ਚੁੰਝ ਚਰਚਾ :- “ਚੁਫੇਰਗੜੀਆਂ” ਦੀ ਚੁਫੇਰੇ ਬੱਲੇ ਬੱਲੇ ਹੋਈ ਜਾਂਦੀ ਐ
22 G ਦੇ ਨੇੜਲਿਆਂ ਤੇ ਅਕਾਲੀ- ਕਾਂਗਰਸੀਆਂ ਦੇ ਡੋਰੇ
22 G ਦੇ ਨੇੜਲਿਆਂ ਤੇ ਅਕਾਲੀ +ਕਾਂਗਰਸੀਆਂ ਨੇ ਡੋਰੇ ਪਾ ਹੀ ਲਏ ! ਪਿੱਪਲਾਂ ਦੀ ਛਾਂ , ਥੱਲੇ ਬਣੇ, ਚੌਤਰੇ ਤੇ ਡੇਢ ਕੁ ਮਹੀਨੇ ਬਾਅਦ ਆ ਕੇ ਬੈਠੇ, ਮੌਜੀ ਪਾੜ੍ਹੇ ਨੂੰ ਦੇਬੂ ਗਾਲੜੀ ਨੇ ਨਹੋਰਾ ਮਾਰਿਆ। ਵੋਟਾਂ ਤੋਂ ਪਹਿਲਾਂ, ਜਿਹੜਾ, ਬਦਲਾਅ ਆਲਿਆਂ ਦੀ ਗੱਲ ਭੁੰਜੇ ਨਹੀਂ ਸੀ ਡਿੱਗਣ, ਦਿੰਦਾ, ਨਿੰਮੋਝੂਣੇ ਜਿਹੇ ਹੋ ਕੇ ਬੈਠੇ, ਉਹੀ, ਮੌਜੀ ਪਾੜ੍ਹੇ ਨੇ , ਅੱਜ, ਹੂੰ-ਹੂੰ ਤੋਂ ਵੱਧ ਕੋਈ ਹੁੰਗਾਰਾ ਨਾ ਭਰਿਆ । ਯਾਰ ਕੋਈ ਗੱਲ ਨਹੀਂ, ਸੌਦੇ ਕਸੌਦੇ ਤਾਂ ਹੁੰਦੇ ਈ ਰਹਿੰਦੇ ਨੇ , ਪਰ ਅੱਖੀਂ ਤਾਂ ਉਨ੍ਹੀਂ ਰਹਿ, ਦੇਬੂ ਗਾਲੜੀ ਨੇ ਮੌਜੀ ਪਾੜ੍ਹੇ ਨੂੰ ਕੁਝ ਬੁਲਾਉਣ ਲਈ ਹੋਰ ਕੁਰੇਦਿਆ । ਚਾਚਾ ਸਿਆਂ, ਤੂੰ ਕਾਹਨੂੰ ਦੁਖੀ ਆਤਮਾ ਨੂੰ ਜਾਣ- ਜਾਣ ਕੇ ਛੇਡੀ ਜਾਣੈ, ਵਿਚਾਰੇ ਨਾਲ ਤਾਂ ਉਹ ਹੋਗੀ, ਜਿਹੜੀ ਖੇਤ ਪਏ ਗਧੇ ਨਾਲ ਨਹੀਂ ਹੁੰਦੀ, ਸ਼ਿੰਗਾਰਾ ਸਿਉਂ ਨੇ ਗੱਲ ਨੂੰ ਅੱਗੇ ਵਧਾਉਂਦਿਆਂ ਦੇਬੂ ਗਾਲੜੀ ਨੂੰ ਕਿਹਾ । ਦੇਬੂ ਫਿਰ ਬੋਲਿਆ , ਮੌਜੀ ! ਇਹੋ ਜਿਹੀ, ਕਿਹੜੀ, ਗੱਲ ਹੋਗੀ, ਪੁੱਛ ਦੇਣ ਆਲਿਆਂ ਵਾਂਗੂੰ, ਸਿਰ ਚੜ੍ਹ ਕੇ ਮੂੰਹੋਂ ਤਾਂ ਬੋਲ। ਮੌਜੀ ,ਨੇ ਦੇਬੂ ਗਾਲੜੀ ਦੀਆਂ ਗੱਲਾਂ ਦਾ ਕੋਈ ਜੁਆਬ ਤਾਂ ਨਹੀਂ ਦਿੱਤਾ, ਪਰ ਉਹਦੀਆਂ ਅੱਖਾਂ ਭਰ ਆਈਆਂ। ਮੌਜੀ ਦੀ ਆਹ ਹਾਲਤ, ਸੱਥ ਵਾਲਿਆਂ ਨੇ ਪਹਿਲੀ ਵਾਰ ਦੇਖੀ ।
ਕੋਲੇ ਬੈਠੇ ਬਾਬੂ ਸਿਉਂ ਨੇ ਮੌਜੀ ਪਾੜ੍ਹੇ ਨਾਲ ਹਮਦਰਦੀ ਜਤਾਉਂਦਿਆਂ ਕਿਹਾ ! ਦੇਬੂ ਤੂੰ ਵੀ ਯਾਰ, ਵਿਚਾਰੇ ਦੇ ਜਖਮਾਂ ਤੇ ਨੂਣ ਭੁਕਦੈਂ, ਕਈ ਵਾਰੀ ਬੰਦਾ ਅੰਦਰੋ – ਅੰਦਰੀ ਔਖਾ ਹੁੰਦੈ, ਤੂੰ ਹਰ ਵੇਲੇ, ਗੱਲਾਂ ਦਾ ਕੜਾਹ ਕਰੀ ਜਾਣੈ। ਕਦੇ ਸਮਾਂ ਵੀ ਵਿਚਾਰ ਲਿਆ ਕਰ । ਮੌਜੀ ਨੇ ਲੰਬਾ ਸਾਂਹ ਭਰਦਿਆਂ ਕਿਹਾ, ਕੀ ਬੋਲੀਏ ਦੇਬੂ ,ਆਹ ਸਾਡੇ ਆਲੇ ਨੇ ਤਾਂ ਹੁਣ ਬੋਲਣ ਜੋਗੇ ਨਹੀਂ ਛੱਡੇ, ਲੋਕ ਵੋਟਾਂ ਵੇਲੇ ਕਹੀਆਂ ਗੱਲਾਂ ਯਾਦ ਕਰਾਉਂਦੇ ਨੇ, ਸਾਨੂੰ ਕੋਈ ਗੱਲ ਨਹੀਂ ਔੜਦੀ , ਦੱਸ ਫਿਰ ਚੁੱਪ ਨਾ ਕਰੀਏ , ਤਾਂ ਹੋਰ ਕੀ ਕਰੀਏ। ਚਲੋਂ ਅਸੀਂ, ਭੱਜ ਨੱਠ ਜਿਆਦਾ ਕਰੀ ਜਾਂਦੇ ਸੀ, ਪਰ ਆਪਾਂ ਸਾਰੇ ਪਿੰਡ ਵਾਲਿਆਂ ਨੇ ਵੋਟਾਂ ਪਾਉਣ ਵਾਲੀਆਂ ਝੱਟਾਂ ਲਾਹਤੀਆਂ, ਮੌਜੀ ਨੇ ਦੇਬੂ ਗਾਲੜੀ ਦੀਆਂ ਸਾਰੀਆਂ ਗੱਲਾ ਦਾ ਦੋ ਟੁੱਕ ਜੁਆਬ ਦਿੱਤਾ। ਬਾਬੂ ਸਿਉਂ ਨੇ ਵੀ ਮੌਜੀ ਦੀ ਹਾਂ ‘ਚ ਹਾਂ ਰਲਾਉਂਦਿਆਂ ਕਿਹਾ, ਗੱਲ ਤਾਂ ਮੌਜੀ ਦੀ 16 ਆਨੇ ਸੱਚ ਐ, ਪਿੰਡ ਆਲਿਆਂ ਹੀ ਨਹੀਂ, ਪੂਰੇ ਇਲਾਕੇ ਆਲਿਆਂ ਨੇ ਵੌਟਾਂ ਤਾਂ ਇਉਂ ਪਾਈਐਂ, ਜਿਵੇਂ ਮਜ਼ਾਰ ਤੇ ਭਾਣ ਡਿੱਗਦੀ ਹੁੰਦੀ ਐ।
ਪਰ ਇੱਕ ਗੱਲ ਸਮਝੋਂ ਪਰੇ ਐ ਮੌਜੀ ! ਬਈ ਆਹ ਟੋਭੇ ਆਲੇ ਭਾਨੇ ਹੋਰਾਂ ਕੋਲ ਕਿਹੜੀ ਗਿੱਦੜ ਸਿੰਗੀ ਐ, ਵੋਟਾਂ ਵੇਲੇ ਕਾਂਗਰਸੀਆਂ ਦੇ ਤਲੂਏ ਚੱਟਦੇ ਫਿਰਦੇ ਸੀ, ਹੁਣ ਥੋਡੇ ਆਲੇ 22 ਜੀ ਦੀਆਂ ਗੱਡੀਆਂ ਵੀ ਕੱਲ੍ਹ ਹੂਟਰ ਮਾਰਦੀਆਂ, ਇੱਨ੍ਹਾਂ ਦੇ ਘਰੇ ਜਾ ਕੇ ਹੀ ਖੜ੍ਹੀਆਂ, ਤੇ ਥੋਨੂੰ ,ਜਿਹੜੇ ਝੋਲੇ ਚੁੱਕੀ ਫਿਰਦੇ ਸੀ, ਉਨ੍ਹਾਂ ਕੋਲ ਉਹਨੇ ਭੋਰਾ ਪੈਰ ਵੀ ਨਹੀਂ ਮਲਿਆ । ਭਾਨੇ ਕਾ ਸਾਰਾ ਟੱਬਰ ਇੱਕ ਪਾਸੇ ਸੀ ਤੇ ਉਨ੍ਹਾਂ ਦਾ ਸਾਰਿਆਂ ਤੋਂ ਛੋਟਾ, ਮਛੋਰ ਜਾਹ, ਕਹਿੰਦਾ, ਥੋਡੇ ਆਲਾ 22 ਤਾਂ ਮੇਰੇ ਨਾਲ ਪੜ੍ਹਦਾ ਰਿਹੈ, ਇਸ ਕਰਕੇ, ਉਹ , ਭਾਨੇ ਕੇ ਗਿਆ ਹੋਊ , ਮੌਜੀ ਨੇ 22 ਦੀ ਸਫਾਈ ਦਿੰਦਿਆ ਕਿਹਾ । ਭਲਾ , ਭਾਨੇ ਕਾ ਮਛੋਰ ਵੋਟਾਂ ਵੇਲੇ ਤਾਂ ਕਿਤੇ ਰੜਕਿਆ ਨਹੀਂ ਜਾਂ ਹੁਣ ਉਹਨੂੰ 22 ਦਾ ਟੋਹਰ ਟੱਪਾ ਵੱਧ ਜਾਣ ਤੋਂ ਬਾਅਦ ਚੇਤਾ ਆਇਐ, ਨਾਲ ਪੜ੍ਹਦੇ ਹੋਣ ਦਾ , ਅੱਗੋਂ ਬਾਬੂ ਸਿਉਂ ਨੇ ਮੌਜੀ ਪਾੜ੍ਹੇ ਨੂੰ ਮੋੜਾ ਦਿੰਦਿਆਂ ,ਮੂੰਹ ‘ਚ ਉਂਗਲਾਂ ਪਾ ਕੇ ਸੋਚੀਂ ਪਾ ਦਿੱਤਾ।
ਸ਼ਿੰਗਾਰਾ ਸਿਉਂ ਨੇ ਵੀ ਚੁੰਝ ਚਰਚਾ ਨੂੰ ਅਗਾਂਹ ਤੋਰਦਿਆਂ ਕਿਹਾ, ਪਾੜ੍ਹਿਆ ! ਤੁਸੀਂ ਤਾਂ ਤੁਰਨ ਫਿਰਨ ਆਲੇ ਬੰਦੇ ਉਂ, ਇਹ ਲੀਡਰ, ਵੋਟਾਂ ਆਲਿਆਂ ਨੂੰ ਤਾਂ ਟੁੱਕ ਤੇ ਡੇਲਾ ਹੀ ਸਮਝਦੇ ਨੇ, ਤੇ ਨੋਟਾਂ ਆਲਿਆਂ ਦੀ ਸ਼ਾਨ੍ਹੀ ਭਰਦੇ ਨੇ । ਮੌਜੀ ਪਾੜ੍ਹੇ ਤੋਂ ਵੀ ਰਿਹਾ ਨਾ ਗਿਆ, ਕਹਿੰਦਾ, ਫਿਰ ਤਾਂ ਹੀ ਤਾਂ ਇਹ ਲੀਡਰ ਮਰਦੇ ਨੇ, ਕਾਠ ਦੀ ਹਾਂਡੀ, ਵਾਰ ਵਾਰ ਨਹੀਂ ਚੜ੍ਹਦੀ ਹੁੰਦੀ । ਇੱਕ ਮੌਕਾ ਮੰਗਿਆ ਸੀ, ਰਵਾਇਤੀਆਂ ਤੋਂ ਅੱਕੇ ਲੋਕਾਂ ਨੇ, ਮੌਕਾ ਦੇ ਦਿੱਤਾ, ਜੇ ਹੁਣ ਇਨ੍ਹਾਂ ਨੇ ਵੀ ਉਹੀ ਲੀਡਰਾਂ ਵਾਲੇ ਲੱਛਣ ਫੜ੍ਹ ਲਏ, ਫਿਰ ਲੋਕ ਉਹੀ ! ਇੱਨ੍ਹਾਂ ਨਾਲ ਕਰਨਗੇ, ਜਿਹੜੀ ਪੁਰਾਣਿਆਂ ਨਾਲ ਕੀਤੀ ਹੈ। ਜਿੰਨ੍ਹਾਂ ਨੂੰ ਹਾਲੇ ਤੱਕ ਸਮਝ ਨਹੀਂ ਆ ਰਿਹਾ ਕਿ ਇਹ ਹੋਇਆ ਕੀ ਐ।
ਦੇਬੂ ਗਾਲੜੀ ਵੀ ਗੱਲ ‘ਚ ਵਾਡਾ ਦਿੰਦਿਆਂ ਬੋਲਿਆ, ਬਈ ਸ਼ਿੰਗਾਰਿਆ , ਇੱਕ ਗੱਲ ਤਾਂ ਪੱਕੀ ਐ, ਕੱਲ੍ਹੇ ਆਪਣੇ ਪਿੰਡ ਆਲੇ ਭਾਨੇ ਕਾਂਗਰਸੀਏ ਕੇ ਹੀ ਨਹੀਂ, ਇੱਨ੍ਹਾਂ ਆਲਾ 22 ਤਾਂ ਸ਼ਹਿਰ ’ਚ ਵੀ ਸੁਣਿਐ, ਪਹਿਲੀਆਂ ਸਰਕਾਰਾਂ ਵੇਲੇ , ਗੱਲ੍ਹ- ਗਲੱਫੇ, ਮਲਾਈ ਖਾਂਦੇ ਰਹੇ , ਅਕਾਲੀ-ਕਾਂਗਰਸੀ ਲੀਡਰਾਂ ਦੇ ਚੇਲੇ ਚਾਟੜਿਆਂ ਦੇ ਨੇੜੇ ਹੋ ਗਿਆ । ਸ਼ਿੰਗਾਰਾ ਬੋਲਿਆ, ਬਈ ਮੌਜੀ ! ਗੁੱਸਾ ਤਾਂ ਕਰੀ ਨਾਂ ,ਚਾਰ ਛਿੱਲੜ ਖਰਚਣ ਵਾਲੇ ਤਾਂ ਸਿੱਧਾ ਨਹੀਂ , ਵਲ ਵਲੇਵਾਂ ਪਾ ਕੇ ਦੂਰੋਂ ਨੇੜਿਉਂ, ਕੋਈ ਸਾਕ-ਸਕੀਰੀ ਕੱਢ ਹੀ ਲੈਂਦੇ ਨੇ, ਤੇ ਸਾਰੇ ਲੀਡਰਾਂ ਦੇ ਨੇੜੇ ਹੋ ਕੇ, ਆਪਣਾ ਤੋਰੀ ਫੁਲਕਾ ਚਲਾਈ ਜਾਂਦੇ ਹਨ। ਨਾਲੇ ਇੱਕ ਗੱਲ ਹੋਰ ! ਥੋਡੇ ਵਰਗੇ ਟੁਕ-ਟੇਰ ਤਾਂ ਵੋਟਾਂ ਵੇਲੇ, 22 ਨੂੰ ਹੋਰ ਬਥੇਰੇ ਮਿਲ ਜਾਣਗੇ ਜਾਂ ਫਿਰ ਥੋਨੂੰ ਹੀ, ਫਿਰ ਚਾਰ ਮਿੱਠੀਆਂ ਮਿੱਠੀਆਂ ਮਾਰ ਕੇ ਮਨਾ ਲਊ। ਪਰ ਹੁਣ ਉਹਨੂੰ ਲੋੜ ਅਕਾਲੀ- ਕਾਂਗਰਸੀਆਂ ਦੀ ਐ , ਜਿਹੜੇ ਪੈਸੇ ਬਣਾਉਣ ਵਾਲੀਆਂ ਸਾਰੀਆਂ ਚੋਰ ਮੋਰੀਆਂ, ਉਹਨੂੰ ਵੀ ਦੱਸ ਦੇਣਗੇ। ਖਰਚੇ / ਬਰਚੇ ਵੀ ਵਾਹਵਾ ਵੱਧੇ ਹੋਏ ਨੇ, ਉਹ ਪੂਰੇ ਹੋ ਜਾਣਗੇ, ਨਾਲੇ, ਵੋਟਾਂ ਤੇ ਖਰਚਾ ਵੀ ਤਾਂ ਪੰਜ ਸਾਲ ਨੂੰ ਹੋਰ ਵੱਧ ਹੋਊ। ਆਹੋ ! ਮੌਸਮੀ ਡੱਡੂਆਂ ਤੇ ਚੁਫੇਰਗੜੀਆਂ ਦੀ ਚੁਫੇਰੇ ਬੱਲੇ ਬੱਲੇ ਹੋਈ ਜਾਂਦੀ ਐ, ਚੁੰਭਦੀਆਂ ਗੱਲਾਂ ਤੋਂ ਅੱਕਿਆ ਬੁੜਬੁੜ ਕਰਦਾ ਮੌਜੀ ਉੱਥੋਂ ਦੱਬੇ ਪੈਰੀਂ ਖਿਸਕ ਹੀ ਗਿਆ।
ਹਰਿੰਦਰ ਨਿੱਕਾ (ਗਿਆਨੀ ) ਮੋਬਾਇਲ-98550-03666