ਗਣਤੰਤਰ ਦਿਵਸ ਸਮਾਰੋਹ ਮੌਕੇ ਡਿਪਟੀ ਕਮਿਸ਼ਨਰ ਰਾਮਵੀਰ ਨੇ ਲਹਿਰਾਇਆ ਤਿਰੰਗਾ
ਗਣਤੰਤਰ ਦਿਵਸ ਸਮਾਰੋਹ ਮੌਕੇ ਡਿਪਟੀ ਕਮਿਸ਼ਨਰ ਰਾਮਵੀਰ ਨੇ ਲਹਿਰਾਇਆ ਤਿਰੰਗਾ
ਪਰਦੀਪ ਕਸਬਾ ,ਸੰਗਰੂਰ, 26 ਜਨਵਰੀ:2022
ਦੇਸ਼ ਦੇ 73ਵੇਂ ਗਣਤੰਤਰਤਾ ਦਿਵਸ ਮੌਕੇ ਪੁਲਿਸ ਲਾਈਨ ਸਟੇਡੀਅਮ ਵਿਖੇ ਆਯੋਜਿਤ ਜ਼ਿਲਾ ਪੱਧਰੀ ਸਮਾਰੋਹ ਦੌਰਾਨ ਡਿਪਟੀ ਕਮਿਸ਼ਨਰ ਸ਼੍ਰੀ ਰਾਮਵੀਰ ਨੇ ਮੁੱਖ ਮਹਿਮਾਨ ਵਜੋਂ ਸ਼ਾਮਲ ਹੁੰਦਿਆਂ ਕੌਮੀ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ। ਇਸ ਮੌਕੇ ਉਨਾਂ ਸੰਗਰੂਰ ਵਾਸੀਆਂ ਨੂੰ ਤਹਿ ਦਿਲੋਂ ਵਧਾਈ ਦਿੰਦਿਆਂ ਦੇਸ਼ ਦੇ ਸੁਤੰਤਰਤਾ ਸੈਨਾਨੀਆਂ ਨੂੰ ਵੀ ਸਿਜਦਾ ਕੀਤਾ ਜਿਨਾਂ ਦੀਆਂ ਕੁਰਬਾਨੀਆਂ ਸਦਕਾ ਅਸੀਂ ਆਜ਼ਾਦ ਫਿਜ਼ਾ ਵਿੱਚ ਵਿਚਰ ਰਹੇ ਹਾਂ। ਡਿਪਟੀ ਕਮਿਸ਼ਨਰ ਨੇ ਆਪਣੇ ਸੰਦੇਸ਼ ਵਿੱਚ ਕਿਹਾ ਕਿ ਸਾਨੂੰ ਮਾਣ ਹੈ ਕਿ ਦੇਸ਼ ਦੇ ਆਜ਼ਾਦੀ ਸੰਘਰਸ਼ ਦੌਰਾਨ 80 ਫੀਸਦੀ ਯੋਗਦਾਨ ਪੰਜਾਬੀਆਂ ਦਾ ਰਿਹਾ ਅਤੇ ਕਾਲੇ ਪਾਣੀ ਵਰਗੀਆਂ ਸਖ਼ਤ ਸਜ਼ਾਵਾਂ ਵੀ ਪੰਜਾਬੀਆਂ ਨੇ ਹੱਸ ਹੱਸ ਕੇ ਕੱਟੀਆਂ। ਉਨਾਂ ਨੇ ਦੇਸ਼ ਦੀ ਅਣਖ ਆਬਰੂ ਲਈ ਕੁਰਬਾਨੀ ਦੇਣ ਵਾਲੇ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ, ਸ਼ਹੀਦ ਕਰਤਾਰ ਸਿੰਘ ਸਰਾਭਾ, ਸ਼ਹੀਦ ਊਧਮ ਸਿੰਘ, ਸ਼ਹੀਦ ਲਾਲਾ ਲਾਜਪਤ ਰਾਏ, ਸ਼ਹੀਦ ਮਦਨ ਲਾਲ ਢੀਂਗਰਾ ਜਿਹੇ ਸੂਰਬੀਰਾਂ ਨੂੰ ਵੀ ਸਿਜਦਾ ਕੀਤਾ।
ਡਿਪਟੀ ਕਮਿਸ਼ਨਰ ਸ਼੍ਰੀ ਰਾਮਵੀਰ ਨੇ ਕਿਹਾ ਕਿ ਲੰਬੇ ਸੰਘਰਸ਼ ਤੋਂ ਬਾਅਦ 15 ਅਗਸਤ 1947 ਨੂੰ ਆਜ਼ਾਦੀ ਹਾਸਲ ਕਰਨ ਤੋਂ ਬਾਅਦ ਸਾਡੇ ਅੱਗੇ ਸਭ ਤੋਂ ਵੱਡੀ ਚੁਣੌਤੀ ਸੀ ਕਿ ਵੱਖ ਵੱਖ ਸੂਬਿਆਂ, ਖਿੱਤਿਆਂ, ਸਭਿਆਚਾਰਾਂ, ਫਿਰਕਿਆਂ, ਧਰਮਾਂ ਵਿੱਚ ਰਹਿੰਦੇ ਲੋਕਾਂ ਨੂੰ ਇਕਜੁਟ ਕਰਨ ਦੀ ਲੋੜ ਸੀ ਅਤੇ ਇਸ ਕੰਮ ਦਾ ਬੀੜਾ ਸਾਡੀ ਸੰਵਿਧਾਨ ਸਭਾ ਨੇ ਚੁੱਕਿਆ ਅਤੇ ਸੰਵਿਧਾਨ ਦੇ ਨਿਰਮਾਣ ਲਈ ਕਮੇਟੀਆਂ ਦਾ ਗਠਨ ਹੋਇਆ ਜਿਸ ਵਿੱਚੋਂ ਡਰਾਫਟਿੰਗ ਕਮੇਟੀ ਸਭ ਤੋਂ ਅਹਿਮ ਸੀ ਜਿਸ ਦੇ ਚੇਅਰਮੈਨ ਡਾ. ਭੀਮ ਰਾਓ ਅੰਬੇਦਕਰ ਸਨ। ਉਨਾਂ ਕਿਹਾ ਕਿ ਡਰਾਫਟਿੰਗ ਕਮੇਟੀ ਨੇ 2 ਸਾਲ, 11 ਮਹੀਨੇ, 18 ਦਿਨਾਂ ਵਿੱਚ ਭਾਰਤੀ ਸੰਵਿਧਾਨ ਦਾ ਨਿਰਮਾਣ ਕੀਤਾ ਅਤੇ 26 ਨਵੰਬਰ 1949 ਨੂੰ ਸੰਵਿਧਾਨ ਸਭਾ ਦੇ ਪ੍ਰਧਾਨ ਡਾ. ਰਾਜੇਂਦਰ ਪ੍ਰਸਾਦ ਨੂੰ ਭਾਰਤ ਦਾ ਸੰਵਿਧਾਨ ਸੌਂਪਿਆ ਅਤੇ 26 ਜਨਵਰੀ 1950 ਦਾ ਇਤਿਹਾਸਕ ਦਿਹਾੜਾ ਆਇਆ ਜਦੋਂ ਸਾਡਾ ਸੰਵਿਧਾਨ ਲਾਗੂ ਹੋਇਆ। ਡਿਪਟੀ ਕਮਿਸ਼ਨਰ ਨੇ ਆਪਣੇ ਸੰਦੇਸ਼ ਦੌਰਾਨ ਭਾਰਤੀ ਸੰਵਿਧਾਨ ਦੇ ਨਿਰਮਾਤਾ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਦਕਰ ਨੂੰ ਵੀ ਸਿਜਦਾ ਕੀਤਾ ਅਤੇ ਦੇਸ਼ ਦੀਆਂ ਤਿੰਨੋ ਸੈਨਾਵਾਂ, ਅਰਧ ਸੈਨਿਕ ਬਲਾਂ ਤੇ ਸੂਬਿਆਂ ਦੀਆਂ ਪੁਲਿਸ ਫੋਰਸਾਂ ਦੇ ਬਹਾਦਰ ਜਵਾਨਾਂ ਨੂੰ ਵੀ ਸਲਾਮ ਕੀਤਾ ਜਿਨਾਂ ਨੇ ਦੇਸ਼ ਦੀ ਆਜ਼ਾਦੀ ਨੂੰ ਬਰਕਰਾਰ ਰੱਖਣ ਲਈ ਵੱਡੀਆਂ ਕੁਰਬਾਨੀਆਂ ਦਿੱਤੀਆਂ ਅਤੇ ਨਿਰੰਤਰ ਦੇਸ਼ ਦੀ ਅਖੰਡਤਾ ਤੇ ਏਕਤਾ ਦੀ ਰਾਖੀ ਕਰ ਰਹੇ ਹਨ।
ਕੌਮੀ ਝੰਡਾ ਲਹਿਰਾਉਣ ਦੀ ਰਸਮ ਤੋਂ ਪਹਿਲਾਂ ਮੁੱਖ ਮਹਿਮਾਨ ਵੱਲੋਂ ਸ਼ਹੀਦੀ ਯਾਦਗਾਰ ਵਿਖੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਕੌਮੀ ਝੰਡਾ ਲਹਿਰਾਉਣ ਦੀ ਰਸਮ ਅਦਾ ਕਰਨ ਤੋਂ ਬਾਅਦ ਮੁੱਖ ਮਹਿਮਾਨ ਨੇ ਪਰੇਡ ਦਾ ਨਿਰੀਖਣ ਕੀਤਾ ਅਤੇ ਪਰੇਡ ਕਮਾਂਡਰ ਡੀ.ਐਸ.ਪੀ ਦਿੜਬਾ ਸ਼੍ਰੀ ਪਿ੍ਰਥੀ ਸਿੰਘ ਚਹਿਲ ਦੀ ਅਗਵਾਈ ਹੇਠ ਪੁਲਿਸ ਪੁਲਿਸ ਦੇ ਜਵਾਨਾਂ ਦੀਆਂ ਤਿੰਨ ਟੁਕੜੀਆਂ, ਪੰਜਾਬ ਪੁਲਿਸ ਦੀ ਇੱਕ ਮਹਿਲਾ ਟੁਕੜੀ, ਪੰਜਾਬ ਹੋਮਗਾਰਡਜ਼ ਅਤੇ ਅਕਾਲ ਅਕੈਡਮੀ ਚੀਮਾ ਦੇ ਬੈਂਡ ਨੇ ਮਾਰਚ ਪਾਸਟ ਵਿੱਚ ਹਿੱਸਾ ਲਿਆ। ਇਸ ਉਪਰੰਤ ਡਿਪਟੀ ਕਮਿਸ਼ਨਰ ਵੱਲੋਂ ਪਰੇਡ ਕਮਾਂਡਰ ਸਮੇਤ ਹੋਰ ਟੁਕੜੀਆਂ ਦੇ ਇੰਚਾਰਜਾਂ ਨੂੰ ਸਨਮਾਨਿਤ ਕੀਤਾ ਗਿਆ। ਜ਼ਿਲਾ ਪ੍ਰਸ਼ਾਸਨ ਦੀ ਤਰਫੋਂ ਐਸ.ਐਸ.ਪੀ ਸ਼੍ਰੀ ਸਵਪਨ ਸ਼ਰਮਾ, ਵਧੀਕ ਡਿਪਟੀ ਕਮਿਸ਼ਨਰ ਸ਼੍ਰੀ ਅਨਮੋਲ ਸਿੰਘ ਧਾਲੀਵਾਲ, ਐਸ.ਪੀ ਸ਼੍ਰੀ ਪਲਵਿੰਦਰ ਸਿੰਘ ਚੀਮਾ ਵੱਲੋਂ ਮੁੱਖ ਮਹਿਮਾਨ ਦਾ ਸਨਮਾਨ ਕੀਤਾ ਗਿਆ।
ਅਖੀਰ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਲੜਕੀਆਂ ਦੀ ਟੀਮ ਵੱਲੋਂ ਰਾਸ਼ਟਰੀ ਗਾਨ ਦੀ ਪੇਸ਼ਕਾਰੀ ਕੀਤੀ ਗਈ। ਕੋਵਿਡ ਪ੍ਰੋਟੋਕਾਲ ਦੀ ਪਾਲਣਾ ਕਰਦਿਆਂ ਮਨਾਏ ਗਏ ਇਸ ਸਮਾਗਮ ਦੌਰਾਨ ਵੱਖ-ਵੱਖ ਜੁਡੀਸ਼ੀਅਲ ਅਧਿਕਾਰੀਆਂ ਦੇ ਨਾਲ ਨਾਲ ਪੁਲਿਸ ਤੇ ਪ੍ਰਸ਼ਾਸਨ ਦੇ ਹੋਰ ਅਧਿਕਾਰੀ ਵੀ ਸ਼ਾਮਲ ਹੋਏ।