ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਵੱਲੋਂ ਵੱਡੀ ਮਾਤਰਾ ‘ਚ ਜਾਅਲੀ ਕੀਟਨਾਸ਼ਕ ਦਵਾਈਆਂ ਤੇ ਖਾਦ ਬਰਾਮਦ
ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਵੱਲੋਂ ਵੱਡੀ ਮਾਤਰਾ ‘ਚ ਜਾਅਲੀ ਕੀਟਨਾਸ਼ਕ ਦਵਾਈਆਂ ਤੇ ਖਾਦ ਬਰਾਮਦ
ਦਵਿੰਦਰ ਡੀਕੇ , ਲੁਧਿਆਣਾ, 03 ਸਤੰਬਰ 2021
ਕਿਸਾਨਾਂ ਤੱਕ ਮਿਆਰੀ ਇਨਪੁਟਸ ਪਹੁੰਚਾਉਣ ਦੇ ਅਹਿਦ ਤਹਿਤ ਕਾਰਵਾਈ ਕਰਦਿਆਂ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਲੁਧਿਆਣਾ ਵੱਲੋਂ ਵੱਡੀ ਮਾਤਰਾ ਵਿੱਚ ਜਾਅਲੀ ਕੀਟਨਾਸ਼ਕ ਦਵਾਈਆਂ ਅਤੇ ਖਾਦ ਬਰਾਮਦ ਕੀਤੀ ਗਈ ਹੈ।
ਜਿਲ੍ਹੇ ਦੇ ਮੁੱਖ ਖੇਤੀਬਾੜੀ ਅਫਸਰ, ਡਾ਼ ਨਰਿੰਦਰ ਸਿੰਘ ਬੈਨੀਪਾਲ ਨੇ ਦੱਸਿਆ ਕਿ ਮੈਸ਼: ਆਰਕਿਡ ਐਗਰੋ ਸਿਸਟਮ ਵੜੋਦਰਾ ਦੀ ਸ਼ਿਕਾਇਤ ‘ਤੇ ਮਾਨਯੋਗ ਡਾਇਰੈਕਟਰ ਖੇਤੀਬਾੜੀ ਦੇ ਹੁਕਮਾਂ ਅਨੁਸਾਰ ਕਰਵਾਈ ਕਰਦਿਆਂ ਖੇਤੀਬਾੜੀ ਵਿਭਾਗ ਦੀ ਟੀਮ ਵੱਲੋਂ ਮੈਸ਼: ਸੈਕਟੀਸਾਈਡ ਇੰਡੀਆ ਪ੍ਰਾਈਵੇਟ ਲਿਮਟਿਡ ਲੱਖੋਵਾਲ ਕੁਹਾੜਾ ਰੋਡ ਲੁਧਿਆਣਾ ਦੇ ਗੁਦਾਮ ਅਤੇ ਦਫਤਰ ਦੀ ਚੈਕਿੰਗ ਉਪਰੰਤ ਬਹੁਤ ਵੱਡੀ ਮਾਤਰਾ ਵਿੱਚ ਨਕਲੀ ਕੀਟਨਾਸ਼ਕ ਦਵਾਈਆਂ ਅਤੇ ਖਾਦਾਂ ਬਰਾਮਦ ਕੀਤੀਆਂ ਗਈਆਂ। ਦੋਸ਼ੀ ਕੰਪਨੀ ਕੋਲ ਦਵਾਈਆਂ ਅਤੇ ਖਾਦਾਂ ਦੇ ਨਿਰਮਾਣ ਜਾਂ ਵਿਕਰੀ ਕਰਨ ਸਬੰਧੀ ਕੋਈ ਵੀ ਲਾਈਸੰਸ ਨਹੀਂ ਸੀ।
ਉਕਤ ਕੰਪਨੀ ਵੱਲੋਂ ਦੋ ਹੋਰ ਕੰਪਨੀਆਂ ਆਰਕਿਡ ਐਗਰੋ ਸਿਸਟਮ, ਯੂਨੀਵਰਸਲ ਸਪੈਸ਼ਲਿਟੀ ਕੈਮੀਕਲ ਪ੍ਰਾਈਵੇਟ ਲਿਮੀਟਡ ਅਤੇ ਸੁਦਰਸ਼ਨ ਕੰਨਸੋਲੀਡੇਟਿਡ ਪ੍ਰਾਈਵੇਟ ਲਿਮਟਿਡ ਦੇ ਨਾਮ ‘ਤੇ ਨਕਲੀ ਕਲੋਰੋਪੈਰੀਫਾਸ, ਕਰਟਪ ਹਾਈਡਰੋ ਕਲੋਰਾਈਡ, ਫਿਪਰੋਨਿਲ ਅਤੇ ਟਰਾਈਕੋਨਟਾਨੋਲ ਦਾ ਨਿਰਮਾਣ ਕਰਨ ਉਪਰੰਤ ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿੱਚ ਕਥਿਤ ਤੋਰ ਤੇ ਵੇਚਣ ਦਾ ਕਾਰੋਬਾਰ ਕੀਤਾ ਜਾ ਰਿਹਾ ਸੀ ਅਤੇ ਕੰਪਨੀਆਂ ਦੇ ਨਾਲ-ਨਾਲ ਕਿਸਾਨਾਂ ਪ੍ਰਤੀ ਧੋਖਾਧੜੀ ਅਤੇ ਠੱਗੀ ਕਰਕੇ ਕਰੋੜਾਂ ਰੁਪਏ ਦਾ ਚੂਨਾ ਲਗਾਇਆ ਜਾ ਰਿਹਾ ਸੀ।
ਜਾਂਚ ਟੀਮ ਵੱਲੋਂ ਮੌਕੇ ‘ਤੇ ਕਾਰਟਪ ਹਾਈਡਰੋ ਕਲੋਰਾਈਡ ਦਾ ਵੱਡਾ ਢੇਰ ਪਾਇਆ ਗਿਆ, ਜਿਸ ਵਿੱਚੋਂ ਕਥਿਤ ਦੋਸ਼ੀਆਂ ਵੱਲੋਂ ਬਾਲਟੀਆਂ ਵਿੱਚ ਪੈਕਿੰਗ ਕੀਤੀ ਜਾ ਰਹੀ ਸੀ, ਜਿਸ ਨੂੰ ਟੀਮ ਵੱਲੋਂ ਮੌਕੇ ‘ਤੇ ਸੀਲ ਕਰ ਦਿੱਤਾ ਗਿਆ। ਟੀਮ ਵੱਲੋਂ ਅਮਲੀ ਕਾਰਵਾਈ ਕਰਦਿਆਂ ਜਿੰਮੇਵਾਰ ਵਿਕਅਤੀਆਂ ਖਿਲਾਫ ਖਾਦ (ਕੰਟਰੋਲ) ਆਰਡਰ 1985 ਦੀ ਧਾਰਾ 7, 8 ਅਤੇ 9, ਜ਼ਰੂਰੀ ਵਸਤਾਂ ਐਕਟ 1955 ਦੀ ਧਾਰਾ 3, 7 ਅਤੇ , ਇੰਸੈਕਟੀਸਾਈਡ ਐਕਟ ਦੀ ਧਾਰਾ 13, 17, 18 ਅਤੇ 33 ਅਤੇ ਇੰਸੈਕਟੀਸਾਈਡ ਰੂਲਜ਼ ਦੀ ਧਾਰਾ 9, 10 ਅਤੇ 15 ਦੇ ਨਾਲ -ਨਾਲ ਆਈ.਼ਪੀ.ਸੀ., ਸੀ.ਆਰ.ਪੀ.ਸੀ. ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਕਾਨੂਨੀ ਕਾਰਵਾਈ ਕੀਤੀ ਜਾਵੇਗੀ।
ਉਕਤ ਕੰਪਨੀ ਦੇ ਜਿੰਮੇਵਾਰ 4 ਵਿਕਅਤੀਆਂ ਰਾਹੁਲ, ਰਾਜੀਵ, ਹਾਕੀਮ, ਮਨੀਸ਼ ਗੁਪਤਾ, ਅਮਿਤ ਕੁਮਾਰ ਅਤੇ ਪ੍ਰਦੀਪ ਕੁਮਾਰ ਖਿਲਾਫ ਐਫ਼.ਆਈ.ਆਰ. ਦਰਜ ਕਰਨ ਲਈ ਐਸ਼.ਐਚ.ਓ ਕੂੰਮ ਕਲਾਂ ਨੂੰ ਲਿਖਿਆ ਗਿਆ ਹੈ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਕਿਸਾਨ ਸਿਰਫ ਰਜਿਸਟਰਡ ਡੀਲਰਾਂ ਪਾਸੋਂ ਦਵਾਈਆਂ ਅਤੇ ਖਾਦਾਂ ਦੀ ਖ੍ਰੀਦ ਕਰਨ ਅਤੇ ਪੱਕਾ ਬਿੱਲ ਜ਼ਰੂਰ ਲੈਣ। ਉਨ੍ਹਾਂ ਇਹ ਵੀ ਅਪੀਲ ਕੀਤੀ ਕਿ ਕਿਸਾਨ ਮਾਮੂਲੀ ਜਿਹੀ ਬੱਚਤ ਕਰਨ ਲਈ ਇਹੋ-ਜਿਹੇ ਜਾਅਲੀ ਕਾਰੋਬਾਰੀਆਂ ਦੇ ਚੁਗੰਲ ਵਿੱਚ ਨਾ ਫਸਣ ਅਤੇ ਕਿਸੇ ਵੀ ਕਿਸਮ ਦੇ ਸ਼ੱਕ ਪੈਦਾ ਹੋਣ ਤੇ ਤੁਰੰਤ ਖੇਤੀਬਾੜੀ ਵਿਭਾਗ ਦੇ ਧਿਆਨ ਵਿੱਚ ਲਿਆਉਣ। ਜਾਂਚ ਟੀਮ ਵਿੱਚ ਡਾ਼ ਪ੍ਰਦੀਪ ਸਿੰਘ ਟਿਵਾਣਾ, ਡਾ਼ ਗਿਰਜੇਸ਼ ਭਾਰਗਵ, ਡਾ਼ ਜਤਿੰਦਰ ਸਿੰਘ ਅਤੇ ਡਾ਼ ਗੌਰਵ ਧੀਰ ਸ਼ਾਮਲ ਸਨ।