ਜਨਰਲ ਅਬਜ਼ਰਵਰਾਂ, ਖਰਚਾ ਅਬਜ਼ਰਵਰਾਂ ਅਤੇ ਪੁਲਿਸ ਅਬਜ਼ਰਵਰ ਵੱਲੋਂ ਅਧਿਕਾਰੀਆਂ ਨਾਲ ਮੀਟਿੰਗ
ਜਨਰਲ ਅਬਜ਼ਰਵਰਾਂ, ਖਰਚਾ ਅਬਜ਼ਰਵਰਾਂ ਅਤੇ ਪੁਲਿਸ ਅਬਜ਼ਰਵਰ ਵੱਲੋਂ ਅਧਿਕਾਰੀਆਂ ਨਾਲ ਮੀਟਿੰਗ
ਪਰਦੀਪ ਕਸਬਾ ,ਸੰਗਰੂਰ, 14 ਫਰਵਰੀ 2022
ਚੋਣ ਕਮਿਸ਼ਨ ਵੱਲੋਂ ਜਿ਼ਲ੍ਹਾ ਸੰਗਰੂਰ ਦੇ 5 ਵਿਧਾਨ ਸਭਾ ਹਲਕਿਆਂ ਵਿੱਚ ਸਾਫ ਸੁਥਰੇ, ਪਾਰਦਰਸ਼ੀ ਅਤੇ ਸੁਰੱਖਿਅਤ ਮਾਹੌਲ ਵਿੱਚ ਚੋਣ ਅਮਲ ਨੂੰ ਨੇਪਰੇ ਚੜ੍ਹਾਉਣ ਲਈ ਤਾਇਨਾਤ ਕੀਤੇ 2 ਜਨਰਲ ਆਬਜ਼ਰਵਰਾਂ, 2 ਖਰਚਾ ਅਬਜ਼ਰਵਰਾਂ ਅਤੇ 1 ਪੁਲਿਸ ਅਬਜ਼ਰਵਰ ਵੱਲੋਂ ਵੱਖ-ਵੱਖ ਚੌਕਸੀ ਟੀਮਾਂ ਤੋਂ ਹੁਣ ਤੱਕ ਦੀ ਪ੍ਰਗਤੀ ਦਾ ਜਾਇਜ਼ਾ ਲੈਂਦਿਆਂ ਅਗਲੇ 6 ਦਿਨਾਂ `ਚ ਰਹਿਣ ਦੇ ਹੁਕਮ ਦਿੱਤੇ।
ਜਨਰਲ ਅਬਜਰਵਰ ਸ੍ਰੀ ਸੁਬੋਧ ਯਾਦਵ ਨੇ ਕਿਹਾ ਕਿ ਆਦਰਸ਼ ਚੋਣ ਜਾਬਤੇ ਦੀ ਉਲੰਘਣਾ ਕਰਨ ਵਾਲਿਆਂ `ਤੇ ਫੌਰਨ ਕਾਰਵਾਈ ਕੀਤੀ ਜਾਵੇ।ਉਨ੍ਹਾਂ ਕਿਹਾ ਕਿ ਐਫ.ਐਸ.ਟੀ/ਐਸ.ਐਸ.ਟੀ ਟੀਮਾਂ ਆਪਣੇ ਹਲਕਿਆਂ ਦੇ ਪੁਲਿਸ ਅਧਿਕਾਰੀਆਂ ਅਤੇ ਰਿਟਰਨਿੰਗ ਅਫ਼ਸਰਾਂ ਨਾਲ ਸਿੱਧਾ ਤਾਲਮੇਲ ਰੱਖਣ ਤਾਂ ਜੋ ਪਰਮਿਸ਼ਨਾਂ ਬਾਰੇ ਵੀ ਦੋਵੇਂ ਪਾਸਿਓ ਕਰਾਸ ਚੈਕਿੰਗ ਹੋ ਸਕੇ। ਉਨ੍ਹਾਂ ਸਪੱਸ਼ਟ ਕੀਤਾ ਕਿ ਇਲੈਕਸ਼ਨ ਕਮਿਸ਼ਨ ਦੀਆਂ ਹਦਾਇਤਾਂ ਨੂੰ ਲਾਗੂ ਕਰਨ ਵਿੱਚ ਅਣਗਹਿਲੀ ਨਾ ਵਰਤੀ ਜਾਵੇ। ਸ੍ਰੀ ਯਾਦਵ ਨੇ ਕਿਹਾ ਕਿ ਸ੍ਰੀ ਵਿਜਿਲ, ਸਿ਼ਕਾਇਤ ਸੈੱਲ ਅਤੇ ਟੋਲ ਫਰੀ ਨੰਬਰ 1950 `ਤੇ ਪ੍ਰਾਪਤ ਹੋਣ ਵਾਲੀਆਂ ਸਿ਼ਕਾਇਤਾਂ ਦਾ ਤੁਰੰਤ ਢੁਕਵਾਂ ਨਿਪਟਾਰਾ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਅਗਲੇ ਕੁੱਝ ਦਿਨ ਖਰਚਿਆਂ `ਤੇ ਨਜ਼ਰ ਰੱਖਣ ਜਾਂ ਅਜਿਹੀਆਂ ਹੋਰ ਗਤੀਵਿਧੀਆਂ ਪੱਖੋਂ ਵਧੇਰੇ ਨਾਜ਼ੁਕ ਸਾਬਿਤ ਹੋ ਸਕਦੇ ਹਨ, ਜਿਨ੍ਹਾਂ ਨੂੰ ਠੱਲ੍ਹ ਪਾਉਣੀ ਜ਼ਰੂਰੀ ਹੈ ।
ਉਨ੍ਹਾਂ ਹਲਕਾ ਪੱਧਰ ਤੇ ਵੱਖ -ਵੱਖ ਟੀਮਾਂ ਵੱਲੋਂ ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਨੂੰ ਰੋਕਣ, ਬਿਨਾਂ ਪ੍ਰਵਾਨਗੀ ਵਾਲੇ ਵਾਹਨਾਂ ਨੂੰ ਜ਼ਬਤ ਕਰਨ,ਪ੍ਰਿੰਟਿੰਗ ਸਮੱਗਰੀ ਨੂੰ ਜ਼ਬਤ ਕਰਨ, ਨਿਰਧਾਰਤ ਨਿਯਮਾਂ ਤੋਂ ਵੱਧ ਨਕਦੀ ਲਿਆਉਣ ਲਿਜਾਣ, ਨਸ਼ਿਆਂ ਦੀ ਤਸਕਰੀ ਰੋਕਣ ਆਦਿ ਲਈ ਚੁੱਕੇ ਕਦਮਾਂ ਦੀ ਸਮੀਖਿਆ ਕੀਤੀ ।ਇਸ ਮੌਕੇ ਜਨਰਲ ਅਬਜ਼ਰਵਰ ਸ੍ਰੀ ਰਾਜਿੰਦਰਾ ਵੀਜਾਰਾਓ ਨਿੰਬਲਕਰ ਨੇ ਵੀ ਟੀਮਾਂ ਨੂੰ ਚੋਣ ਕਮਿਸ਼ਨ ਦੀਆਂ ਹਦਾਇਤਾਂ ਦੀ ਪਾਲਣਾ ਨੂੰ ਯਕੀਨੀ ਬਣਾਉਣ ਲਈ ਕਿਹਾ।
ਉਨ੍ਹਾਂ ਕਿਹਾ ਕਿ 20 ਫਰਵਰੀ ਤੋਂ ਪਹਿਲਾਂ ਦੇ ਹੁਣ ਸਾਰੇ ਦਿਨਾਂ ਅੰਦਰ ਉਮੀਦਵਾਰਾਂ ਅਤੇ ਸਿਆਸੀ ਪਾਰਟੀਆਂ ਦੀ ਹਰ ਗਤੀਵਿਧੀ ਉੱਤੇ ਹੋਰ ਵੀ ਚੌਕਸੀ ਨਾਲ ਨਜ਼ਰ ਰੱਖਣ ਦੀ ਲੋੜ ਹੈ ।ਉਨ੍ਹਾਂ ਕਿਹਾ ਕਿ ਪ੍ਰਿੰਟਿੰਗ ਪ੍ਰੈਸਾਂ ਰਾਹੀਂ ਪ੍ਰਕਾਸ਼ਤ ਹੋਣ ਵਾਲੀ ਚੋਣ ਪ੍ਰਚਾਰ ਸਮੱਗਰੀ ਸਬੰਧੀ ਮੁਹੱਈਆ ਕਰਵਾਏ ਜਾਣ ਵਾਲੇ ਵੇਰਵਿਆਂ ਨੂੰ ਵੀ ਜਾਂਚਿਆ ਜਾਵੇ ਕਿਉਂਕਿ ਪੋਸਟਰਾਂ, ਬੈਨਰਾਂ ਆਦਿ ਦੀ ਦੱਸੀ ਜਾਣ ਵਾਲੀ ਗਿਣਤੀ ਅਤੇ ਪ੍ਰਕਾਸ਼ਿਤ ਕੀਤੀ ਜਾਣ ਵਾਲੀ ਅਸਲ ਗਿਣਤੀ ਵਿੱਚ ਫ਼ਰਕ ਪਾਏ ਜਾਣ ਦੀ ਸੰਭਾਵਨਾ ਵੀ ਹੁੰਦੀ ਹੈ ।
ਮੀਟਿੰਗ ਦੌਰਾਨ ਖਰਚਾ ਅਬਜ਼ਰਵਰ ਸ੍ਰੀ ਸੁਭਾਸ਼ ਚੰਦਰ ਅਤੇ ਸ੍ਰੀ ਲਿਆਕਤ ਅਲੀ ਅਫਾਕੀ ਨੇ ਵੀ ਆਪਣੇ ਤਜਰਬੇ ਸਾਂਝੇ ਕੀਤੇ।ਖ਼ਰਚਾ ਅਬਜ਼ਰਵਰਾਂ ਨੇ ਦੱਸਿਆ ਕਿ ਉਮੀਦਵਾਰਾਂ ਦੇ ਖ਼ਰਚਿਆਂ ਦਾ ਸ਼ੈਡੋ ਰਜਿਸਟਰਾਂ ਨਾਲ ਮਿਲਾਣ ਕਰਨ ਦੀ ਪ੍ਰਕਿਰਿਆ ਦੋ ਵਾਰ ਅਮਲ ਵਿੱਚ ਲਿਆਂਦੀ ਜਾ ਚੁੱਕੀ ਹੈ ਅਤੇ ਫੀਲਡ ਵਿੱਚ ਤਾਇਨਾਤ ਟੀਮਾਂ ਚੋਣ ਪ੍ਰਚਾਰ ਕਰਦੇ ਵਾਹਨਾਂ ਤੋਂ ਸਮਰੱਥ ਅਧਿਕਾਰੀਆਂ ਦੀ ਪ੍ਰਵਾਨਗੀ ਬਾਰੇ ਦਸਤਾਵੇਜ਼ ਜ਼ਰੂਰ ਚੈੱਕ ਕਰਨ ।
ਇਸ ਮੌਕੇ ਜ਼ਿਲ੍ਹਾ ਚੋਣ ਅਫ਼ਸਰ ਸ਼੍ਰੀ ਰਾਮਵੀਰ ਨੇ ਕਿਹਾ ਕਿ ਹਰ ਵਿਅਕਤੀ ਆਪਣੀ ਡਿਊਟੀ ਨੂੰ ਜ਼ਿੰਮੇਵਾਰੀ ਦੀ ਭਾਵਨਾ ਨਾਲ ਨਿਭਾਉਣ ਲਈ ਪਾਬੰਦ ਹੈ ।ਉਨ੍ਹਾਂ ਕਿਹਾ ਕਿ ਜਿਹੜੇ ਵੀ ਵਾਹਨਾਂ ਦੀ ਚੈਕਿੰਗ ਕੀਤੀ ਜਾਂਦੀ ਹੈ ਤਾਂ ਉੱਥੇ ਵੀਡੀਓਗ੍ਰਾਫੀ ਦਾ ਲਾਜ਼ਮੀ ਪ੍ਰਬੰਧ ਹੋਵੇ ਤਾਂ ਜੋ ਚੋਣ ਸਮੱਗਰੀ ,ਨਗਦੀ ,ਨਸ਼ੀਲੇ ਪਦਾਰਥ ਆਦਿ ਬਰਾਮਦ ਹੋਣ ਤੇ ਤੁਰੰਤ ਨਿਯਮਾਂ ਤਹਿਤ ਕਾਨੂੰਨੀ ਕਾਰਵਾਈ ਹੋ ਸਕੇ ।
ਪੁਲਿਸ ਅਬਜ਼ਰਵਰ ਸ੍ਰੀ ਅਮੋਘ ਜੀਵਨ ਗਾਓਂਕਰ ਨੇ ਐਸ ਐਸ ਪੀ ਸ੍ਰੀ ਸਵਪਨ ਸ਼ਰਮਾ ਸਮੇਤ ਹੋਰ ਪੁਲਿਸ ਅਧਿਕਾਰੀਆਂ ਤੋਂ ਸੁਰੱਖਿਆ ਵਿਵਸਥਾ, ਸ਼ਿਕਾਇਤਾਂ ਉਤੇ ਕਾਰਵਾਈ ਦੀ ਸਥਿਤੀ, ਅੰਤਰ ਰਾਜੀ ਅਤੇ ਅੰਤਰ ਜ਼ਿਲ੍ਹਾ ਨਾਕਿਆਂ, ਨਜਾਇਜ਼ ਅਸਲੇ ਦੀ ਰੋਕਥਾਮ, ਗੈਰ ਕਾਨੂੰਨੀ ਕਾਰਵਾਈਆਂ ਨੂੰ ਠੱਲ੍ਹ ਪਾਉਣ ਲਈ ਚੁੱਕੇ ਕਦਮਾਂ ਦਾ ਜਾਇਜ਼ਾ ਲਿਆ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਸ੍ਰੀ ਅਨਮੋਲ ਸਿੰਘ ਧਾਲੀਵਾਲ ਨੇ ਵੋਟਾਂ ਵਾਲੇ ਦਿਨ ਤੋਂ 72 ਘੰਟੇ ਅਤੇ 48 ਘੰਟੇ ਪਹਿਲਾਂ ਕੀਤੀ ਜਾਣ ਵਾਲੀ ਕਾਰਵਾਈ ਸਬੰਧੀ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਸਮੂਹ ਟੀਮਾਂ ਯੋਜਨਾਬੱਧ ਢੰਗ ਨਾਲ 24 ਘੰਟੇ ਕਾਰਜਸ਼ੀਲ ਰਹਿਣ ਅਤੇ ਆਦਰਸ਼ ਚੋਣ ਜਾਬਤੇ ਦੀ ਪਾਲਣਾ ਨੂੰ ਯਕੀਨੀ ਬਣਾਉਣ ਲਈ ਢੁਕਵੇਂ ਕਦਮ ਚੁੱਕੇ ਜਾਣ। ਮੀਟਿੰਗ ਦੌਰਾਨ ਸਮੂਹ ਰਿਟਰਨਿੰਗ ਅਫ਼ਸਰ, ਪੁਲਿਸ ਅਧਿਕਾਰੀ ਅਤੇ ਵੱਖ-ਵੱਖ ਵਿਧਾਨ ਸਭਾ ਹਲਕਿਆਂ ਵਿੱਚ ਤਾਇਨਾਤ ਚੌਕਸੀ ਟੀਮਾਂ ਦੇ ਇੰਚਾਰਜ ਮੌਜੂਦ ਸਨ।