ਚੋਰੀ ਦਾ 75 ਤੋਲੇ ਸੋਨਾ ਖਰੀਦਣ ਵਾਲਾ ਜਵੈਲਰ ਪੁਲਿਸ ਨੇ ਕੀਤਾ ਨਾਮਜ਼ਦ,ਤਲਾਸ਼ ਜ਼ਾਰੀ
ਸ਼ਾਹਾਂ ਦੀ ਕੁੜੀ ਵੱਲੋਂ ਆਸ਼ਕੀ ‘ਚ ਗੁਆਏ 1 ਕਿੱਲੋ ਤੋਂ ਵੱਧ ਸੋਨੇ ਦਾ ਮਿਲਿਆ ਸੁਰਾਗ, ਸਮਝੌਤਾ ਹੋਇਆ, ਪਰ ਨਹੀਂ ਚੜ੍ਹਿਆ ਸਿਰੇ
ਹਰਿੰਦਰ ਨਿੱਕਾ, ਬਰਨਾਲਾ 18 ਜਨਵਰੀ 2022
ਇੱਥੋਂ ਦੇ ਇੱਕ ਸ਼ਾਹੂਕਾਰ ਦੀ ਕੁੜੀ ਦੁਆਰਾ ਆਪਣੇ ਫੇਸਬੁੱਕੀਏ ਦੋਸਤ ਨੂੰ ਘਰਦਿਆਂ ਤੋਂ ਚੋਰੀ ਚੋਰੀ ਦਿੱਤੇ ਕਰੀਬ 75 ਤੋਲੇ ਸੋਨਾ ਖਰੀਦਣ ਵਾਲੇ ਕਰਤਾਰ ਜਵੈਲਰ ਦੇ ਮਾਲਿਕ ਨੂੰ ਐਫ.ਆਈ.ਆਰ. ਨੰਬਰ 12 ਵਿੱਚ ਦੋਸ਼ੀ ਨਾਮਜ਼ਦ ਕਰ ਦਿੱਤਾ ਹੈ। ਇਸ ਦੀ ਪੁਸ਼ਟੀ ਥਾਣਾ ਸਿਟੀ 1 ਬਰਨਾਲਾ ਦੇ ਐਸ.ਐਚ.ਉ ਇੰਸਪੈਕਟਰ ਗੁਰਮੀਤ ਸਿੰਘ ਨੇ ਵੀ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਬਲਾਤਕਾਰ ਅਤੇ ਅਮਾਨਤ ਵਿੱਚ ਖਿਆਨਤ ਕਰਨ ਆਦਿ ਜਿਹੇ ਸੰਗੀਨ ਜੁਰਮਾਂ ਤਹਿਤ ਗਿਰਫਤਾਰ ਸ਼ਮਸ਼ੇਰ ਸਿੰਘ ਵਾਸੀ ਬਰਨਾਲਾ ਦੀ ਪੁੱਛਗਿੱਛ ਤੋਂ ਬਾਅਦ ਸਾਹਮਣੇ ਆਇਆ ਸੀ ਕਿ ਉਸ ਨੇ ਆਪਣੀ ਦੋਸਤ ਕੁੜੀ ਤੋਂ ਲਏ ਕਰੀਬ 150 ਗ੍ਰਾਮ ਸੋਨੇ ਵਿੱਚੋਂ ਕਰੀਬ ਅੱਧਾ ਸੋਨਾ, ਉਸ ਨੇ ਕਰਤਾਰ ਜਵੈਲਰ ਦੇ ਮਾਲਿਕ ਸਤੀਸ਼ ਕੁਮਾਰ ਨੂੰ ਵੇਚਿਆ ਸੀ। ਇਹ ਇੰਕਸ਼ਾਫ ਹੋਣ ਉਪਰੰਤ ਪੁਲਿਸ ਨੇ ਸਤੀਸ਼ ਕੁਮਾਰ ਨੂੰ ਕੇਸ ਵਿੱਚ ਬਤੌਰ ਦੋਸ਼ੀ ਨਾਮਜ਼ਦ ਕਰਕੇ, ਉਸ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਜਲਦ ਹੀ ਨਾਮਜ਼ਦ ਦੋਸ਼ੀ ਨੂੰ ਗਿਰਫਤਾਰ ਵੀ ਕਰ ਲਿਆ ਜਾਵੇਗਾ।
ਐਸ.ਐਚ.ਉ ਇੰਸਪੈਕਟਰ ਗੁਰਮੀਤ ਸਿੰਘ ਨੇ ਦੱਸਿਆ ਕਿ ਉਕਤ ਕੇਸ ਵਿੱਚ ਪਹਿਲਾਂ ਗਿਰਫਤਾਰ ਸ਼ਮਸ਼ੇਰ ਸਿੰਘ ਅਤੇ ਉਸ ਦੀ ਪਤਨੀ ਹਰਪ੍ਰੀਤ ਕੌਰ ਦਾ ਪੁਲਿਸ ਰਿਮਾਂਡ ਭਲ੍ਹਕੇ ਬੁੱਧਵਾਰ ਨੂੰ ਖਤਮ ਹੋਣ ਤੋਂ ਬਾਅਦ,ਦੋਵਾਂ ਨੂੰ ਫਿਰ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਵਰਨਣਯੋਗ ਹੈ ਕਿ ਪੁਲਿਸ ਨੇ ਬਲਾਤਕਾਰ ਪੀੜਤ ਲੜਕੀ ਦੇ ਪਿਤਾ ਦੇ ਬਿਆਨ ਪਰ ਨਾਮਜ਼ਦ ਦੋਸ਼ੀ ਸ਼ਮਸ਼ੇਰ ਸਿੰਘ ਵਾਸੀ ਬਰਨਾਲਾ ਅਤੇ ਉਸ ਦੀ ਸੱਜ ਵਿਆਹੀ ਪਤਨੀ ਹਰਪ੍ਰੀਤ ਕੌਰ ਵਾਸੀ ਬਡਬਰ ਦੇ ਖਿਲਾਫ 11 ਜਨਵਰੀ 2022 ਨੂੰ ਥਾਣਾ ਸਿਟੀ ਬਰਨਾਲਾ ਵਿਖੇ ਮੁਕੱਦਮਾ ਨੰਬਰ 12 ਅਧੀਨ ਜੁਰਮ 406/ 376/ 120-B/ 506 ਆਈਪੀਸੀ ਤਹਿਤ ਦਰਜ਼ ਕੀਤਾ ਗਿਆ ਸੀ ।
ਪੀੜਤ ਲੜਕੀ ਨੇ ਇਹ ਵੀ ਦੋਸ਼ ਲਾਇਆ ਸੀ ਕਿ ਸ਼ਮਸ਼ੇਰ ਸਿੰਘ ਨੇ ਉਸ ਨੂੰ ਆਪਣੇ ਘਰ ਬੁਲਾਇਆ ਸੀ ਅਤੇ ਉਸ ਨਾਲ ਜਬਰਦਸਤੀ ਬਲਾਤਕਾਰ ਕੀਤਾ ਗਿਆ ਸੀ। ਸ਼ਮਸ਼ੇਰ ਸਿੰਘ ਨੇ ਆਪਣੀ ਦੋਸਤ ਤੋਂ 9 ਲੱਖ 65 ਹਜ਼ਾਰ ਰੁਪਏ ਕੈਸ਼ ਵੀ ਲੈ ਕੇ ਖੁਰਦ ਬੁਰਦ ਕਰ ਦਿੱਤਾ ਸੀ। ਪਤਾ ਇਹ ਵੀ ਲੱਗਿਆ ਹੈ ਕਿ ਮੁਦਈ ਧਿਰ ਅਤੇ ਦੋਸ਼ੀ ਦਰਮਿਆਨ ਸ਼ਿਕਾਇਤ ਦੀ ਪੜਤਾਲ ਦੌਰਾਨ ਇੱਕ ਸਮਝੌਤਾ ਵੀ ਹੋਇਆ ਸੀ, ਜਿਸ ਅਨੁਸਾਰ ਉਸ ਨੇ 105 ਤੋਲੇ ਸੋਨਾ ਅਤੇ 4 ਲੱਖ ਰੁਪਏ ਕੈਸ਼ ਵਾਪਿਸ ਦੇਣ ਲਈ ਲਿਖਤੀ ਸਮਝੌਤਾ ਵੀ ਕਰ ਲਿਆ ਸੀ।