ਜ਼ਿਲ੍ਹੇ ਨੂੰ ਸੈਰ ਸਪਾਟੇ ਵਿੱਚ ਅੱਗੇ ਲੈ ਕੇ ਲੋਕਾਂ ਨੂੰ ਰੁਜ਼ਗਾਰ ਮਿਲੇਗਾ: ਰਾਣਾ ਸੋਢੀ
ਜ਼ਿਲ੍ਹੇ ਨੂੰ ਸੈਰ ਸਪਾਟੇ ਵਿੱਚ ਅੱਗੇ ਲੈ ਕੇ ਲੋਕਾਂ ਨੂੰ ਰੁਜ਼ਗਾਰ ਮਿਲੇਗਾ: ਰਾਣਾ ਸੋਢੀ
ਕੇਂਦਰ ਦੀ ਮੋਦੀ ਸਰਕਾਰ ਨੇ ਕਰੋੜਾਂ ਦੇ ਵਿਕਾਸ ਕਾਰਜ ਕਰਵਾਏ
ਬਿੱਟੂ ਜਲਾਲਾਬਾਦੀ,ਫ਼ਿਰੋਜ਼ਪੁਰ, 12 ਫਰਵਰੀ 2022
ਭਾਜਪਾ ਉਮੀਦਵਾਰ ਰਾਣਾ ਗੁਰਮੀਤ ਸਿੰਘ ਸੋਢੀ ਨੇ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਵੱਲੋਂ ਫਿਰੋਜ਼ਪੁਰ ਨੂੰ ਸੈਰ ਸਪਾਟੇ ਦੇ ਖੇਤਰ ਵਿੱਚ ਖੁਸ਼ਹਾਲ ਬਣਾਉਣ ਦੇ ਮੰਤਵ ਨਾਲ ਮੁੱਖ ਉਪਰਾਲੇ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਉਦਯੋਗਿਕ ਤੌਰ ‘ਤੇ ਪਛੜੇ ਜ਼ਿਲ੍ਹੇ ਨੂੰ ਸੈਰ-ਸਪਾਟੇ ਦੇ ਖੇਤਰ ਵਿੱਚ ਅੱਗੇ ਲਿਜਾਣ ਦੇ ਇਰਾਦੇ ਨਾਲ ਕੇਂਦਰ ਸਰਕਾਰ ਵੱਲੋਂ ਜ਼ਿਲ੍ਹੇ ਦੇ ਵਿਰਾਸਤੀ ਹੁਸੈਨੀਵਾਲਾ ਸਮਾਧ ਸਥਾਨ ‘ਤੇ 7 ਕਰੋੜ ਰੁਪਏ ਦੀ ਲਾਗਤ ਨਾਲ ਲਾਈਟ ਐਂਡ ਸਾਊਂਡ ਸਿਸਟਮ ਤੋਂ ਇਲਾਵਾ ਸਿਮੂਲੇਟਰ ਟਰੇਨ ਲਗਾਈ ਗਈ ਸੀ, ਜਿਥੇ ਹੁਣ ਵੱਖ-ਵੱਖ ਸ਼ਹਿਰਾਂ ਦੇ ਦਰਸ਼ਨ, ਰਾਜਾਂ ਸਮੇਤ ਦੇਸ਼-ਵਿਦੇਸ਼ ਤੋਂ ਲੋਕ ਆਉਣੇ ਸ਼ੁਰੂ ਹੋ ਗਏ ਹਨ। ਸੋਢੀ ਨੇ ਦੱਸਿਆ ਕਿ 21 ਯੋਧਿਆਂ ਦੀ ਗਾਥਾ ਦੇ ਪ੍ਰਤੀਕ ਗੁਰਦੁਆਰਾ ਸਾਰਾਗੜ੍ਹੀ ਵਿਖੇ 1 ਕਰੋੜ ਰੁਪਏ ਦੀ ਲਾਗਤ ਨਾਲ ਸੈਲਾਨੀ ਸੁਵਿਧਾ ਕੇਂਦਰ ਸਥਾਪਿਤ ਕੀਤਾ ਗਿਆ ਹੈ। ਇੱਥੇ ਹੋਰ ਵਿਕਾਸ ਕਾਰਜ ਕਰਵਾ ਕੇ ਜ਼ਿਲ੍ਹੇ ਨੂੰ ਸੈਰ ਸਪਾਟਾ ਕੇਂਦਰ ਬਣਾਇਆ ਜਾਵੇਗਾ, ਜਿਸ ਨਾਲ ਇਲਾਕੇ ਵਿੱਚ ਰੁਜ਼ਗਾਰ ਦੇ ਸਾਧਨ ਪੈਦਾ ਹੋਣਗੇ। ਰਾਣਾ ਨੇ ਕਿਹਾ ਕਿ ਕੇਂਦਰ ਵੱਲੋਂ ਸਵਦੇਸ਼ ਦਰਸ਼ਨ ਤਹਿਤ ਸਾਰੇ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ।
ਉਨ੍ਹਾਂ ਗੁਲਾਮ ਹੁਸੈਨ ਵਾਲਾ, ਪੁਰਾਣਾ ਬਰੇਕੇ, ਹੁਸੈਨੀਵਾਲਾ, ਕੈਲੋਵਾਲ, ਕੋਠੀ ਰਾਏ ਸਾਹਿਬ, ਸੂਬਾ ਕਾਹਨ ਚੰਦ, ਲੂਥਰ, ਹਸਤੇਕੇ, ਇੱਛੇਵਾਲਾ, ਹੀਰਾ ਨਗਰ, ਪੁਰਾਣੀ ਸਬਜ਼ੀ ਮੰਡੀ, ਮੁਲਤਾਨੀ ਗੇਟ, ਅਜੀਤ ਨਗਰ, ਬਗਦਾਦੀ ਗੇਟ, ਤੂੜੀ ਬਾਜ਼ਾਰ, ਚਮਰੰਗ ਮੰਡੀ ਦਾ ਦੌਰਾ ਕਰਨ ਦੀ ਅਪੀਲ ਕੀਤੀ | ਵੋਟਰਾਂ ਨੂੰ 20 ਫਰਵਰੀ ਨੂੰ ਭਾਜਪਾ ਦੇ ਹੱਕ ਵਿੱਚ ਵੋਟ ਪਾਉਣ ਲਈ ਕਿਹਾ। ਰਾਣਾ ਸੋਢੀ ਨੇ ਕਿਹਾ ਕਿ ਫ਼ਿਰੋਜ਼ਪੁਰ ਇੱਕ ਇਤਿਹਾਸਕ ਜ਼ਿਲ੍ਹਾ ਹੈ ਅਤੇ ਅੱਜ ਵੀ ਇੱਥੇ ਬਹੁਤ ਸਾਰੀਆਂ ਪੁਰਾਣੀਆਂ ਇਮਾਰਤਾਂ ਮੌਜੂਦ ਹਨ, ਜੋ ਇਤਿਹਾਸ ਬਿਆਨ ਕਰਦੀਆਂ ਹਨ। ਇਨ੍ਹਾਂ ਦੀ ਸਾਂਭ-ਸੰਭਾਲ ਲਈ ਸਰਕਾਰ ਵੱਲੋਂ ਕਈ ਕਦਮ ਚੁੱਕੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਵਿੱਚੋਂ ਨਸ਼ਾ ਅਤੇ ਗੁੰਡਾਗਰਦੀ ਨੂੰ ਖ਼ਤਮ ਕਰਨਾ ਹੀ ਉਨ੍ਹਾਂ ਦੀ ਇੱਕੋ ਇੱਕ ਇੱਛਾ ਹੋਵੇਗੀ।