ਖੇਤੀਬਾੜੀ ਮੰਤਰੀ ਰਣਦੀਪ ਸਿੰਘ ਨਾਭਾ ਨੇ ਵੱਖ ਵੱਖ ਪਿੰਡਾਂ ਵਿਚ ਵਿਕਾਸ ਪ੍ਰੋਜੈਕਟ ਕੀਤੇ ਲੋਕ ਅਰਪਣ
ਖੇਤੀਬਾੜੀ ਮੰਤਰੀ ਰਣਦੀਪ ਸਿੰਘ ਨਾਭਾ ਨੇ ਵੱਖ ਵੱਖ ਪਿੰਡਾਂ ਵਿਚ ਵਿਕਾਸ ਪ੍ਰੋਜੈਕਟ ਕੀਤੇ ਲੋਕ ਅਰਪਣ
- ਵਿਕਾਸ ਲਈ ਦਿੱਤੀਆਂ ਗ੍ਰਾਂਟਾਂ
ਅਸ਼ੋਕ ਧੀਮਾਨ,ਅਮਲੋਹ, 29 ਦਸੰਬਰ 2021
ਹਲਕੇ ਦੇ ਪਿੰਡਾਂ ਵਿਚ ਵਿਕਾਸ ਕਾਰਜ ਜੰਗੀ ਪੱਧਰ ਉੱਤੇ ਜਾਰੀ ਹਨ ਤੇ ਵੱਡੀ ਗਿਣਤੀ ਪ੍ਰੋਜੈਕਟ ਮੁਕੰਮਲ ਹੋਏ ਹਨ, ਜਿਨ੍ਹਾਂ ਨੂੰ ਲੋਕ ਅਰਪਣ ਕੀਤਾ ਜਾ ਰਿਹਾ ਹੈ ਤੇ ਪਿੰਡਾਂ ਨੂੰ ਸ਼ਹਿਰਾਂ ਵਰਗੀਆਂ ਸਹੂਲਤਾਂ ਦੇਣ ਵਿਚ ਕੋਈ ਕਸਰ ਬਾਕੀ ਨਹੀਂ ਛੱਡੀ ਜਾ ਰਹੀ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਖੇਤੀਬਾੜੀ ਤੇ ਕਿਸਾਨ ਭਲਾਈ ਅਤੇ ਫੂਡ ਪ੍ਰੋਸੈਸਿੰਗ ਮੰਤਰੀ ਸ. ਰਣਦੀਪ ਸਿੰਘ ਨਾਭਾ ਨੇ ਪਿੰਡ ਮਾਜਰਾ ਮੰਨਾ ਸਿੰਘ ਵਾਲਾ ਵਿਖੇ ਵੱਖ ਵੱਖ ਵਿਕਾਸ ਪ੍ਰੋਜੈਕਟਾਂ ਨੂੰ ਲੋਕ ਅਰਪਣ ਕਰਨ ਮੌਕੇ ਕੀਤਾ। ਇਹਨਾਂ ਵਿੱਚ ਸੀਵਰੇਜ, ਛੱਪੜ ਦੀ ਪੁਟਾਈ, ਗਲੀਆਂ ਨਾਲੀਆਂ ਅਤੇ ਸ਼ਮਸ਼ਾਨਘਾਟ ਦਾ ਰਸਤਾ ਸ਼ਾਮਲ ਹਨ।
ਸ. ਨਾਭਾ ਨੇ ਦੱਸਿਆ ਕਿ ਪਿੰਡ ਮਾਜਰਾ ਮੰਨਾ ਸਿੰਘ ਵਾਲਾ ਵਿੱਚ ਕਈ ਲੱਖ ਰੁਪਏ ਸੀਵਰੇਜ, ਸਟਰੀਟ ਲਾਈਟਾਂ ਉੱਤੇ ਖਰਚੇ ਗਏ ਹਨ ਤੇ ਮਨਰੇਗਾ ਤਹਿਤ ਢੁਕਵਾਂ ਰੁਜ਼ਗਾਰ ਦਿੱਤਾ ਗਿਆ ਹੈ। ਪਿੰਡ ਵਿੱਚ ਹੁਣ ਤੱਕ
ਹੁਣ ਤੱਕ 24 ਲੱਖ ਰੁਪੈ ਖਰਚੇ ਗਏ ਹਨ ਤੇ ਸ. ਨਾਭਾ ਨੇ ਟੈਂਕੀ ਤੇ ਸੀਵਰੇਜ ਦੇ ਬਕਾਇਆ ਕੰਮ ਲਈ 05 ਲੱਖ ਰੁਪਏ ਹੋਰ ਦੇਣ ਦਾ ਐਲਾਨ ਕੀਤਾ। ਪਿੰਡ ਵਿੱਚ ਪੰਜਾਬ ਨਿਰਮਾਣ ਤਹਿਤ 06 ਲੱਖ ਰੁਪਏ ਨਾਲ ਕੰਮ ਚਲ ਰਿਹਾ ਹੈ। ਕੱਚੇ ਮਕਾਨਾਂ ਲਈ ਪੈਸੇ ਆ ਗਏ ਹਨ ਜਿਹੜੇ ਕਿ ਯੋਗ ਲਾਭਪਾਤਰੀਆਂ ਨੂੰ ਦੇ ਦਿੱਤੇ ਜਾਣਗੇ। ਉਹਨਾਂ ਦੱਸਿਆ ਕਿ ਮਾਜਰੀ ਅਰਾਈਆਂ ਤੋਂ ਇਸ ਪਿੰਡ ਨੂੰ ਆਉਂਦੀ 2.5 ਕਿਲੋਮੀਟਰ ਸੜਕ ਮਨਜ਼ੂਰ ਹੋ ਗਈ ਹੈ।
ਸ. ਨਾਭਾ ਨੇ ਦੱਸਿਆ ਕਿ ਹਲਕੇ ਦੇ ਪਿੰਡਾਂ ਦੇ 72 ਟੋਭੇ ਬੰਦ ਕੀਤੇ ਗਏ ਹਨ ਤੇ ਪਾਰਕ, ਆਦਿ ਬਣਾ ਕੇ ਸਾਫ਼ ਸਫਾਈ ਯਕੀਨੀ ਬਣਾਈ ਗਈ ਹੈ।ਸ. ਨਾਭਾ ਨੇ ਕਿਹਾ ਕਿ ਉਤਰਾਅ ਚੜ੍ਹਾਅ ਹਰ ਇਕ ਦੀ ਜ਼ਿੰਦਗੀ ਵਿਚ ਆਉਂਦੇ ਹਨ ਤੇ ਅਸਲ ਇਨਸਾਨ ਉਹ ਹੁੰਦਾ ਹੈ, ਜਿਹੜਾ ਲੋਕਾਂ ਵਿਚ ਚੰਗੀ ਛਾਪ ਛੱਡ ਜਾਂਦਾ ਹਨ। ਉਹਨਾਂ ਕਿਹਾ ਕਿ ਉਹਨਾਂ ਨੇ ਬਿਨਾਂ ਕਿਸੇ ਭੇਦ ਭਾਵ ਤੋਂ ਪਿੰਡਾਂ ਦੇ ਵਿਕਾਸ ਲਈ ਗ੍ਰਾਂਟਾਂ ਦਿੱਤੀਆਂ ਹਨ ਤੇ ਅੱਜ ਹਲਕੇ ਦੇ ਪਿੰਡਾਂ ਦੀ ਨੁਹਾਰ ਬਦਲ ਰਹੀ ਹੈ। ਇਸ ਮੌਕੇ ਉਹਨਾਂ ਨੇ ਪਿੰਡ ਮਾਜਰਾ ਮੰਨਾ ਸਿੰਘ ਵਾਲਾ ਦੇ ਸਰਪੰਚ ਦੀ ਕਾਰਗੁਜ਼ਾਰੀ ਦੀ ਸ਼ਲਾਘਾ ਵੀ ਕੀਤੀ। ਉਹਨਾਂ ਕਿਹਾ ਕਿ ਜੇਕਰ ਕਿਸੇ ਲੋੜਵੰਦ ਨੂੰ ਸਹੂਲਤ ਦੇ ਦਿੱਤੀ ਜਾਵੇ ਤਾਂ ਜ਼ਿੰਦਗੀ ਸਫਲ ਹੋ ਜਾਂਦੀ ਹੈ।
ਸ ਨਾਭਾ ਨੇ ਕਿਹਾ ਕਿ ਸਰਕਾਰ ਨੇ ਪੈਨਸ਼ਨ ਵਧਾ ਦਿੱਤੀ ਹੈ, ਬਿਜਲੀ ਦੇ ਬਿੱਲ 02 ਕਿਲੋ ਵਾਟ ਤੱਕ ਦੇ ਮੀਟਰਾਂ ਦੇ ਮੁਆਫ ਕੀਤੇ ਹਨ, ਪਾਣੀ ਦੇ ਬਿੱਲ ਮੁਆਫ਼ ਕੀਤੇ ਹਨ, ਬਿਜਲੀ ਸਸਤੀ ਕੀਤੀ ਹੈ, ਤੇਲ ਸਸਤਾ ਕੀਤਾ ਹੈ, ਕਿਸਾਨਾਂ ਦੇ ਕਰਜ਼ੇ ਮੁਆਫ਼ ਕੀਤੇ, ਬੇਜ਼ਮੀਨੇ ਕਾਸ਼ਤਕਾਰਾਂ ਦੇ ਕਰਜ਼ੇ ਮੁਆਫ਼ ਕਰਨ ਸਮੇਤ ਵੱਡੀ ਗਿਣਤੀ ਇਤਿਹਾਸਕ ਫ਼ੈਸਲੇ ਕੀਤੇ ਹਨ।
ਸ. ਨਾਭਾ ਨੇ ਕਿਹਾ ਕਿ ਸ. ਗੁਰਦਰਸ਼ਨ ਸਿੰਘ ਨਾਭਾ ਫਾਊਂਡੇਸ਼ਨ ਨੇ ਕਰੋਨਾ ਕਾਲ ਵਿੱਚ ਵੱਧ ਚੜ੍ਹ ਕੇ ਲੋਕਾਂ ਦੀ ਮਦਦ ਕੀਤੀ, ਰਾਸ਼ਨ ਦਿੱਤਾ, ਭਾਂਡੇ ਦਿੱਤੇ ਤੇ ਹਰ ਮੁੱਢਲੀ ਲੋੜ ਪੂਰੀ ਕੀਤੀ। ਸ. ਨਾਭਾ ਨੇ ਕਿਹਾ ਕਿ ਚੰਗੇ ਲੋਕਾਂ ਨੂੰ ਹੀ ਨੁਮਾਇੰਗੀ ਦਿੱਤੀ ਜਾਵੇ ਤਾਂ ਹੀ ਚੰਗੇ ਸਮਾਜ ਦੀ ਸਿਰਜਣਾ ਕੀਤੀ ਜਾ ਸਕਦੀ ਹੈ ਤੇ ਦੇਸ਼ ਤਰੱਕੀ ਕਰ ਸਕੇ।
ਕਿਸਾਨ ਸੰਘਰਸ਼ ਦੇ ਲੇਖੇ ਆਪਣੀਆਂ ਜਾਨਾ ਲਾਉਣ ਵਾਲਿਆਂ ਦੇ ਪਰਿਵਾਰਾਂ ਨੂੰ 05 ਲੱਖ ਰੁਪਏ ਅਤੇ ਇਕ ਜੀਅ ਨੂੰ ਨੌਕਰੀ ਦਿੱਤੀ ਜਾ ਰਹੀ ਹੈ। ਇਸ ਮੌਕੇ ਪਿੰਡ ਵਾਸੀਆਂ ਵਲੋਂ ਸ. ਨਾਭਾ ਦਾ ਸਨਮਾਨ ਕੀਤਾ ਗਿਆ ਤੇ ਸ. ਨਾਭਾ ਵੱਲੋਂ ਵੱਖ ਵੱਖ ਸ਼ਖ਼ਸੀਅਤਾਂ ਦਾ ਵੀ ਸਨਮਾਨ ਕੀਤਾ ਗਿਆ।
ਇਸ ਮੌਕੇ ਬਲਾਕ ਕਾਂਗਰਸ ਦਿਹਾਤੀ ਦੇ ਪ੍ਰਧਾਨ ਜਗਬੀਰ ਸਿੰਘ ਸਲਾਣਾ, ਸਰਪੰਚ ਸਰਬਜੀਤ ਕੌਰ, ਗੁਰਦੀਪ ਸਿੰਘ ਜੰਜੂਆ ਸਾਬਕਾ ਸਰਪੰਚ, ਬਾਵਾ ਸਿੰਘ, ਮਨਜੀਤ ਸਿੰਘ, ਰਣਜੀਤ ਸਿੰਘ, ਜੋਗਾ ਸਿੰਘ, ਅਮਰਜੀਤ ਸਿੰਘ, ਸਕੱਤਰ ਸੁਰਜੀਤ ਸਿੰਘ, ਗੁਰਦੇਵ ਸਿੰਘ ਖਨਿਆਣ, ਹੈਪੀ ਸੂਦ, ਕਰਨੈਲ ਸਿੰਘ, ਸ਼ਰਨ ਭੱਟੀ, ਰਾਮ ਕ੍ਰਿਸ਼ਨ ਭੱਲਾ, ਗੁਰਤੇਜ ਸਿੰਘ ਖਨਿਆਣ, ਹਰਪ੍ਰੀਤ ਕੌਰ, ਸਮੂਹ ਪੰਚ ਸਮੇਤ ਪਤਵੰਤੇ ਤੇ ਵੱਡੀ ਗਿਣਤੀ ਪਿੰਡ ਵਾਸੀ ਹਾਜ਼ਰ ਸਨ।