ 1973(2 ਆਫ 1974)ਦੀ ਧਾਰਾ 144 ਅਧੀਨ ਹੁਕਮ ਜਾਰੀ ਕੀਤੇ ਹਨ ਕਿ ਸ਼ਹੀਦੀ ਸਭਾ ਦੌਰਾਨ ਗੁਰਦੁਆਰਾ ਸ਼੍ਰੀ ਫ਼ਤਹਿਗੜ੍ਹ ਸਾਹਿਬ ਅਤੇ ਗੁਰਦੁਆਰਾ ਸ਼੍ਰੀ ਜੋਤੀ ਸਰੂਪ ਸਾਹਿਬ ਦੀ ਹਦੂਦ ਦੇ ਤਿੰਨ ਕਿਲੋਮੀਟਰ ਦੇ ਏਰੀਏ ਵਿੱਚ ਅੰਡੇ,ਮਾਸ-ਮੱਛੀ, ਤੰਬਾਕੂ, ਬੀੜੀ-ਸਿਗਰੇਟ ਵੇਚਣ ’ਤੇ ਪੂਰਨ ਪਾਬੰਦੀ ਲਗਾਈ ਹੈ। ਅਜਿਹਾ ਇਸ ਲਈ ਕੀਤਾ ਗਿਆ ਹੈ ਕਿਉਂਕਿ ਸ਼ਹੀਦੀ ਸਭਾ ਦੌਰਾਨ ਦੇਸ਼ ਵਿਦੇਸ ਤੋਂ ਵੱਡੀ ਗਿਣਤੀ ਵਿੱਚ ਸ਼ਰਧਾਲੂ ਫ਼ਤਹਿਗੜ੍ਹ ਸਾਹਿਬ ਵਿਖੇ ਆਉਂਦੇ ਹਨ ਅਤੇ ਸ਼ਹੀਦੀ ਸਭਾ ਦੇ ਏਰੀਏ ਵਿੱਚ ਅੰਡਿਆਂ, ਮਾਸ-ਮੱਛੀ, ਤੰਬਾਕੂ, ਬੀੜੀ-ਸਿਗਰੇਟ ਆਦਿ ਦੀਆਂ ਦੁਕਾਨਾਂ/ਸਟਾਲ ਲਗਾਉਣ ਨਾਲ ਜਿਥੇ ਮਾਹੌਲ ਦੀ ਪਵਿੱਤਰਤਾ ਭੰਗ ਹੁੰਦੀ ਹੈ ਉਥੇ ਇਸ ਗੱਲ ਦਾ ਸ਼ਰਧਾਲੂਆਂ ’ਤੇ ਵੀ ਮਾੜਾ ਪ੍ਰਭਾਵ ਪੈ਼ਦਾ ਹੈ। ਇਸ ਗੱਲ ਨੂੰ ਵੇਖਦਿਆਂ ਇਹ ਮਨਾਹੀਂ ਹੁਕਮ ਜਾਰੀ ਕੀਤੇ ਗਏ ਹਨ ਜੋ ਕਿ 31 ਦਸੰਬਰ, 2021 ਤੱਕ ਲਾਗੂ ਰਹਿਣਗੇ।
ਜਿ਼ਲ੍ਹਾ ਮੈਜਿਸਟਰੇਟ ਨੇ ਸ਼ਹੀਦੀ ਸਭਾ ਦੌਰਾਨ ਅਮਨ-ਕਾਨੂੰਨ ਵਿਵਸਥਾ ਅਤੇ ਲੋਕ ਹਿੱਤ ਵਿੱਚ ਫੌਜਦਾਰੀ ਸੰਘਤਾ 1973 ( 2 ਆਫ 1974 )ਦੀ ਧਾਰਾ 144 ਅਧੀਨ ਹੁਕਮ ਜਾਰੀ ਕੀਤੇ ਹਨ ਕਿ ਸ਼ਹੀਦੀ ਸਭਾ, ਫ਼ਤਹਿਗੜ੍ਹ ਸਾਹਿਬ ਦੇ ਏਰੀਏ ਵਿੱਚ ਅਗਨ ਸ਼ਾਸ਼ਤਰ ਅਸਲਾ, ਵਿਸਫੋਟਕ, ਜਲਣਸ਼ੀਲ ਚੀਜਾਂ ਆਦਿ ਅਤੇ ਤੇਜ਼ਧਾਰ ਹਥਿਆਰ ਜਿਵੇਂ ਟਾਕੂਏ,ਬਰਛੇ, ਤ੍ਰਿਸ਼ੂਲ ਆਦਿ ਸ਼ਾਮਲ ਹਨ, ਨੂੰ ਚੁੱਕਣ ’ਤੇ 31ਦਸੰਬਰ, 2021 ਤੱਕ ਪੂਰਨ ਪਾਬੰਦੀ ਲਗਾਈ ਹੈ।ਇਹ ਹੁਕਮ ਆਰਮੀ ਪ੍ਰਸੋਨਲ, ਪੈਰਾ ਮਿਲਟਰੀ ਫੋਰਸਿਜ, ਬਾ-ਵਰਦੀ ਪੁਲਿਸ ਕਰਮਚਾਰੀਆਂ ਅਤੇ ਜਿਨ੍ਹਾਂ ਨੂੰ ਧਾਰਮਿਕ ਤੌਰ ’ਤੇ ਜਾਂ ਕਾਨੂੰਨੀ ਤੌਰ ’ਤੇ ਰੀਤੀ ਰਿਵਾਜਾਂ ਕਾਰਨ ਹਥਿਆਰ ਚੁੱਕਣ ਦੇ ਅਧਿਕਾਰ ਹਨ,ਅਸਲਾ ਲਾਇਸੈਂਸ ਦੀ ਰੀਨਿਊਲ ਆਦਿ ਅਜਿਹੇ ਦਫ਼ਤਰੀ ਕੰਮਾਂ ਲਈ ਆਉਣ ਵਾਲਿਆਂ ’ਤੇ ਲਾਗੂ ਨਹੀਂ ਹੋਵੇਗਾ। ਇਹ ਹੁਕਮ ਜਿਨ੍ਹਾਂ ਨੂੰ ਭਾਰਤ/ਪੰਜਾਬ ਸਰਕਾਰ ਵੱਲੋਂ ਸੁਰੱਖਿਆ ਕਵਚ ਪਹਿਲਾਂ ਹੀ ਪ੍ਰਦਾਨ ਹੋਇਆ ਹੈ, ’ਤੇ ਵੀ ਲਾਗੁ ਨਹੀਂ ਹੋਵੇਗਾ।
ਜਿ਼ਲ੍ਹਾ ਮੈਜਿਸਟਰੇਟ ਸ਼੍ਰੀਮਤੀ ਪੂਨਮਦੀਪ ਕੌਰ ਨੇ ਸ਼ਹੀਦੀ ਸਭਾ ਦੌਰਾਨ ਲੰਗਰ ਲਗਾਉਣ ਵਾਲਿਆਂ ਵੱਲੋਂ ਲਾਊਡ ਸਪੀਕਰ ਉਚੀ ਆਵਾਜ਼ ਵਿੱਚ ਚਲਾਉਣ ਕਾਰਨ ਮਾਹੌਲ ਦੀ ਪਵਿੱਤਰਤਾ ਬਰਕਰਾਰ ਰੱਖਣ ਲਈ ਫੌਜ਼ਦਾਰੀ ਜਾਬਤਾ ਸੰਘਤਾ 1973 ( 2ਆਫ 1974 ) ਦੀ ਧਾਰਾ 144 ਅਧੀਨ ਹੁਕਮ ਜਾਰੀ ਕੀਤੇ ਹਨ ਕਿ ਸ਼੍ਰੀ ਫ਼ਤਹਿਗੜ੍ਹ ਸਾਹਿਬ ਦੇ ਤਿੰਨ ਕਿਲੋਮੀਟਰ ਏਰੀਏ ਅੰਦਰ ਲਾਊਡ ਸਪੀਕਰ/ਟੇਪ ਰਿਕਾਰਡ ਚਲਾਉਣ ’ਤੇ 31 ਜਨਵਰੀ, 2022 ਤੱਕ ਪਾਬੰਦੀ ਲਗਾਈ ਹੈ। ਅਜਿਹਾ ਇਸ ਲਈ ਕੀਤਾ ਗਿਆ ਹੈ ਕਿਉਂਕਿ ਸ਼ਹੀਦੀ ਸਭਾ ਦੌਰਾਨ ਵੱਡੀ ਗਿਣਤੀ ਵਿੱਚ ਸ਼ਰਧਾਲੂ ਸਿ਼ਰਕਤ ਕਰਦੇ ਹਨ ਅਤੇ ਆਮ ਲੋਕਾਂ/ਦੁਕਾਨਦਾਰਾਂ ਅਤੇ ਲੰਗਰ ਲਗਾਉਣ ਵਾਲਿਆਂ ਵੱਲੋਂ ਲਾਊਡ ਸਪੀਕਰ/ਟੇਪ ਰਿਕਾਰਡ ਬਹੁਤ ਉਚੀ ਆਵਾਜ਼ ਵਿੱਚ ਚਲਾਏ ਜਾਂਦੇ ਹਨ ਜਿਸ ਕਾਰਨ ਜਿਥੇ ਮਾਹੌਲ ਦੀ ਪਵਿੱਤਰਤਾ ਭੰਗ ਹੁੰਦੀ ਹੈ ਉਥੇ ਹੀ ਆਵਾਜ਼ ਪ੍ਰਦੂਸ਼ਣ ਵੀ ਫੈਲਦਾ ਹੈ ਅਤੇ ਸੰਗਤਾਂ ’ਤੇ ਵੀ ਇਸ ਦਾ ਮਾੜਾ ਪ੍ਰਭਾਵ ਪੈਂਦਾ ਹੈ।