ਜਨਰਲ ਅਬਜ਼ਰਵਰ ਸੁਬੋਧ ਯਾਦਵ ਵੱਲੋਂ ਮਾਈਕਰੋ ਅਬਜ਼ਰਵਰਾਂ ਨੂੰ ਦਿਸ਼ਾ ਨਿਰਦੇਸ਼ ਜਾਰੀ
ਜਨਰਲ ਅਬਜ਼ਰਵਰ ਸੁਬੋਧ ਯਾਦਵ ਵੱਲੋਂ ਮਾਈਕਰੋ ਅਬਜ਼ਰਵਰਾਂ ਨੂੰ ਦਿਸ਼ਾ ਨਿਰਦੇਸ਼ ਜਾਰੀ
ਪਰਦੀਪ ਕਸਬਾ ,ਸੰਗਰੂਰ, 17 ਫਰਵਰੀ:2022
ਜ਼ਿਲਾ ਸੰਗਰੂਰ ਦੇ ਪੰਜ ਵਿਧਾਨ ਸਭਾ ਚੋਣਾਂ ਲਈ ਤਾਇਨਾਤ ਕੀਤੇ ਗਏ ਮਾਈਕਰੋ ਅਬਜ਼ਰਵਰਾਂ ਲਈ ਆਯੋਜਿਤ ਸਿਖਲਾਈ ਪ੍ਰੋਗਰਾਮ ਦੌਰਾਨ ਜਨਰਲ ਅਬਜ਼ਰਵਰ ਸ਼੍ਰੀ ਸੁਬੋਧ ਯਾਦਵ ਨੇ ਕਿਹਾ ਕਿ ਆਪਣੀ ਡਿਊਟੀ ਨੂੰ ਪੂਰੀ ਜ਼ਿੰਮੇਵਾਰੀ ਨਾਲ ਨਿਭਾਇਆ ਜਾਵੇ। ਜ਼ਿਲਾ ਪ੍ਰਬੰਧਕੀ ਕੰਪਲੈਕਸ ਵਿਖੇ ਹੋਈ ਇਸ ਟਰੇਨਿੰਗ ਦੌਰਾਨ ਸ੍ਰੀ ਯਾਦਵ ਨੇ ਕਿਹਾ ਕਿ ਮਾਈਕਰੋ ਅਬਜ਼ਰਵਰ ਦੀ ਭੂਮਿਕਾ ਮਹੱਤਵਪੂਰਨ ਹੁੰਦੀ ਹੈ ਅਤੇ ਉਹ ਵੋਟਾਂ ਵਾਲੇ ਦਿਨ 20 ਫਰਵਰੀ ਨੂੰ ਵੋਟਾਂ ਪੈਣ ਦੀ ਪ੍ਰਕਿਰਿਆ ਆਰੰਭ ਹੋਣ ਦੇ ਨਿਰਧਾਰਿਤ ਸਮੇਂ ਤੋਂ ਪਹਿਲਾਂ ਪੋਲਿੰਗ ਸਟੇਸ਼ਨਾਂ ’ਤੇ ਪਹੁੰਚਣਾ ਯਕੀਨੀ ਬਣਾਉਣਗੇ ਅਤੇ ਇਲੈਕਸ਼ਨ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਵੋਟਰਾਂ ਲਈ ਉਪਲਬਧ ਮੁਢਲੀਆ ਸਹੂਲਤਾਂ ਦੀ ਜਾਂਚ ਨੂੰ ਯਕੀਨੀ ਬਣਾਉਣਗੇ। ਉਨਾਂ ਦੱਸਿਆ ਕਿ ਮਾਈਕਰੋ ਅਬਜ਼ਰਵਰਾਂ ਦੀ ਦੇਖਰੇਖ ਹੇਠ ਮੋਕ ਪੋਲ ਹੋਵੇਗੀ ਅਤੇ ਸਬੰਧੀ ਪ੍ਰੀਜਾਈਡਿੰਗ ਅਫ਼ਸਰ ਵੱਲੋਂ ਮੋਕ ਪੋਲ ਦਾ ਸਰਟੀਫਿਕੇਟ ਜਾਰੀ ਕੀਤਾ ਜਾਵੇਗਾ।
ਉਨਾਂ ਕਿਹਾ ਕਿ ਮਾਈਕਰੋ ਅਬਜ਼ਰਵਰ ਪੋਲਿੰਗ ਸਟੇਸ਼ਨ ਦੀ ਸਮੁੱਚੀ ਪ੍ਰਕਿਰਿਆ ’ਤੇ ਨਿਗਰਾਨੀ ਰੱਖਣਗੇ ਅਤੇ ਇਹ ਸੁਨਿਸ਼ਚਿਤ ਕਰਨਗੇ ਕਿ ਚੋਣਾਂ ਦੀ ਸਮੁੱਚੀ ਪ੍ਰਕਿਰਿਆ ਪਾਰਦਰਸ਼ੀ ਤੇ ਨਿਰਪੱਖ ਢੰਗ ਨਾਲ ਨੇਪਰੇ ਚੜਾਈ ਜਾਵੇ। ਉਨਾਂ ਇਹ ਵੀ ਕਿਹਾ ਕਿ ਮਾਈਕਰੋ ਅਬਜ਼ਰਵਰ ਇਸ ਸਬੰਧੀ ਇਲੈਕਸ਼ਨ ਕਮਿਸ਼ਨ ਵੱਲੋਂ ਪ੍ਰੀਜਾਈਡਿੰਗ ਅਫ਼ਸਰ ਤੇ ਪੋਲਿੰਗ ਅਫ਼ਸਰਾਂ ਲਈ ਨਿਰਧਾਰਿਤ ਜਿੰਮੇਵਾਰੀਆਂ ਬਾਰੇ ਵੀ ਅਗੇਤੇ ਤੌਰ ’ਤੇ ਜਾਣਕਾਰੀ ਹਾਸਲ ਕਰ ਲੈਣ। ਉਨਾਂ ਕਿਹਾ ਕਿ ਉਮੀਦਵਾਰਾਂ ਦੇ ਪੋਲਿੰਗ ਏਜੰਟਾਂ ਦੀ ਮੌਜੂਦਗੀ, ਗੈਰ ਹਾਜ਼ਰ ਵੋਟਰਾਂ, ਮਿ੍ਰਤਕ ਜਾਂ ਤਬਦੀਲ ਹੋਏ ਵੋਟਰਾਂ ਬਾਰੇ ਵੀ ਮਾਈਕਰੋ ਅਬਜ਼ਰਵਰ ਸੁਚੇਤ ਰਹਿਣ ਨੂੰ ਯਕੀਨੀ ਬਣਾਉਣਗੇ। ਸ਼੍ਰੀ ਸੁਬੋਧ ਯਾਦਵ ਨੇ ਕਿਹਾ ਕਿ ਜੇਕਰ ਕਿਸੇ ਵੀ ਮਾਈਕਰੋ ਅਬਜ਼ਰਵਰ ਨੂੰ ਕਿਸੇ ਪੋਲਿੰਗ ਸਟੇਸ਼ਨ ’ਤੇ ਚੋਣ ਪ੍ਰਕਿਰਿਆ ਦੌਰਾਨ ਚੋਣ ਕਮਿਸ਼ਨ ਦੀਆਂ ਹਦਾਇਤਾਂ ਦੀ ਉਲੰਘਣਾ ਨਜ਼ਰ ਆਉਂਦੀ ਹੈ ਤਾਂ ਉਹ ਸਿੱਧੇ ਤੌਰ ’ਤੇ ਜਨਰਲ ਅਬਜ਼ਰਵਰ ਨੂੰ ਸੂਚਿਤ ਕਰਨ ਦਾ ਪਾਬੰਦ ਹੋਵੇਗਾ। ਇਸ ਦੌਰਾਨ ਮਾਈਕਰੋ ਅਬਜ਼ਰਵਰਾਂ ਨੂੰ ਪ੍ਰੋਜੈਕਟਰ ਦੀ ਮਦਦ ਨਾਲ ਹੋਰ ਨਿਯਮਾਂ ਤੇ ਦਿਸ਼ਾ ਨਿਰਦੇਸ਼ਾਂ ਬਾਰੇ ਜਾਣੂ ਕਰਵਾਇਆ ਗਿਆ।