ਚੋਣ ਕਮਿਸ਼ਨਰ ਵੱਲੋਂ ਸੁਨਾਮ ਵਿਖੇ ਵੋਟਰ ਜਾਗਰੂਕਤਾ ਸਾਈਕਲ ਰੈਲੀ ਦਾ ਆਯੋਜਨ
ਚੋਣ ਕਮਿਸ਼ਨਰ ਵੱਲੋਂ ਸੁਨਾਮ ਵਿਖੇ ਵੋਟਰ ਜਾਗਰੂਕਤਾ ਸਾਈਕਲ ਰੈਲੀ ਦਾ ਆਯੋਜਨ
ਪਰਦੀਪ ਕਸਬਾ ,ਸੁਨਾਮ, 13 ਫਰਵਰੀ 2022
ਪੰਜਾਬ ਦੇ ਮੁੱਖ ਚੋਣ ਕਮਿਸ਼ਨਰ ਸ਼੍ਰੀ ਐੱਸ. ਕਰੁਣਾ ਰਾਜੂ ਦੇ ਦਿਸ਼ਾ ਨਿਰਦੇਸ਼ਾਂ ਹੇਠ ਸੁਨਾਮ ਸ਼ਹਿਰ ਵਿੱਚ ਵੋਟਰ ਜਾਗਰੂਕਤਾ ਸਾਈਕਲ ਰੈਲੀ ਕੱਢੀ ਗਈ। ਜਿਸ ਵਿੱਚ ਵਿਧਾਨ ਸਭਾ ਹਲਕਾ ਸੁਨਾਮ ਲਈ ਨਿਯੁਕਤ ਕੀਤੇ ਗਏ ਜਨਰਲ ਆਬਜ਼ਰਬਰ ਸ਼੍ਰੀ ਰਾਜੇਂਦਰ ਵਿਜੈਰਾਓ ਨਿੰਬਾਲਕਰ ਅਤੇ ਖਰਚਾ ਅਬਜ਼ਰਬਰ ਸ਼੍ਰੀ ਲਿਆਕਤ ਅਲੀ ਅਫ਼ਾਕੀ ਨੇ ਵਿਸ਼ੇਸ਼ ਤੌਰ ਉੱਤੇ ਇਸ ਸਾਈਕਲ ਰੈਲੀ ਵਿਚ ਹਿੱਸਾ ਲਿਆ। ਇਸ ਸਮੇਂ ਹੋਰ ਜਾਣਕਾਰੀ ਦਿੰਦਿਆਂ ਸ੍ਰੀ ਜਸਪ੍ਰੀਤ ਸਿੰਘ ਆਰ ਓ – ਕਮ – ਐੱਸ ਡੀ ਐੱਮ ਸੁਨਾਮ ਨੇ ਦੱਸਿਆ ਕਿ ਜਿਲ੍ਹਾ ਚੋਣ ਅਫ਼ਸਰ ਸ਼੍ਰੀ ਰਾਮਵੀਰ ਦੀ ਅਗਵਾਈ ਹੇਠ ਹਲਕਾ ਸੁਨਾਮ ਵਿੱਚ ਸੌ ਫੀਸਦੀ ਮਤਦਾਨ ਕਰਾਉਣ ਦੇ ਟੀਚੇ ਨੂੰ ਮਿਥਦੇ ਹੋਏ ਅੱਜ ਇਹ ਸਾਈਕਲ ਰੈਲੀ ਕਰਵਾਈ ਗਈ ਜਿਸ ਵਿੱਚ ਸਕੂਲ ਅਤੇ ਕਾਲਜ ਦੇ ਵਿਦਿਆਰਥੀਆਂ ਨੇ ਵੀ ਹਿੱਸਾ ਲਿਆ। ਇਸ ਸਮੇਂ ਸ਼੍ਰੀ ਆਰ. ਵੀ. ਨਿੰਬਾਲਕਰ ਨੇ ਦੱਸਿਆ ਕਿ ਇਸ ਜਾਗਰੂਕਤਾ ਰੈਲੀ ਦੇ ਨਾਲ ਆਮ ਜਨਤਾ ਨੂੰ ਇਹ ਸੰਦੇਸ਼ ਮਿਲਦਾ ਹੈ ਕਿ ਆਪਣੇ ਵੋਟ ਪਾਉਣ ਦੇ ਅਧਿਕਾਰ ਨੂੰ ਜ਼ਰੂਰ ਵਰਤਿਆ ਜਾਵੇ ਤੇ ਲੋਕਤੰਤਰ ਨੂੰ ਮਜ਼ਬੂਤ ਬਣਾਉਣ ਵਿੱਚ ਆਪਣਾ ਵਡਮੁੱਲਾ ਯੋਗਦਾਨ ਪਾਇਆ ਜਾਵੇ। ਇਸ ਮੌਕੇ ਵਿਸ਼ੇਸ਼ ਤੌਰ ਤੇ ਜਾਣੇ ਪਹਿਚਾਣੇ ਸ੍ਰ. ਜਗਵਿੰਦਰ ਸਿੰਘ ਜੋ ਕਿ ਅੰਤਰਰਾਸ਼ਟਰੀ ਸਾਈਕਲਿਸਟ ਹੋਣ ਦੇ ਨਾਲ ਨਾਲ ਇੱਕ ਕਲਾਕਾਰ ਤੇ ਮੋਟਿਵੇਸ਼ਨਲ ਸਪੀਕਰ ਵੀ ਹਨ, ਉਨ੍ਹਾਂ ਨੇ ਵੀ ਇਸ ਰੈਲੀ ਵਿੱਚ ਹਿੱਸਾ ਲਿਆ ਤੇ ਸਰੀਰਕ ਫਿੱਟਨੈੱਸ ਨੂੰ ਉਤਸ਼ਾਹਿਤ ਕਰਨ ਲਈ ਰੋਜ਼ਾਨਾ ਸਾਈਕਲ ਚਲਾਉਣ ਦਾ ਸੰਦੇਸ਼ ਦਿੱਤਾ। ਇਸ ਮੌਕੇ ਵੋਟਰ ਪ੍ਰਣ ਵੀ ਲਿਆ ਗਿਆ। ਇਸ ਮੌਕੇ ਪਹੁੰਚੇ ਏ. ਡੀ.ਸੀ. ਲਤੀਫ਼ ਅਹਿਮਦ ਨੇ ਵਿਦਿਆਰਥੀਆਂ ਨੂੰ ਆਪਣੀ ਵੋਟ ਦਾ ਇਸਤੇਮਾਲ ਕਰਨ ਲਈ ਪ੍ਰੇਰਿਤ ਕੀਤਾ। ਇਸ ਸਾਈਕਲ ਰੈਲੀ ਦੀ ਸ਼ੁਰੂਆਤ ਜਰਨਲ ਆਬਜ਼ਰਬਰ ਸ਼੍ਰੀ ਰਾਜੇਂਦਰ ਵਿਜੈਰਾਓ ਨਿੰਬਾਲਕਰ ਨੇ ਹਰੀ ਝੰਡੀ ਦੇ ਕੇ ਕੀਤੀ। ਇਹ ਰੈਲੀ ਸਟੇਡੀਅਮ ਤੋਂ ਸ਼ੁਰੂ ਹੁੰਦੇ ਹੋਏ ਆਈ.ਟੀ.ਆਈ , ਸ਼ਹੀਦ ਊਧਮ ਸਿੰਘ ਚੌਕ, ਮਹਾਰਾਜਾ ਅਗਰਸੈਨ ਚੌਕ, ਮਾਤਾ ਮੋਦੀ ਚੌਂਕ ਤੋਂ ਹੁੰਦੇ ਹੋਏ ਸ਼ਹੀਦ ਊਧਮ ਸਿੰਘ ਦੀ ਰਿਹਾਇਸ਼ ਤੱਕ ਪਹੁੰਚੀ।