ਜ਼ਿਲ੍ਹਾ ਚੋਣ ਅਫਸਰ ਨੇ 105 ਸਾਲਾ ਵੋਟਰ ਮਾਇਆ ਕੌਰ ਦਾ ਕੀਤਾ ਘਰ ਜਾ ਕੇ ਸਨਮਾਨ
ਜ਼ਿਲ੍ਹਾ ਚੋਣ ਅਫਸਰ ਨੇ 105 ਸਾਲਾ ਵੋਟਰ ਮਾਇਆ ਕੌਰ ਦਾ ਕੀਤਾ ਘਰ ਜਾ ਕੇ ਸਨਮਾਨ
-ਵਿਧਾਨ ਸਭਾ ਹਲਕਾ ਬਸੀ ਪਠਾਣਾ ਦੇ ਪਿੰਡ ਬਾਠਾਂ ਕਲਾਂ ਦੀ ਵਾਸੀ ਹੈ ਮਾਇਆ ਕੌਰ
ਅਸ਼ੋਕ ਧੀਮਾਨ,ਫ਼ਤਹਿਗੜ੍ਹ ਸਾਹਿਬ/ਬਸੀ ਪਠਾਣਾਂ, 25 ਜਨਵਰੀ:2022
ਜ਼ਿਲ੍ਹਾ ਚੋਣ ਅਫਸਰ-ਕਮ-ਡਿਪਟੀ ਕਮਿਸ਼ਨਰ ਸ਼੍ਰੀਮਤੀ ਪੂਨਮਦੀਪ ਕੌਰ ਨੇ ਕੌਮੀ ਵੋਟਰ ਦਿਵਸ ਮੌਕੇ ਪਿੰਡ ਬਾਠਾਂ ਕਲਾਂ ਦੀ 105 ਸਾਲਾ ਬਜ਼ੁਰਗ ਮਾਇਆ ਕੌਰ ਨੂੰ ਉਨ੍ਹਾਂ ਦੇ ਘਰ ਜਾ ਕੇ ਸਨਮਾਨਤ ਕੀਤਾ। ਜ਼ਿਕਰਯੋਗ ਹੈ ਕਿ ਚੋਣ ਕਮਿਸ਼ਨ ਵੱਲੋਂ ਬਜ਼ੁਰਗ ਵੋਟਰਾਂ ਦੀ ਸਹੂਲਤ ਲਈ ਘਰ ਤੋਂ ਬੈਲਟ ਪੇਪਰ ਰਾਹੀਂ ਵੋਟ ਪਾਉਣ ਦੀ ਦਿੱਤੀ ਸਹੂਲਤ ਦੇ ਬਾਵਜੂਦ ਬਜੁ਼ਰਗ ਮਾਇਆ ਕੌਰ ਨੇ ਪੂਰੇ ਉਤਸ਼ਾਹ ਨਾਲ ਜਿ਼ਲ੍ਹਾ ਚੋਣ ਅਫਸਰ ਨੂੰ ਦੱਸਿਆ ਕਿ ਉਹ ਪੋਲਿੰਗ ਬੂਥ ’ਤੇ ਜਾ ਕੇ ਹੀ ਵੋਟ ਪਾਉਣਗੇ। ਇਸ ਦੀ ਸ਼ਲਾਘਾ ਕਰਦਿਆਂ ਡਿਪਟੀ ਕਮਿਸ਼ਨਰ ਨੇ ਨੌਜਵਾਨ ਵਰਗ ਦੇ ਵੋਟਰਾਂ ਨੂੰ ਅਪੀਲ ਕੀਤੀ ਕਿ ਜਿਸ ਤਰ੍ਹਾਂ ਬਜੁਰਗ ਮਾਇਆ ਕੌਰ ਨੇ ਚੋਣ ਪ੍ਰਕ੍ਰਿਆ ਵਿੱਚ ਹਿੱਸਾ ਲੈਣ ਦਾ ਜ਼ਜਬਾ ਵਿਖਾਇਆ ਹੈ, ਉਸ ਤੋਂ ਸਭ ਨੂੰ ਪ੍ਰੇਰਨਾ ਲੈਣੀ ਚਾਹੀਦੀ ਹੈ ਕਿਉਂਕਿ ਬਿਨਾਂ ਕਿਸੇ ਡਰ, ਭੈਅ, ਲਾਲਚ ਜਾਂ ਪੱਖਪਾਤ ਤੋਂ ਵੋਟ ਦੇ ਇਸਤੇਮਾਲ ਕਰਕੇ ਹੀ ਭਵਿੱਖ ਦੇ ਖੁਸ਼ਹਾਲ ਦੇਸ਼ ਦੀ ਸਿਰਜਣਾ ਕੀਤੀ ਜਾ ਸਕਦੀ ਹੈ।
ਸ਼੍ਰੀਮਤੀ ਪੂਨਮਦੀਪ ਕੌਰ ਨੇ ਜਿ਼ਲ੍ਹੇ ਦੇ ਸਮੂਹ ਵੋਟਰਾਂ ਨੂੰ ਅਪੀਲ ਕੀਤੀ ਕਿ ਜਿਸ ਤਰ੍ਹਾਂ ਬਜ਼ੁਰਗ ਮਾਇਆ ਕੌਰ ਨੇ 105 ਸਾਲ ਦੀ ਉਮਰ ਹੋਣ ਦੇ ਬਾਵਜੂਦ ਪੋਲਿੰਗ ਸਟੇਸ਼ਨ ’ਤੇ ਜਾ ਕੇ ਵੋਟ ਪਾਉਣ ਦੀ ਇੱਛਾ ਜਾਹਿਰ ਕੀਤੀ ਹੈ ਉਸ ਤੋਂ ਸਭ ਨੂੰ ਸੇਧ ਲੈਣੀ ਚਾਹੀਦੀ ਹੈ। ਉਨ੍ਹਾਂ ਨੌਜਵਾਨ ਵਰਗ ਨੂੰ ਪ੍ਰੇਰਤ ਕਰਦਿਆਂ ਕਿਹਾ ਕਿ ਵੋਟ ਦਾ ਸਹੀ ਇਸਤੇਮਾਲ ਜਿਥੇ ਸਾਡਾ ਸੰਵਿਧਾਨਕ ਹੱਕ ਹੈ ਉਥੇ ਹੀ ਸਮਾਜ ਪ੍ਰਤੀ ਸਾਡੀ ਜਿੰਮੇਵਾਰੀ ਵੀ ਬਣਦੀ ਹੈ, ਕਿਉਂਕਿ ਵੋਟ ਦੇ ਸਹੀ ਇਸਤੇਮਾਲ ਨਾਲ ਹੀ ਲੋਕਤੰਤਰ ਨੂੰ ਮਜਬੂਤ ਕੀਤਾ ਜਾ ਸਕਦਾ ਹੈ। ਜ਼ਿਲ੍ਹਾ ਚੋਣ ਅਫਸਰ ਨੇ ਦੱਸਿਆ ਕਿ ਬਜ਼ੁਰਗ ਮਾਇਆ ਕੌਰ ਨੂੰ ਚੋਣ ਕਮਿਸ਼ਨ ਵੱਲੋਂ ਦਿੱਤੀ ਸਹੂਲਤ ਬਾਰੇ ਜਾਣਕਾਰੀ ਦਿੱਤੀ ਗਈ ਸੀ ਪ੍ਰੰਤੂ ਉਨ੍ਹਾਂ ਨੇ ਪੋਲਿੰਗ ਸਟੇਸ਼ਨ ’ਤੇ ਜਾ ਕੇ ਹੀ ਵੋਟ ਪਾਉਣ ਦੀ ਗੱਲ ਆਖੀ ਹੈ।
ਉਨ੍ਹਾਂ ਕਿਹਾ ਕਿ ਅਕਸਰ ਕੁਝ ਵੋਟਰ ਆਪਣੀ ਵੋਟ ਦੇ ਇਸਤੇਮਾਲ ਤੋਂ ਅਵੇਸਲੇ ਹੋ ਜਾਂਦੇ ਹਨ, ਜੋ ਕਿ ਆਪਣੇ ਸੰਵਿਧਾਨ ਹੱਕ ਤੋਂ ਮੂੰਹ ਮੋੜਨ ਬਰਾਬਰ ਹੈ। ਉਨ੍ਹਾਂ ਕਿਹਾ ਕਿ ਚੋਣ ਕਮਿਸ਼ਨ ਨੇ ਜਿਥੇ ਬਜੁ਼ਰਗਾਂ ਦੀ ਸਹੂਲਤ ਲਈ ਬੈਲਟ ਪੇਪਰ ਰਾਹੀਂ ਵੋਟ ਪਾਉਣ ਦੀ ਸਹੂਲਤ ਦਿੱਤੀ ਹੈ, ਉਥੇ ਦਿਵਿਆਂਗ ਵੋਟਰਾਂ ਨੂੰ ਵੀ ਵੱਡੀ ਗਿਣਤੀ ਸਹੂਲਤਾਂ ਦਿੱਤੀਆਂ ਹਨ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ 100 ਫੀਸਦੀ ਵੋਟਰਾਂ ਦੀ ਸ਼ਮੂਲੀਅਤ ਲਈ ਪੋਲਿੰਗ ਸਟੇਸ਼ਨਾਂ ’ਤੇ ਦਿਵਿਆਂਗ ਵੋਟਰਾਂ ਦੀ ਸਹੂਲਤ ਲਈ ਵੀਲ੍ਹ ਚੇਅਰ, ਰੈਂਪ ਅਤੇ ਹੋਰ ਪ੍ਰਬੰਧ ਕੀਤੇ ਗਏ ਹਨ ਤਾਂ ਜੋ ਕੋਈ ਵੀ ਵੋਟਰ ਆਪਣੀ ਵੋਟ ਦੇ ਅਧਿਕਾਰ ਤੋਂ ਵਾਂਝਾ ਨਾ ਰਹੇ।
ਉਨ੍ਹਾਂ ਇਹ ਵੀ ਅਪੀਲ ਕੀਤੀ ਕਿ ਸਾਡਾ ਦੇਸ਼ ਦੁਨੀਆਂ ਦਾ ਸਭ ਤੋਂ ਵੱਡਾ ਲੋਕਤਾਂਤਰਿਕ ਦੇਸ਼ ਹੈ ਅਤੇ 100 ਫੀਸਦੀ ਵੋਟਰਾਂ ਦੀ ਸ਼ਮੂਲੀਅਤ ਨਾਲ ਹੀ ਇਸ ਨੂੰ ਹੋਰ ਮਜ਼ਬੂਤ ਕੀਤਾ ਜਾ ਸਕਦਾ ਹੈ। ਇਸ ਮੌਕੇ ਐਸ ਡੀ ਐਮ -ਕਮ- ਰਿਟਰਨਿੰਗ ਅਫਸਰ ਬਸੀ ਪਠਾਣਾ ਯਸ਼ਪਾਲ ਸ਼ਰਮਾਂ , ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫਸਰ ਜੋਬਨਦੀਪ ਕੌਰ, ਤਹਿਸੀਲਦਾਰ ਚੋਣਾਂ ਸ੍ਰੀਮਤੀ ਨਿਰਮਲਾ ਦੇਵੀ ਮੌਜੂਦ ਸਨ।