‘ ਗਰੀਨ ਐਵਨਿਊ ਕਲੋਨੀ’ ਮਾਲਕਾਂ ਦੀਆਂ ਮਨਮਾਨੀਆਂ ਖਿਲਾਫ਼ ਕਲੋਨੀ ਵਾਸੀਆਂ ‘ਬਗਾਵਤ ‘ਦਾ ਝੰਡਾ ਚੱਕਿਆ
ਜੇ.ਐਸ. ਚਹਿਲ,25 ਜੂਨ (ਬਰਨਾਲਾ)
ਸਥਾਨਕ ਨਾਨਕਸਰ ਰੋੜ ਤੇ ਸਥਿਤ ‘ਗਰੀਨ ਐਵਨਿਊ ਕਲੋਨੀ’ ਮਾਲਕਾਂ ਵਲੋਂ ਨਿਯਮਾਂ ਨੂੰ ਛਿੱਕੇ ਟੰਗ ਕੇ ਪਹਿਲਾਂ ਬਣੀ ਕਲੋਨੀ ਦੀ ਕੰਧ ਭੰਨਦਿਆਂ ਨਵੀਂ ਕੱਟੀ ਜਾ ਰਹੀ ਕਲੋਨੀ ਨੂੰ ਵਿੱਚ ਮਿਲਾਏ ਜਾਣ ਨੂੰ ਲੈ ਕਲੋਨੀ ਵਾਸੀਆਂ ਵਿੱਚ ਵੱਡੀ ਪੱਧਰ ਤੇ ਰੋਸ ਪਾਇਆ ਜਾ ਰਿਹਾ ਹੈ। ਕਲੋਨੀ ਮਾਲਕਾਂ ਦੀ ਇਸ ਕਥਿਤ ਧੱਕੇਸ਼ਾਹੀ ਖ਼ਿਲਾਫ਼ ਲਾਮਬੰਦ ਹੁੰਦਿਆਂ ਪੁਰਾਣੇ ਕਲੋਨੀ ਵਾਸੀਆਂ ਵਲੋਂ ਇਸ ਫ਼ੈਸਲੇ ਖਿਲਾਫ਼ ਮੋਰਚਾ ਖੋਲ੍ਹਦਿਆਂ ‘ਗਰੀਨ ਐਵਨਿਊ ਬਚਾਓ ਸੰਘਰਸ਼ ਕਮੇਟੀ ‘ ਦਾ ਗਠਨ ਕੀਤਾ ਹੈ।
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਕਮੇਟੀ ਦੇ ਚੇਅਰਮੈਨ ਬਲਦੇਵ ਸਿੰਘ ਰਿਟਾਇਰਡ ਡੀਐੱਸਪੀ, ਪ੍ਰਧਾਨ ਗੁਰਦੀਪ ਸਿੰਘ ਵਾਲੀਆ, ਕੈਸ਼ੀਅਰ ਗੋਪਾਲ ਬਾਂਸਲ ਆਦਿ ਨੇ ਦੱਸਿਆ ਕਿ ਕਾਫੀ ਸਮਾਂ ਪਹਿਲਾਂ ਉਹਨਾ ਵਲੋਂ ‘ਗਰੀਨ ਐਵਨਿਊ ਕਲੋਨੀ’ ਮਾਲਕਾਂ ਵਲੋਂ ਉਹਨਾ ਨੂੰ ਦੱਸਿਆ ਸਹੂਲਤਾਂ ਤੇ ਵਿਸ਼ਵਾਸ ਕਰ ਅਤੇ ਕਲੋਨੀ ਦੀ ਹੋਈ ਚਾਰ-ਦੁਆਰੀ ਨੂੰ ਸੇਫਟੀ ਪੱਖ ਤੋਂ ਚੰਗਾ ਮੰਨਦਿਆਂ ਕਲੋਨੀ ਅੰਦਰ ਮਹਿੰਗੇ ਭਾਅ ਦੇ ਪਲਾਟ ਖਰੀਦ ਕੇ ਕੋਠੀਆਂ ਬਣਾਈਆਂ ਸਨ ਅਤੇ ਉਹਨਾ ਨੂੰ ਪਲਾਟ ਵੇਚਣ ਸਮੇਂ ਦੌਰਾਨ ਕਲੋਨੀ ਮਾਲਕਾਂ ਵਲੋਂ ਇਸ ਕਲੋਨੀ ਨੂੰ ਅੱਗੇ ਹੋਰ ਵਧਾਉਣ ਬਾਰੇ ਕਿਸੇ ਕਿਸਮ ਮਾਮਲਾ ਉਹਨਾ ਨੂੰ ਨਹੀਂ ਦੱਸਿਆ ਗਿਆ। ਉਕਤ ਕਲੋਨੀ ਦੀ ਕਰੀਬ 197 ਕਨਾਲ12 ਮਰਲੇ ਜ਼ਮੀਨ ਵਿੱਚ ਜ਼ਿਆਦਾਤਰ ਮਕਾਨ ਬਣ ਚੁੱਕੇ ਹਨ। ਪਰ ਹੁਣ ਕੁੱਝ ਸਮਾਂ ਪਹਿਲਾਂ ਕਲੋਨੀ ਮਾਲਕਾਂ ਵਲੋਂ ਕਲੋਨੀ ਦੀ ਬਾਇਕ ਸਾਇਡ ਗਰਚਾ ਤੇ ਲੱਗਦੀ ਵਾਹੀਯੋਗ ਜ਼ਮੀਨ ਕੌਡੀਆਂ ਦੇ ਭਾਅ ਖਰੀਦ ਕੇ ਇਸਨੂੰ ‘ਗਰੀਨ ਐਵਨਿਊ ਕਲੋਨੀ” ਵਿੱਚ ਮਿਲਾਇਆ ਜਾ ਰਿਹਾ ਹੈ। ਕਲੋਨੀ ਮਾਲਕਾਂ ਵਲੋਂ ਅਜਿਹਾ ਕਰਕੇ ਜਿੱਥੇ ਸਰਕਾਰੀ ਨਿਯਮਾਂ ਦੀ ਕਥਿਤ ਉਲੰਘਣਾ ਕੀਤੀ ਜਾ ਰਹੀ ਹੈ,ਉੱਥੇ ਹੀ ਪਹਿਲਾਂ ਤੋਂ ਰਹਿ ਰਹੇ ਕਲੋਨੀ ਵਾਸੀਆਂ ਦੀ ਸੁਰੱਖਿਆ ਨੂੰ ਖ਼ਤਰੇ ਵਿੱਚ ਪਾ ਕੇ ਉਹਨਾਂ ਦੀਆਂ ਪ੍ਰੋਪਰਟੀ ਨੂੰ ਮਿੱਟੀ ਵਿੱਚ ਮਿਲਾਇਆ ਜਾ ਰਿਹਾ ਹੈ।
ਕਲੋਨੀ ਵਾਸੀਆਂ ਦੀ ਸੁਰੱਖਿਆ ਨੂੰ ਬਣਿਆ ਵੱਡਾ ਖਤਰਾ
ਪੁਰਾਣੀ ਕਲੋਨੀ ਦੀ 60 ਫੁੱਟ ਗਲੀ ਦੀ ਕੰਧ ਢਾਹ ਕੇ ਉਸਨੂੰ ਨਵੀਂ ਬਣ ਰਹੀ ਕਲੋਨੀ ਨਾਲ ਜੋੜਨ ਤੇ ਇੱਥੇ ਪਹਿਲਾਂ ਤੋਂ ਰਹਿ ਰਹੇ ਲੋਕ ਆਪਣੇ ਆਪ ਨੂੰ ਅਣ-ਸੁਰੱਖਿਅਤ ਮਹਿਸੂਸ ਕਰ ਰਹੇ ਹਨ।ਉਹਨਾ ਦੱਸਿਆ ਕਿ ਨਵੀਂ ਕਲੋਨੀ ਦੇ ਗਰਚਾ ਰੋੜ ਤੇ ਜਾਣ ਕਾਰਨ ਇਸ ਵਿੱਚੋਂ ਦੀ ਆਮ ਲੋਕਾਂ ਦਾ ਆਣ-ਜਾਣ ਬਣ ਜਾਵੇਗਾ ਅਤੇ ਕਿਸੇ ਤਰ੍ਹਾਂ ਦੀ ਸਕਿਊਰਟੀ ਨਹੀਂ ਰਹੇਗੀ।ਉਹਨਾ ਕਿਹਾ ਕਿ ਬਿਨਾਂ ਕਿਸੇ ਨੋਟਿਸ ਦਿੱਤਿਆਂ ਕਲੋਨਾਇਜਰ ਵਲੋਂ ਜਦੋਂ -ਜਿੱਥੋਂ ਦਿਲ ਕਰਦਾ ਕਲੋਨੀ ਦੀਆਂ ਸੜਕਾਂ ਆਦਿ ਆਪਣੀ ਮਰਜ਼ੀ ਅਨੁਸਾਰ ਪੁੱਟ ਦਿੱਤੀਆਂ ਜਾਂਦੀਆਂ ਹਨ। ਉਹਨਾ ਕਿਹਾ ਕਲੋਨਾਇਜਰ ਵਲੋਂ ਪਲਾਟ ਵੇਚਣ ਸਮੇਂ ਉਹਨਾਂ ਨਾਲ ਜੋ-ਜੋ ਸਹੂਲਤਾਂ ਦੇਣ ਦੇ ਵਾਅਦੇ ਕੀਤੇ ਸੀ,ਉਹਨਾ ਵਿਚੋਂ ਕੋਈ ਵੀ ਵਾਅਦਾ ਪੂਰਾ ਨਹੀਂ ਕੀਤਾ।
ਮਿੱਟੀ ਦੇ ਭਾਅ ਹੋਏ ਮਹਿੰਗੇ ਮੁੱਲ ਤੇ ਲਏ ਪਲਾਟ
ਸੰਘਰਸ਼ ਕਮੇਟੀ ਆਗੂਆਂ ਦਾ ਕਹਿਣਾ ਹੈ ਕਿ ਬੀਤੇ ਸਮੇਂ ਦੌਰਾਨ ਉਹਨਾ ਵਲੋਂ 30 ਹਜ਼ਾਰ ਰੁਪਏ ਪ੍ਰਤੀ ਗਜ਼ ਦੇ ਹਿਸਾਬ ਨਾਲ ਪਲਾਟ ਖਰੀਦੇ ਸਨ।ਪਰ ਹੁਣ ਨਵੀਂ ਕਲੋਨੀ ਵਿੱਚ ਕਾਲੋਨਾਈਜ਼ਰ ਵਲੋਂ ਕਰੀਬ 17 ਹਜ਼ਾਰ ਰੁਪਏ ਪ੍ਰਤੀ ਗਜ਼ ਦੇ ਰੇਟ ਦੇ ਕੇ ਉਹਨਾ ਦੀ ਜਾਇਦਾਦ ਨੂੰ ਮਿੱਟੀ ਵਿੱਚ ਮਿਲਾਇਆ ਜਾ ਰਿਹਾ ਹੈ।
ਜੇਕਰ ਕਲੋਨਾਇਜਰ ਨੇ ਉਹਨਾ ਦੀ ਮੰਗ ਨਾ ਮੰਨੀ ਤਾਂ ਖੜਕਾਵਾਂਗੇ ਮਾਨਯੋਗ ਅਦਾਲਤ ਦਾ ਦਰਵਾਜ਼ਾ
ਸੰਘਰਸ਼ ਕਮੇਟੀ ਦੇ ਆਗੂਆਂ ਨੇ ਦੱਸਿਆ ਕਿ ਕਲੋਨਾਇਜਰ ਵਲੋਂ ਕਲੋਨੀ ਦੀ ਕੰਧ ਢਾਹ ਕੇ ਕਰੀਬ ਦੋ ਥਾਵਾਂ ਤੇ ਕੱਢੇ ਕਥਿਤ ਨਾਜਾਇਜ਼ ਗੇਟ ਉਹਨਾ ਵਲੋਂ ਆਪਣੇ ਤੌਰ ਤੇ ਬੰਦ ਕਰ ਦਿੱਤੇ ਹਨ ਅਤੇ 60 ਫੁੱਟੀ ਮੇਨ ਗਲੀ ਦੀ ਭੰਨੀ ਗਈ ਕੰਧ ਨੂੰ ਮੁੜ ਉਸਾਰਣ ਲਈ ਉਹਨਾ ਵਲੋਂ ਕਾਲੋਨਾਈਜ਼ਰ ਨੂੰ ਅਪੀਲ ਕੀਤੀ ਗਈ ਹੈ। ਜੇਕਰ ਕਾਲੋਨਾਈਜ਼ਰ ਨੇ ਉਹਨਾ ਦੀ ਮੰਗ ਤੇ ਧਿਆਨ ਨਾ ਦੇਕੇ ਗੇਟ ਬੰਦ ਨਾ ਕੀਤਾ ਤਾਂ ਉਹਨਾ ਵਲੋਂ ਇਸ ਖਿਲਾਫ਼ ਮਾਨਯੋਗ ਅਦਾਲਤ ਦਾ ਦਰਵਾਜ਼ਾ ਖੜਾਇਆ ਜਾਵੇਗਾ।
ਕੀ ਕਹਿਣਾ ਹੈ ਕਲੋਨੀ ਮਾਲਕਾਂ ਦਾ
ਜਦੋਂ ਇਸ ਸੰਬੰਧੀ ਕਾਲੋਨਾਈਜ਼ਰ ਅਸ਼ੋਕ ਕੁਮਾਰ ਨਾਲ ਫੋਨ ਤੇ ਸੰਪਰਕ ਕੀਤਾ ਤਾਂ ਉਹਨਾ ਕਿਹਾ ਕਿ ਜੋ ਵੀ ਕੰਮ ਹੋ ਰਿਹਾ ਹੈ ਨਿਯਮਾਂ ਅਨੁਸਾਰ ਹੋ ਰਿਹਾ ਹੈ। ਉਹਨਾ ਪੱਤਰਕਾਰ ਨੂੰ ਆਪਣੇ ਦਫ਼ਤਰ ਆਉਣ ਅਤੇ ਬਹਿ ਕੇ ਗੱਲਬਾਤ ਕਰਨ ਲਈ ਵੀ ਕਿਹਾ।