Skip to content
Advertisement
ਚੋਣ ਅਬਜ਼ਰਵਰਾਂ ਵੱਲੋਂ ਉਮੀਦਵਾਰਾਂ ਤੇ ਚੋਣ ਏਜੰਟਾਂ ਨਾਲ ਮੀਟਿੰਗ
*ਚੋਣ ਜ਼ਾਬਤੇ ਸਬੰਧੀ ਹਦਾਇਤਾਂ ਦੀ ਪਾਲਣਾ ਯਕੀਨੀ ਬਣਾਉਣ ਅਤੇ ਖਰਚਾ ਪ੍ਰਬੰਧਨ ’ਤੇ ਜ਼ੋਰ
ਪਰਦੀਪ ਕਸਬਾ ,ਸੰਗਰੂਰ, 5 ਫਰਵਰੀ 2022
ਚੋਣ ਕਮਿਸਨ ਵੱਲੋਂ ਅਗਾਮੀ ਵਿਧਾਨ ਸਭਾ ਚੋਣਾਂ ਲਈ ਸੰਗਰੂਰ ਜਿਲੇ ਦੇ 5 ਵਿਧਾਨ ਸਭਾ ਹਲਕਿਆਂ 99-ਲਹਿਰਾ, 100-ਦਿੜਬਾ, 101-ਸੁਨਾਮ,107-ਧੂਰੀ, 108-ਸੰਗਰੂਰ ਲਈ ਜਨਰਲ ਅਤੇ ਖਰਚਾ ਅਬਜਰਵਰ ਵੱਲੋਂ ਜ਼ਿਲਾ ਪ੍ਰਬੰਧਕੀ ਕੰਪਲੈਕਸ ਮੀਟਿੰਗ ਹਾਲ ਵਿਖੇ ਉਮੀਦਵਾਰਾਂ ਅਤੇ ਚੋਣ ਏਜੰਟਾਂ ਨਾਲ ਮੀਟਿੰਗ ਕੀਤੀ ਗਈ ਤੇ ਚੋਣ ਜ਼ਾਬਤੇ ਸਬੰਧੀ ਹਦਾਇਤਾਂ ਦੀ ਪਾਲਣਾ ਯਕੀਨੀ ਬਣਾਉਣ ਅਤੇ ਖਰਚਾ ਪ੍ਰਬੰਧਨ ਕਰਨ ਸਬੰਧੀ ਵਿਸਥਾਰਪਰਵਕ ਜਾਣਕਾਰੀ ਦਿੱਤੀ ਗਈ।
ਇਸ ਮੌਕੇ ਜਨਰਲ ਅਬਜਰਵਰ ਸ਼੍ਰੀ ਸੁਬੋਧ ਯਾਦਵ ਅਤੇ ਸ਼੍ਰੀ ਰਾਜਿੰਦਰ ਵੀਜਾਰਾਓ ਨਿੰਬਲਕਰ ਨੇ ਚੋਣ ਜ਼ਾਬਤੇ ਸਬੰਧੀ ਵਿਸਥਾਰ ਵਿੱਚ ਜਾਣਕਾਰੀ ਉਮੀਦਵਾਰਾਂ ਤੇ ਚੋਣ ਏਜੰਟਾਂ ਨਾਲ ਸਾਂਝੀ ਕੀਤੀ ਅਤੇ ਉਨਾਂ ਵੱਲੋਂ ਪੁੱਛੇ ਸਵਾਲਾਂ ਦੇ ਜਵਾਬ ਵੀ ਦਿੱਤੇ। ਉਨਾਂ ਕਿਹਾ ਕਿ ਮੋਨੀਟਰਿੰਗ ਟੀਮਾਂ ਲਗਾਤਾਰ ਸਰਗਰਮ ਹਨ ਅਤੇ ਇਸ ਗੱਲ ਨੂੰ ਯਕੀਨੀ ਬਣਾਇਆ ਜਾਵੇ ਕਿ ਆਦਰਸ਼ ਚੋਣ ਜਾਬਤੇ ਦੀ ਉਲੰਘਣਾ ਨਾ ਹੋਵੇ ਅਤੇ ਜੇਕਰ ਕੋਈ ਅਜਿਹਾ ਕਰਦਾ ਹੈ ਤਾਂ ਉਸ ਵਿਰੁੱਧ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਇਸ ਤੋਂ ਇਲਾਵਾ ਉਨਾਂ ਆਖਿਆ ਕਿ ਭਾਰਤ ਦੇ ਚੋਣ ਕਮਿਸ਼ਨ ਨੇ ਮੀਡੀਆ ਵਿੱਚ ਪੈਸੇ ਦੇ ਕੇ ਮਤਦਾਤਾਵਾਂ ਨੂੰ ਭਰਮਾਉਣ ਹਿੱਤ ਲਵਾਈਆਂ ਜਾਂਦੀਆਂ ਖ਼ਬਰਾਂ ਨੂੰ ਅਨੈਤਿਕ ਕਰਾਰ ਦਿੰਦਿਆਂ ਇਸ ਨੂੰ ਰੋਕਣ ਲਈ ਬਹੁਤ ਸਾਰੇ ਯਤਨ ਕੀਤੇ ਹਨ। ਜ਼ਿਲਾ ਪੱਧਰ ’ਤੇ ਮੀਡੀਆ ਸਰਟੀਫ਼ਿਕੇਸ਼ਨ ਤੇ ਮਾਨੀਟਰਿੰਗ ਕਮੇਟੀ (ਐਮ.ਸੀ.ਐਮ.ਸੀ.) ਦਾ ਗਠਨ ਕੀਤਾ ਗਿਆ ਹੈ ਜਿਸ ਜ਼ਰੀਏ ਸ਼ੱਕੀ ‘ਪੇਡ ਨਿਊਜ਼’ ਮਿਲਣ ’ਤੇ ਤੁਰੰਤ ਸਬੰਧਤ ਉਮੀਦਵਾਰ/ਪਾਰਟੀ ਨੂੰ ਨੋਟਿਸ ਜਾਰੀ ਕੀਤਾ ਜਾਂਦਾ ਹੈ। ਰਿਟਰਨਿੰਗ ਅਫ਼ਸਰ ਪਾਸੋਂ ਨੋਟਿਸ ਮਿਲਣ ਬਾਅਦ ਉਮੀਦਵਾਰ ਨੂੰ 48 ਘੰਟੇ ਵਿੱਚ ਜਵਾਬ ਦੇਣਾ ਹੁੰਦ ਹੈ। ਜਵਾਬ ਨਾ ਆਉਣ ’ਤੇ ਇਸ ਨੂੰ ‘ਪੇਡ ਨਿਊਜ਼’ ਮੰਨ ਲਿਆ ਜਾਵੇਗਾ, ਜਿਸ ਤੋਂ ਬਾਅਦ ਉਸ ਦਾ ਖਰਚ ਉਮੀਦਵਾਰ ਦੇ ਖਾਤੇ ਵਿੱਚ ਪਾ ਕੇ, ਚੋਣ ਕਮਿਸ਼ਨ ਨੂੰ ਅਗਲੇਰੀ ਕਾਰਵਾਈ ਲਈ ਸੂਚਿਤ ਕਰ ਦਿੱਤਾ ਜਾਵੇਗਾ। ਇਲੈਕਟ੍ਰਾਨਿਕ ਮੀਡੀਆ (ਸਮੇਤ ਆਨ ਲਾਈਨ ਪੇਪਰ, ਰੇਡੀਓ, ਟੀ.ਵੀ., ਸਿਨੇਮਾ ਹਾਲ ਅਤੇ ਸੋਸ਼ਲ ਮੀਡੀਆ ਤੇ ਬਲਕ/ਵਾਇਸ ਮੈਸੇਜਿਜ਼ ਆਨ ਮੋਬਾਇਲ) ਵਾਸਤੇ ਉਮੀਦਵਾਰ ਲਈ ਜ਼ਿਲਾ ਪੱਧਰੀ ਐਮ.ਸੀ.ਐਮ.ਸੀ. ਤੋਂ ਪ੍ਰੀ-ਸਰਟੀਫ਼ਿਕੇਸ਼ਨ ਲਾਜ਼ਮੀ ਹੈ।
ਇਸ ਦੌਰਾਨ ਖਰਚਾ ਅਬਜ਼ਰਵਰ ਸ਼੍ਰੀ ਸੁਭਾਸ਼ ਚੰਦਰਾ ਅਤੇ ਸ੍ਰੀ ਲਿਆਕਤ ਅਲੀ ਅਫ਼ਾਕੀ ਨੇ ਕਿਹਾ ਕਿ ਉਮੀਦਵਾਰ ਆਪਣੇ ਖਰਚੇ ਸਬੰਧੀ ਰਜਿਸਟਰ ਨੂੰ ਮੁਕੰਮਲ ਰੱਖਣ ਅਤੇ ਹਰ ਖਰਚੇ ਦਾ ਇੰਦਰਾਜ਼ ਵਿਧੀਬੱਧ ਤਰੀਕੇ ਨਾਲ ਕਰਨਾ ਯਕੀਨੀ ਬਣਾਇਆ ਜਾਵੇ। ਉਨਾਂ ਕਿਹਾ ਕਿ ਖਰਚਾ ਰਜਿਸਟਰਾਂ ਦਾ ਨਿਰਧਾਰਿਤ ਮਿਤੀ ’ਤੇ ਨਿਰੀਖਣ ਕਰਵਾਉਣਾ ਯਕੀਨੀ ਬਣਾਇਆ ਜਾਵੇ। ਉਨਾਂ ਉਮੀਦਵਾਰਾਂ ਤੇ ਚੋਣ ਏਜੰਟਾਂ ਦੇ ਧਿਆਨ ’ਚ ਲਿਆਂਦਾ ਕਿ ਚੋਣਾਂ ਸਬੰਧੀ ਕਿਸੇ ਕਿਸਮ ਦਾ ਖਰਚਾ ਛੁਪਾਉਣ ਜਾਂ ਘੱਟ ਦਰਸਾਉਣ ’ਤੇ ਸਖਤ ਕਾਰਵਾਈ ਅਮਲ ’ਚ ਲਿਆਂਦੀ ਜਾਵੇਗੀ। ਉਨਾਂ ਕਿਹਾ ਕਿ ਚੋਣਾਂ ਸਬੰਧੀ ਹਰ ਖਰਚ ਦੀ ਅਦਾਇਗੀ ਚੈੱਕ ਰਾਹੀਂ ਕੀਤੀ ਜਾਵੇ ਅਤੇ 10 ਹਜ਼ਾਰ ਤੋਂ ਵਧੇਰੇ ਰਕਮ ਦੀਆਂ ਅਦਾਇਗੀਆਂ ਨਗਦੀ ਦੇ ਰੂਪ ’ਚ ਨਾ ਕੀਤੀਆਂ ਜਾਣ। ਉਨਾਂ ਕਿਹਾ ਕਿ ਖਰਚੇ ਨਾਲ ਸਬੰਧਿਤ ਵਾਊਚਰ, ਬਿੱਲ ਆਦਿ ਸੰਭਾਲ ਕੇ ਰੱਖੇ ਜਾਣ ਅਤੇ ਖਰਚਾ ਰਜਿਸਟਰ ’ਚ ਰੋਜ਼ਾਨਾ ਮਿਤੀਬੱਧ ਦਰਜ਼ ਕਰਨਾ ਯਕੀਨੀ ਬਣਾਇਆ ਜਾਵੇ। ਉਨਾਂ ਕਿਹਾ ਕਿ ਜੋ ਵੀ ਖਰਚਾ ਕੀਤਾ ਜਾਣਾ ਹੈ ਉਹ ਚੋਣਾਂ ਨਾਲ ਸਬੰਧਤ ਬੈਂਕ ਖਾਤੇ ’ਚੋਂ ਹੀ ਕੀਤੇ ਜਾਣ। ਉਨਾਂ ਕਿਹਾ ਕਿ ਚੋਣ ਮੀਟਿਗਾਂ ਆਦਿ ਤੋਂ ਪਹਿਲਾਂ ਆਰ.ਓ. ਦੀ ਪ੍ਰਵਾਨਗੀ ਲੈਣੀ ਜ਼ਰੂਰੀ ਹੈ। ਇਸ ਤੋਂ ਇਲਾਵਾ ਉਨਾਂ ਸਟਾਰ ਪ੍ਰਚਾਰਕਾਂ ਦੇ ਖਰਚੇ ਅਤੇ ਵਿਵਸਥਾ ਬਾਰੇ ਵੀ ਹਾਜ਼ਰੀਨ ਨੂੰ ਵਿਸਥਾਰ ਨਾਲ ਜਾਣੂ ਕਰਵਾਇਆ।
ਇਸ ਮੌਕੇ ਵਧੀਕ ਜ਼ਿਲਾ ਚੋਣ ਅਫ਼ਸਰ-ਕਮ-ਵਧੀਕ ਡਿਪਟੀ ਕਮਿਸ਼ਨਰ ਸ਼੍ਰੀ ਅਨਮੋਲ ਸਿੰਘ ਧਾਲੀਵਾਲ, ਸਮੂਹ ਰਿਟਰਨਿੰਗ ਅਫ਼ਸਰ, ਸਹਾਇਕ ਖਰਚਾ ਅਬਜਰਵਰ ਤੋਂ ਇਲਾਵਾ ਉਮੀਦਵਾਰਾਂ ਅਤੇ ਨੁਮਾਇੰਦੇ ਹਾਜ਼ਰ ਸਨ।
Advertisement
Advertisement
error: Content is protected !!