ਅਣਪਛਾਤਿਆਂ ਖਿਲਾਫ ਗੈਰ ਇਰਾਦਤਨ ਹੱਤਿਆ ਦਾ ਕੇਸ ਦਰਜ਼
ਹਰਿੰਦਰ ਨਿੱਕਾ , ਪਟਿਆਲਾ / ਬਰਨਾਲਾ 7 ਫਰਵਰੀ 2022
ਚਾਈਨਾ ਡੋਰ ਤੇ ਸਰਕਾਰ ਅਤੇ ਪ੍ਰਸ਼ਾਸ਼ਨ ਵੱਲੋਂ ਲਗਾਈਆਂ ਗਈਆਂ ਪਾਬੰਦੀਆਂ ਨੂੰ ਅੱਖੋਂ ਪਰੋਖੇ ਸ਼ਰੇਆਮ ਵਿਕੀ ਚਾਇਨਾ ਡੋਰ ਦੀ ਗੁੱਡੀ ਅੰਬਰਾਂ ਤੇ ਤਾਂ ਉੱਡੀ ਹੀ, ਚਾਈਨਾ ਡੋਰ ਨੇ ਪਟਿਆਲਾ ‘ਚ ਇੱਕ ਵਿਅਕਤੀ ਦੀ ਮੌਕੇ ਤੇ ਜਾਨ ਲੈ ਲਈ। ਜਦੋਂਕਿ ਬਰਨਾਲਾ ਅੰਦਰ ਦੋ ਵਿਅਕਤੀ ਗੰਭੀਰ ਰੂਪ ਵਿੱਚ ਜਖਮੀ ਹੋ ਗਏ। ਜਿੰਨ੍ਹਾਂ ਚੋਂ ਇੱਕ ਨੂੰ ਗੰਭੀਰ ਹਾਲਤ ਕਰਕੇ,ਰੈਫਰ ਵੀ ਕੀਤਾ ਗਿਆ ਹੈ। ਥਾਣਾ ਸਿਵਲ ਲਾਈਨ ਪਟਿਆਲਾ ਵਿਖੇ ਦਰਜ਼ ਕੇਸ ਵਿੱਚ ਵਿਸ਼ਾਲ ਕੁਮਾਰ ਪੁੱਤਰ ਪਵਨ ਕੁਮਾਰ ਵਾਸੀ ਪਿੰਡ ਕਲਿਆਣ ਡੇਰਾ ਪਟਿਆਲਾ ਨੇ ਦੱਸਿਆ ਕਿ ਉਨ੍ਹਾਂ ਦਾ ਪਿਤਾ ਪਵਨ ਕੁਮਾਰ ਆਪਣੇ ਮੋਟਰਸਾਇਕਲ ਪਰ ਸਵਾਰ ਹੋ ਕੇ ਨਾਭਾ ਰੋਡ ਪੀ.ਆਰ.ਟੀ.ਸੀ ਵਰਕਸ਼ਾਪ ਪਾਸ ਜਾ ਰਿਹਾ ਸੀ। ਉੱਥੋਂ ਲੰਘਦਿਆਂ ਸਮੇਂ ਪਤੰਗ ਉਡਾੳਣ ਵਾਲੀ ਚਾਈਨਾ ਡੋਰ ਮੁਦਈ ਦੇ ਪਿਤਾ ਦੇ ਗਲ ਵਿੱਚ ਫਸ ਗਈ। ਜਿਸ ਕਾਰਨ ਉਨ੍ਹਾਂ ਦੀ ਮੌਕੇ ਤੇ ਹੀ ਮੌਤ ਹੋ ਗਈ । ਮਾਮਲੇ ਦੇ ਤਫਤੀਸ਼ ਅਧਿਕਾਰੀ ਅਨੁਸਾਰ ਮ੍ਰਿਤਕ ਦੇ ਬੇਟੇ ਵਿਸ਼ਾਲ ਕੁਮਾਰ ਦੇ ਬਿਆਨ ਪਰ, ਅਣਪਛਾਤਿਆਂ ਖਿਲਾਫ ਅਧੀਨ ਜੁਰਮ 304 ਆਈਪੀਸੀ ਤਹਿਤ ਕੇਸ ਦਰਜ਼ ਕਰਕੇ,ਦੋਸ਼ੀਆਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ। ਜਲਦ ਹੀ ਦੋਸ਼ੀਆਂ ਦੀ ਸ਼ਲਾਖਤ ਕਰਕੇ,ਉਨ੍ਹਾਂ ਨੂੰ ਗਿਰਫਤਾਰ ਕਰ ਲਿਆ ਜਾਏਗਾ । ਇਸੇ ਤਰਾਂ ਬਰਨਾਲਾ ਸ਼ਹਿਰ ਦੇ ਢਿੱਲੋਂ ਨਗਰ ਦੇ ਨੇੜਿਉਂ ਮੋਟਰਸਾਈਕਲ ਤੇ ਲੰਘ ਰਹੇ ਬੂਟਾ ਸਿੰਘ ਪੁੱਤਰ ਬਲਦੇਵ ਸਿੰਘ ਵਾਸੀ ਪੱਖੋਕੇ ਨੂੰ ਵੀ ਚਾਇਨਾਂ ਡੋਰ ਨੇ ਆਪਣੀ ਚਪੇਟ ਵਿੱਚ ਲੈ ਲਿਆ। ਜਿਸ ਨੂੰ ਗੰਭੀਰ ਹਾਲਤ ਵਿੱਚ ਸਿਵਲ ਹਸਪਤਾਲ ਵਿਖੇ ਦਾਖਿਲ ਕਰਵਾਇਆ ਗਿਆ। ਜਦੋਂਕਿ ਜੀਵਨ ਸਿੰਘ ਪੁੱਤਰ ਰੰਗੀ ਰਾਮ ਵਾਸੀ ਮਾਨਸਾ, ਮੋਟਰਸਾਈਕਲ ਤੇ ਸਵਾਰ ਹੋ ਕੇ ਆਪਣੀ ਭੈਣ ਨੂੰ ਮਿਲਣ ਲਈ ਜਾ ਰਿਹਾ ਸੀ, ਜਿਉਂ ਹੀ ਉਹ ਪੱਕਾ ਕਾਲਜ ਰੋਡ ਤੇ ਪਹੁੰਚਿਆਂ ਤਾਂ ਅਚਾਣਕ ਹੀ ਚਾਈਨਾ ਡੋਰ ਉਸ ਦੇ ਗਲ ਤੇ ਫੱਸ ਗਈ। ਚਾਈਨਾ ਡੋਰ ਕਾਰਣ, ਉਹ ਵੀ ਗੰਭੀਰ ਰੂਪ ਵਿੱਚ ਜਖਮੀ ਹੋ ਗਿਆ।