PANJAB TODAY

ਹੁਣ ਹਰ ਖ਼ਬਰ ਤੁਹਾਡੇ ਤੱਕ

ਸੱਜਰੀ ਖ਼ਬਰ

ਘਰ ‘ਚ ਦੱਬਿਆ ਸੋਨੇ ਦਾ ਭੰਡਾਰ ਕੱਢਣ ਦੇ ਨਾਂ ਤੇ ਅੰਤਰਜਾਮੀ ਤਾਂਤਰਿਕ ਨੇ ਮਾਰੀ 16 ਲੱਖ ਦੀ ਠੱਗੀ

Advertisement
Spread Information

ਗੁਰਦੇਵ ਬਾਬੇ ਨੇ ਘਰੋਂ ਖਜ਼ਾਨਾ ਕੱਢਣ ਲਈ ਬੁਣਿਆ ਜਾਲ , ਲਾਰਿਆਂ ਵਿੱਚ ਹੀ ਲੰਘਾ ਦਿੱਤੇ 3 ਸਾਲ


ਹਰਿੰਦਰ ਨਿੱਕਾ , ਪਟਿਆਲਾ 2 ਅਕਤੂਬਰ 2021 

      ਵਿਗਿਆਨ ਦੇ ਚੌਤਰਫਾ ਪਸਾਰੇ ਦੇ ਬਾਵਜੂਦ ਹਾਲੇ ਵੀ ਅੰਧਵਿਸ਼ਵਾਸਾਂ ਦੀ ਦਲਦਲ ‘ਚ ਫਸੇ ਲੋਕ ਸਾਧਾਂ/ਸੰਤਾਂ ਅਤੇ ਤਾਂਤਰਿਕਾਂ ਦੇੇ ਚੁੰਗਲ ਵਿੱਚ ਫੱਸ ਕੇ ਆਪਣੇ ਖੂਨ ਪਸੀਨੇ ਦੀ ਕਮਾਈ ਦੀ ਲੁੱਟ ਕਰਵਾ ਰਹੇ ਹਨ। ਇਸ ਦੀ ਤਾਜ਼ਾ ਮਿਸਾਲ ਥਾਣਾ ਸਦਰ ਪਟਿਆਲਾ ਵਿਖੇ ਇੱਕ ਜਾਹਿਰ ਕਰਦਾ ਅੰਤਰਜ਼ਾਮੀ, ਰਿਧੀਆਂ/ਸਿੱਧੀਆਂ ਦੇ ਮਾਲਿਕ ਤਾਂਤਰਿਕ ਬਾਬੇ ਅਤੇ ਉਸ ਦੇ ਚੇਲੇ ਖਿਲਾਫ ਐਫ.ਆਈ.ਆਰ ਦਰਜ਼ ਹੋਣ ਤੋਂ ਬਾਅਦ ਸਾਹਮਣੇ ਆਈ ਹੈ। ਪੁਲਿਸ ਨੇ ਸਰਹਿੰਦ ਦੇ ਆੜਤੀਏ ਦੀ ਤਰਫੋਂ ਮਿਲੀ ਸ਼ਕਾਇਤ ਦੇ ਅਧਾਰ ਤੇ ਦੋਵੇਂ ਨਾਮਜ਼ਦ ਦੋਸ਼ੀਆਂ ਖਿਲਾਫ 16 ਲੱਖ ਰੁਪਏ ਦੀ ਠੱਗੀ ਮਾਰ ਲੈਣ ਦਾ ਕੇਸ ਦਰਜ਼ ਕਰਕੇ,ਉਨਾਂ ਦੀ ਤਲਾਸ਼ ਵੀ ਸ਼ੁਰੂ ਕਰ ਦਿੱਤੀ ਹੈ। ਰਿਧੀਆਂ/ਸਿੱਧੀਆਂ ਅਤੇ ਗੈਬੀ ਸ਼ਕਤੀਆਂ ਦਾ ਮਾਲਿਕ ਤਾਂਤਰਿਕ ਬਾਬਾ ਗੁਰਦੇਵ ਹੁਣ ਖੁਦ ਪੁਲਿਸ ਤੋਂ ਬਚਣ ਲਈ ਲੁਕਿਆ ਫਿਰਦਾ ਹੈ। ਤਫਤੀਸ਼ ਅਧਿਕਾਰੀ ਦਾ ਕਹਿਣਾ ਹੈ ਕਿ ਜਲਦ ਹੀ ਤਾਂਤਰਿਕ ਬਾਬੇ ਅਤੇ ਉਸ ਦੇ ਚੇਲੇ ਹੈਪੀ ਨੂੰ ਗਿਰਫਤਾਰ ਕਰ ਲਿਆ ਜਾਵੇਗਾ।

ਤਾਂਤਰਿਕ ਦੇ ਜਾਲ ਵਿੱਚ ਕਿਵੇਂ ਫਸਿਆ ਆੜਤੀਆ ਗੁਰਨਾਮ ਸਿੰਘ

  ਗੁਰਨਾਮ ਸਿੰਘ ਨਿਵਾਸੀ ਡੇਰਾ ਮੀਰ ਮੀਰਾਂ, ਤਹਿਸੀਲ ਤੇ ਜਿਲ੍ਹਾ ਫਤਿਹਗੜ੍ਹ ਸਾਹਿਬ ਨੇ ਐਸ.ਐਸ.ਪੀ. ਪਟਿਆਲਾ ਨੂੰ ਇੱਕ ਦਰਖਾਸਤ ਹੈਪੀ ਸਿੰਘ ਵਾਸੀ ਕਲੋਦੀ ਅਤੇ ਤਾਂਤਰਿਕ ਬਾਬਾ ਗੁਰਦੇਵ ਸਿੰਘ ਵਾਸੀ ਪਿੰਡ ਛੋਟੀ ਭਟੇੜੀ ਤਹਿਸੀਲ ਰਾਜਪੁਰਾ , ਜ਼ਿਲ੍ਹਾ ਪਟਿਆਲਾ ਦੇ ਬਰਖਿਲਾਫ ਦੇ ਕੇ ਦੱਸਿਆ ਕਿ ਉਹ ਸਰਹਿੰਦ ਮੰਡੀ ਵਿਖੇ ਆੜਤ ਦਾ ਕੰਮ ਕਰਦਾ ਹਾਂ ,ਉਸ ਦੀ ਦੁਕਾਨ ਪਰ ਪਿੰਡ ਕਲੌਦੀ ਤਹਿਸੀਲ ਬੱਸੀ ਪਠਾਣਾ, ਜਿਲ੍ਹਾ ਫਤਿਹਗੜ੍ਹ ਸਾਹਿਬ ਤੋਂ ਹੈਪੀ ਸਿੰਘ ਆਉਂਦਾ ਜਾਂਦਾ ਸੀ । ਜਿਸ ਨਾਲ ਉਸ ਨੇ ਆਪਣੇ ਭਰਾ ਜਸਵਿੰਦਰ ਸਿੰਘ ਦੀ ਬਿਮਾਰੀ ਨੂੰ ਲੈ ਕੇ ਗੱਲਬਾਤ ਕੀਤੀ ਤਾਂ ਹੈਪੀ ਸਿੰਘ ਨੇ ਉਸ ਨੂੰ ਕਿਹਾ ਕਿ ਉਸ ਨੂੰ ਇੱਕ ਬਹੁਤ ਕਰਨੀ ਵਾਲਾ, ਰਿਧੀਆਂ/ਸਿਧੀਆਂ ਤੇ ਗੈਬੀ ਸ਼ਕਤੀਆਂ ਦਾ ਮਾਲਿਕ ਅੰਤਰਜ਼ਾਮੀ ਬਾਬਾ ਜਾਣਦਾ ਹੈ ,ਜੋ ਤੇਰੇ ਬੀਮਾਰ ਭਰਾ ਨੂੰ ਠੀਕ ਕਰ ਸਕਦਾ ਹੈ  । ਉਹ ਆਪਣੇ ਭਰਾ ਦੀ ਬਿਮਾਰੀ ਦੇ ਇਲਾਜ਼ ਤੋਂ ਪਰੇਸ਼ਾਨ ਹੋਣ ਕਾਰਨ ,ਹੈਪੀ ਦੀਆਂ ਗੱਲਾਂ ਵਿੱਚ ਆ ਗਿਆ ਅਤੇ ਹੈਪੀ ਇੱਕ ਦਿਨ ਉਕਤ ਬਾਬੇ ਨੂੰ ਉਸ ਦੇ ਘਰ ਲੈ ਆਇਆ । ਗੁਰਨਾਮ ਸਿੰਘ ਅਨੁਸਾਰ ਜਦੋਂ ਤਾਂਤਰਿਕ ਬਾਬਾ ਗੁਰਦੇਵ ਸਿੰਘ , ਹੈਪੀ ਨਾਲ ਉਨਾਂ ਦੇ ਘਰ ਆਇਆ ਤਾਂ ਬਾਬੇ ਨੇ ਉਸ ਨੂੰ ਕਿਹਾ ਕਿ ਤੂੰ ਤਾਂ ਬਹੁਤ ਅਮੀਰ ਵਿਅਕਤੀ ਹੈ ਤੇਰੇ ਘਰ ਵਿੱਚ ਸੋਨੇ ਦਾ ਭੰਡਾਰ ਦੱਬਿਆ ਹੋਇਆ ਹੈ । ਜਿਸ ਨੂੰ ਕਿ ਉਹ ਆਪਣੀ ਤਾਂਤਰਿਕ ਵਿੱਦਿਆ ਨਾਲ ਕੱਢ ਸਕਦਾ ਹੈ।

ਸੋਨੇ ਦਾ ਭੰਡਾਰ ਕੱਢਣ ਲਈ ਘਰ ਵਿੱਚ ਪੁੱਟਿਆ 8 ਫੁੱਟ ਡੂੰਘਾ ਟੋਆ,,,

        ਗੁਰਨਾਮ ਸਿੰਘ ਨੇ ਦੱਸਿਆ ਕਿ ਬਾਬੇ ਗੁਰਦੇਵ ਦੀਆਂ ਅਜਿਹੀਆਂ ਗੱਲਾਂ ਸੁਣ ਕੇ ਉਸ ਦਾ ਮਨ ਬਦਲ ਗਿਆ। ਜਿਸ ਦਾ ਫਾਇਦਾ ਉਠਾਉਂਦੇ ਹੋਏ ਤਾਤਾਰਿਕ ਬਾਬਾ ਗੁਰਦੇਵ ਸਿੰਘ , ਹੈਪੀ ਨੂੰ ਨਾਲ ਲੈ ਕੇ 23 ਅਕਤੂਬਰ 2018 ਨੂੰ ਉਸ ਦੇ ਘਰ ਪਹੁੰਚਿਆ , ਜਿਨ੍ਹਾਂ ਵੱਲੋਂ ਉਸ ਦੇ ਘਰ ਵਿੱਚ ਇੱਕ ਕਰੀਬ 8 ਫੁੱਟ ਡੂੰਘਾ ਟੋਇਆ ਪੁੱਟਵਾਇਆ। ਉਹ ਟੋਏ ਵਿੱਚ ਵੜ੍ਹ ਕੇ ਇੱਕ ਚਾਂਦੀ ਦੀ ਸੁਰਾਹੀ, ਚਾਂਦੀ ਦੀ ਇੱਟ ਅਤੇ ਕੁੱਝ ਚਾਂਦੀ ਦੇ ਸਿੱਕੇ  ਕੱਢ ਕੇ ਪਰਿਵਾਰ ਨੂੰ ਦਿਖਾਏ ,ਜਿਸ ਨਾਲ ਸਾਡਾ ਵਿਸ਼ਵਾਸ ਇਨ੍ਹਾਂ ਉੱਪਰ ਪੱਕਾ ਹੋ ਗਿਆ । ਸਾਡੇ ਭਰੋਸੇ ਦਾ ਫਾਇਦਾ ਉਠਾਉਂਦੇ ਹੋਏ ਇਨ੍ਹਾਂ ਦੋਹਾਂ ਵੱਲੋਂ ਤਾਂਤਰਿਕ ਸਿੱਧੀਆਂ ਕਰਕੇ ਖਜਾਨਾ ਕੱਢਣ ਲਈ ਪੂਜਾ ਪਾਠ ਅਤੇ ਹੋਰ ਸਮਾਨ ਲਈ ਸਮੇਂ-ਸਮੇਂ ਪਰ ਥੋੜ੍ਹੇ ਥੋੜ੍ਹੇ ਕਰਕੇ ਕਈ ਕਿਸ਼ਤਾਂ ਵਿੱਚ ਤਕਰੀਬਨ 16 ਲੱਖ ਰੁਪਏ ਦੀ ਰਕਮ ਸਾਡੇ ਪਾਸੋਂ ਆਪਣੇ ਘਰ ਪਿੰਡ ਛੋਟੀ ਭਟੇੜੀ ਤਹਿਸੀਲ ਰਾਜਪੁਰਾ , ਜ਼ਿਲ੍ਹਾ ਪਟਿਆਲਾ ਵਿਖੇ ਲੈ ਕੇ ਸਾਡੇ ਨਾਲ ਠੱਗੀ ਮਾਰੀ ਗਈ।

ਪੂਜਾ ਪਾਠ ਵਿਚਾਲੇ ਰੋਕਣ ਨਾਲ ਪਰਿਵਾਰ ਦੇ ਮੈਂਬਰ ਦੀ ਬਲੀ ਦਾ ਦਿੱਤਾ ਭੈਅ

   ਗੁਰਨਾਮ ਸਿੰਘ ਨੇ ਦੱਸਿਆ ਕਿ ਸ਼ੁਰੂ ਸ਼ੁਰੂ ਵਿੱਚ ਬਾਬੇ ਗੁਰਦੇਵ ਅਤੇ ਹੈਪੀ ਨੇ 2/3 ਲੱਖ ਰੁਪਏ ਲੈਣ ਤੋਂ ਬਾਅਦ ਸਾਨੂੰ ਕਿਹਾ  ਕਿ ਪੂਜਾ ਪਾਠ ਦਾ ਕੰਮ ਵਿਚਾਲੇ ਰੋਕਣ ਪਰ ਕਿਸੇ ਪਰਿਵਾਰਕ ਮੈਂਬਰ ਦੀ ਬਲੀ ਹੋ ਜਾਣ (ਮੌਤ ਹੋ ਜਾਣ) ਜਾਵੇਗੀ। ਇਸ ਤਰਾਂ ਦਾ ਡਰ ਦੇ ਕੇ ਦੋਵੇਂ ਵਿਅਕਤੀ ਉਸ ਤੋਂ ਪੈਸੇ ਵਟੋਰਦੇ ਰਹੇ। ਕਰੀਬ 16 ਲੱਖ ਰੁਪਏ ਦੀ ਰਕਮ ਬਾਬੇ ਪਾਸ ਪਹੁੰਚਣ ਤੋਂ ਬਾਅਦ ਉਸ ਵੱਲੋਂ ਸਾਡੇ ਤੋਂ ਕਿਨਾਰਾ ਕਰਨਾ ਸ਼ੁਰੂ ਕਰ ਦਿੱਤਾ ਗਿਆ । ਜਿਸ ਪਰ ਸਾਡੇ ਵੱਲੋਂ ਜਦੋਂ ਵੀ ਬਾਬੇ ਨੂੰ ਫੋਨ ਕੀਤਾ ਜਾਂਦਾ ਸੀ ਤਾਂ ਉਹ ਕੋਈ ਨਾ ਕੋਈ ਬਹਾਨਾ ਬਣਾ ਕੇ ਸਾਨੂੰ ਟਾਲ ਦਿੰਦਾ ਸੀ। ਕਿਉਂਕਿ ਅਸੀਂ ਅਕਸਰ ਇੱਕੋ ਗੱਲ ਕਹਿੰਦੇ ਰਹੇ ਸੀ ਕਿ ਉਨਾਂ ਵੱਲੋਂ16 ਲੱਖ ਰੁਪਏ  ਲੈਣ ਤੋਂ ਬਾਅਦ ਵੀ ਖਜਾਨਾ ਨਹੀਂ ਕੱਢਿਆ ਗਿਆ। ਅਸੀਂ ਵਾਰ ਵਾਰ ਬਾਬੇ ਅਤੇ ਹੈਪੀ ਨੂੰ ਕਿਹਾ ਕਿ ਜਾਂ ਤਾਂ ਖਜਾਨਾ ਕੱਢ ਕੇ ਸਾਨੂੰ ਦਿਉ, ਨਹੀਂ ਤਾਂ ਫਿਰ ਸਾਡੇ ਤੋਂ ਖਰਚ ਕਰਵਾਇਆ 16 ਲੱਖ ਰੁਪੱਈਆ ਸਾਨੂੰ ਵਾਪਸ ਕਰੋ। ਉਨਾਂ ਕਿਹਾ ਕਿ ਜਦੋਂ ਸਾਡੇ ਵੱਲੋਂ ਉਕਤ ਬਾਬੇ ਤੇ ਬਹੁਤ ਜਿਆਦਾ ਜੋਰ ਪਾਇਆ ਗਿਆ ਤਾਂ ਉਸ ਵੱਲੋਂ ਸਾਨੂੰ ਡਰਾਇਆ ਧਮਕਾਇਆ ਗਿਆ ਅਤੇ ਕਿਹਾ ਕਿ ਤੁਹਾਡੇ ਤੋਂ ਜੋ ਹੁੰਦਾ ਹੈ ਕਰ ਲਵੋ ਅਤੇ ਇਹ ਵੀ ਕਿਹਾ ਕਿ ਜੇਕਰ ਸਾਡੇ ਵੱਲੋਂ ਇਸ ਸਬੰਧੀ ਜਿਆਦਾ ਰੌਲਾ ਪਾਇਆ ਗਿਆ ਤਾਂ ਇਸ ਦੇ ਨਤੀਜੇ ਭੈੜੇ ਹੋਣਗੇ। ਉਹ ਆਪਣੀ ਤਾਂਤਰਿਕ ਸ਼ਕਤੀਆਂ ਨਾਲ ਤੁਹਾਡੇ ਕਿਸੇ ਪਰਿਵਾਰਕ ਵਿਅਕਤੀ ਨੂੰ ਮੌਤ ਦੇ ਘਾਟ ਉਤਾਰ ਦੇਵੇਗਾ ਜਿਸ ਸਬੰਧੀ ਤੁਸੀਂ ਕੁਝ ਵੀ ਨਹੀਂ ਕਰ ਸਕੋਗੇ।

ਡੀ.ਐਸ.ਪੀ. ਹੈਡਕੁਆਟਰ ਨੂੰ ਐਸਐਸਪੀ ਨੇ ਸੌਂਪੀ ਜਾਂਚ

      ਗੁਰਨਾਮ ਸਿੰਘ ਦੀ ਸ਼ਕਾਇਤ ਨੂੰ ਗੰਭੀਰਤਾ ਨਾਲ ਲੈਂਦਿਆਂ ਮਾਮਲੇ ਦੀ ਜਾਂਚ DSP-HQ PTL ਨੂੰ ਕਾਨੂੰਨ ਅਨੁਸਾਰ ਕਾਰਵਾਈ ਕਰਕੇ ਆਪਣੀ ਪੜਤਾਲੀਆ ਰਿਪੋਰਟ ਭੇਜਣ ਬਾਰੇ ਸੌਂਪ ਦਿੱਤੀ । ਜਿਸ ਪਰ ਉਪ ਕਪਤਾਨ ਪੁਲਿਸ, ਸਥਾਨਕ, ਪਟਿਆਲਾ ਨੇ 25/09/2021 ਨੂੰ ਆਪਣੀ ਪੜਤਾਲੀਆ ਰਿਪੋਰਟ ਮਾਨਯੋਗ ਸੀਨੀਅਰ ਕਪਤਾਨ ਪੁਲਿਸ ਪਟਿਆਲਾ ਨੂੰ ਭੇਜ ਕੇ ਦੋਵਾਂ ਨਾਮਜ਼ਦ ਦੋਸ਼ੀਆਂ ਖਿਲਾਫ ਕੇਸ ਦਰਜ਼ ਕਰਨ ਲਈ ਲਿਖ ਕੇ ਭੇਜ ਦਿੱਤਾ। ਡੀਐਸਪੀ ਐਚ ਦੀ ਪੜਤਾਲੀਆ ਰਿਪੋਰਟ ਦੇ ਅਧਾਰ ਤੇ ਐਸਐਸਪੀ ਨੇ ਐਸਐਚਉ ਥਾਣਾ ਸਦਰ ਪਅਿਆਲਾ ਨੂੰ ਤਾਂਤਰਿਕ ਬਾਬਾ ਗੁਰਦੇਵ ਸਿੰਘ ਅਤੇ ਹੈਪੀ ਦੇ ਵਿਰੁੱਧ ਅਧੀਨ ਜ਼ੁਰਮ 420/506 ਆਈਪੀਸੀ ਦੇ ਤਹਿਤ ਮਿਤੀ 1 ਅਕਤੂਬਰ 2021 ਨੂੰ ਕੇਸ ਦਰਜ਼ ਕਰ ਦਿੱਤਾ ਗਿਆ। ਮਾਮਲੇ ਦੇ ਤਫਤੀਸ਼ ਅਧਿਕਾਰੀ ਨੇ ਕਿਹਾ ਕਿ ਨਾਮਜ਼ਦ ਦੋਸ਼ੀਆਂ ਦੀ ਗਿਰਫਤਾਰੀ ਦੇ ਯਤਨ ਜ਼ਾਰੀ ਹਨ। ਜਲਦ ਹੀ ਉਨਾਂ ਨੂੰ ਗਿਰਫਤਾਰ ਕਰ ਲਿਆ ਜਾਵੇਗਾ। 

ਵਿਗਿਆਨਿਕ ਸੋਚ ਦੇ ਧਾਰਨੀ ਬਣਕੇ ਲੁੱਟ ਤੋਂ ਬਚੋ,,

    ਰੈਸ਼ਨੋਲਿਸਟ ਸੋਸਾਇਟੀ ਭਾਰਤ ਦੇ ਬਾਨੀ ਸੰਸਥਾਪਕ ਮੇਘ ਰਾਜ ਮਿੱਤਰ ਨੇ ਗੱਲਬਾਤ ਕਰਦਿਆਂ ਕਿਹਾ ਕਿ ਲੋਕਾਂ ਨੂੰ ਅੰਧਵਿਸ਼ਵਾਸ਼ਾਂ ਦੇ ਚੁੰਗਲ ਵਿੱਚੋਂ ਨਿੱਕਲ ਕੇ ਵਿਗਿਆਨਿਕ ਸੋਚ ਦੇ ਧਾਨੀ ਬਣਨ ਦੀ ਲੋੜ ਹੈ। ਜਿਸ ਨਾਲ ਅਸੀਂ ਖੁਦ ਆਪਣੀ ਲੁੱਟ ਤੋਂ ਬਚ ਸਕਦੇ ਹਾਂ ਅਤੇ ਹੋਰ ਲੋਕਾਂ ਨੂੰ ਵੀ ਢੌਂਗੀ ਤਾਂਤਰਿਕ/ਬਾਬਿਆਂ ਦੇ ਚੁੰਗਲ ਵਿੱਚ ਫਸਣ ਤੋਂ ਰੋਕ ਕੇ ਉਨਾਂ ਦੀ ਹੋ ਰਹੀ ਲੁੱਟ ਤੋਂ ਵੀ ਬਚਾ ਸਕਦੇ ਹਾਂ। ਮੇਘ ਰਾਜ ਮਿੱਤਰ ਨੇ ਸਰਕਾਰ ਅਤੇ ਪੁਲਿਸ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਉਹ ਥਾਂ ਥਾਂ ਤੇ ਲੁੱਟ ਦਾ ਕੇਂਦਰ ਬਣੇ ਤਾਂਤਰਿਕਾਂ ਦੇ ਅੱਡਿਆਂ ਨੂੰ ਬੰਦ ਕਰਵਾਉਣ ਲਈ ਵੱਡੀ ਮੁਹਿੰਮ ਸ਼ੁਰੂ ਕਰੇ। ਉਨਾਂ ਕਿਹਾ ਕਿ ਭਾਰਤੀ ਸੰਵਿਧਾਨ ਅਨੁਸਾਰ ਗੈਬੀ ਸ਼ਕਤੀਆਂ ਦਾ ਦਾਵਾ ਕਰਕੇ ਭੋਲੇ ਭਾਲੇ ਲੋਕਾਂ ਦੀ ਹੋ ਰਹੀ ਲੁੱਟ ਨੂੰ ਰੋਕਣ ਦਾ ਪ੍ਰਾਭਧਾਨ ਹੈ। ਜਿਸ ਤੇ ਅਮਲ ਕਰਨਾ ਹੁਣ ਸਮੇਂ ਦੀ ਲੋੜ ਹੈ। 


Spread Information
Advertisement
Advertisement
error: Content is protected !!