ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਨੇ ਕਿਸਾਨਾਂ ਨੂੰ ਖੇਤਾਂ ਵਿੱਚ ਬੇਲੋੜੀਆਂ ਜਹਿਰਾਂ ਵਰਤੋਂ ਤੋਂ ਗੁਰੇਜ ਕਰਨ ਦੀ ਦਿੱਤੀ ਸਲਾਹ
ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਨੇ ਕਿਸਾਨਾਂ ਨੂੰ ਖੇਤਾਂ ਵਿੱਚ ਬੇਲੋੜੀਆਂ ਜਹਿਰਾਂ ਵਰਤੋਂ ਤੋਂ ਗੁਰੇਜ ਕਰਨ ਦੀ ਦਿੱਤੀ ਸਲਾਹ
ਦਵਿੰਦਰ ਡੀ.ਕੇ,ਲੁਧਿਆਣਾ, 21 ਫਰਵਰੀ 2022
ਲੁਧਿਆਣਾ ਜ਼ਿਲ੍ਹੇ ਦਾ ਕੁੱਲ ਵਾਹੀ ਯੋਗ ਰਕਬਾ ਲਗਭਗ 3 ਲੱਖ ਹੈਕ ਹੈ। ਸਾਲ 2021-22 ਦੌਰਾਨ ਹਾੜੀ ਦੀਆਂ ਫਸਲਾਂ ਵਿੱਚ 2,50,000 ਹੈਕ ਰਕਬਾ ਕਣਕ ਹੇਠ ਅਤੇ 1500 ਹੈਕ ਰਕਬਾ ਸਰ੍ਹੋਂ ਹੇਠ ਹੈ । ਜੋ ਪਿਛਲੇ ਸਾਲ ਕ੍ਰਮਵਾਰ 2,49,800 ਅਤੇ 1300 ਹੈਕ ਸੀ। ਇਸ ਸਾਲ ਮੀਂਹ ਦੀ ਆਮਦ ਵੱਧਣ ਨਾਲ ਕਣਕ ਅਤੇ ਸਰ੍ਹੋਂ ਦੇ ਚੰਗੇ ਝਾੜ ਦੀ ਉਮੀਦ ਹੈ।
ਮੁੱਖ ਖੇਤੀਬਾੜੀ ਅਫ਼ਸਰ, ਲੁਧਿਆਣਾ ਡਾ. ਨਰਿੰਦਰ ਸਿੰਘ ਬੈਨੀਪਾਲ ਨੇ ਗੱਲਬਾਤ ਕਰਦਿਆਂ ਕਿਹਾ ਕਿ ਕਣਕ ਦੀ ਫਸਲ ਤੇ ਪੀਲੀ ਕੁੰਗੀ ਦੇ ਸੰਭਾਵੀ ਹਮਲੇ ਨੂੰ ਰੋਕਣ ਲਈ ਖੇਤਾਂ ਦਾ ਸਰਵੇਖਣ ਕਰਨ ਦੀ ਲੋੜ ਹੈ ਜੇਕਰ ਪੱਤਿਆਂ ਤੇ ਹਲਦੀ ਰੰਗਾਂ ਧੂੜਾਂ ਨਜ਼ਰ ਆਵੇ ਤਾਂ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਖੇਤੀ ਮਾਹਿਰਾਂ ਨਾਲ ਸੰਪਰਕ ਕਰਕੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੀਆਂ ਸਿਫ਼ਾਰਸ਼ ਜਹਿਰਾਂ ਕੈਵੀਅਟ 200 ਗ੍ਰਾਮ ਜਾਂ ਨਟੀਵੋ 120 ਗ੍ਰਾਮ ਜਾਂ ਮਾਰਕਜੋਲ 200 ਮਿਲੀਲਿਟਰ 200 ਲਿਟਰ ਪਾਣੀ ਵਿੱਚ ਪਾ ਕੇ ਛਿੜਕਾਅ ਕਰਨ ਦੀ ਜ਼ਰੂਰਤ ਹੈ। ਸਪਰੇ ਧੁੱਪ ਸਮੇਂ ਕੀਤੀ ਜਾਵੇ। ਅਜਿਹੇ ਸਮੇਂ ਖੇਤੀਬਾੜੀ ਵਿਭਾਗ ਅਤੇ ਨਾਲ ਦੇ ਖੇਤ ਦੇ ਕਿਸਾਨਾਂ ਨੂੰ ਇਤਲਾਹ ਕਰ ਦਿੱਤੀ ਜਾਵੇ।
ਜ਼ਿਲ੍ਹਾ ਖੇਤੀਬਾੜੀ ਸੂਚਨਾ ਅਫ਼ਸਰ, ਲੁਧਿਆਣਾ ਡਾ. ਗੁਰਿੰਦਰ ਪਾਲ ਕੌਰ ਨੇ ਦੱਸਿਆ ਕਿ ਵੱਧ ਰਹੇ ਤਾਪਮਾਨ ਕਾਰਨ ਸਰ੍ਹੋਂ ਤੇ ਚੇਪੇ ਦਾ ਹਮਲਾ ਹੋ ਸਕਦਾ ਹੈ। ਜਦੋਂ ਬੂਟੇ ਦੀ ਵਿਚਕਾਰਲੀ ਸ਼ਾਖ ਤੇ ਉਪਰਲੇ 10 ਸੈਂਟੀਮੀਟਰ ਹਿੱਸੇ ਤੇ ਚੇਪੇ ਦੀ ਗਿਣਤੀ ਵਧਦੀ ਨਜ਼ਰ ਆਵੇ ਤਾਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਦੀਆਂ ਸਿਫ਼ਾਰਸ਼ ਦਵਾਈਆਂ 40 ਗ੍ਰਾਮ ਐਕਟਾਰਾ 25 ਤਾਕਤ ਜਾਂ 400 ਮਿਲੀਲਿਟਰ ਰੋਗਰ 30 ਤਾਕਤ ਜਾਂ 600 ਮਿਲੀਲਿਟਰ ਡਰਸਬਾਨ 20 ਤਾਕਤ ਨੂੰ 125 ਲਿਟਰ ਪਾਣੀ ਵਿੱਚ ਪਾ ਕੇ ਪ੍ਰਤੀ ਏਕੜ ਛਿੜਕਾਅ ਕਰਨ ਦੀ ਲੋੜ ਹੈ। ਆਪਣੀ ਮਰਜੀ ਅਨੁਸਾਰ ਕੋਈ ਸਪਰੇ ਮਿਕਸ ਨਾ ਕੀਤੀ ਜਾਵੇ, ਜੇਕਰ ਲੋੜ ਹੋਵੇ ਤਾਂ ਪੀਏਯੂ, ਲੁਧਿਆਣਾ ਦੇ ਮਾਹਿਰਾਂ ਨੂੰ ਸੰਪਰਕ ਕਰਕੇ ਉਹਨਾਂ ਦੀ ਸਲਾਹ ਅਨੁਸਾਰ ਹੀ ਜਹਿਰਾਂ ਨੂੰ ਮਿਕਸ ਕੀਤਾ ਜਾਵੇ। ਬੇਲੋੜੀ ਸਪਰੇ ਕਰਨ ਤੋਂ ਗੁਰੇਜ ਕੀਤਾ ਜਾਵੇ। ਵਧੇਰੇ ਜਾਣਕਾਰੀ ਲਈ ਆਪਣੇ ਇਲਾਕੇ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਦਫ਼ਤਰ ਵਿਖੇ ਜਾ ਕੇ ਜਾਂ ਟੈਲੀਫੋਨ ਰਾਹੀਂ ਵੀ ਸੰਪਰਕ ਕੀਤਾ ਜਾ ਸਕਦਾ ਹੈ।