ਖਾੜੀ ਦੇਸ਼ਾਂ ਚ ਵੱਸਦੇ ਲੇਖਕ ਸੁਰਿੰਦਰ ਸਿੰਘ ਦਾਊਮਾਜਰਾ ਦਾ ਨਾਵਲ ਨੇਤਰ ਦਾ ਤੀਜਾ ਸੰਸਕਰਨ ਲੁਧਿਆਣਾ ਵਿਖੇ ਲੋਕ ਅਰਪਨ
ਖਾੜੀ ਦੇਸ਼ਾਂ ਚ ਵੱਸਦੇ ਲੇਖਕ ਸੁਰਿੰਦਰ ਸਿੰਘ ਦਾਊਮਾਜਰਾ ਦਾ ਨਾਵਲ ਨੇਤਰ ਦਾ ਤੀਜਾ ਸੰਸਕਰਨ ਲੁਧਿਆਣਾ ਵਿਖੇ ਲੋਕ ਅਰਪਨ
ਦਵਿੰਦਰ ਡੀ.ਕੇ, ਲੁਧਿਆਣਾ , 14 ਦਸੰਬਰ:2021
ਖਾੜੀ ਦੇਸ਼ ਸਾਊਦੀ ਅਰਬ ‘ਚ ਵੱਸਦੇ ਪੰਜਾਬੀ ਨਾਵਲਕਾਰ ਸੁਰਿੰਦਰ ਸਿੰਘ ਦਾਊਮਾਜਰਾ ਦੇ ਪਲੇਠੇ ਨਾਵਲ ਨੇਤਰ ਦਾ ਤੀਜੇ ਮਹੀਨੇ ਤੀਜਾ ਸੰਸਕਰਨ ਪ੍ਰਕਾਸ਼ਤ ਹੋਣਾ ਜਿੱਥੇ ਸਿਰਜਕ ਦੀ ਸਮਰਥਾ ਦੀ ਤਸਦੀਕ ਹੈ ਓਥੇ ਇਹ ਵੀ ਪ੍ਰਮਾਣਿਤ ਹੋ ਗਿਆ ਹੈ ਕਿ ਨੌਜਵਾਨ ਪੀੜ੍ਹੀ ਦਾ ਸਾਹਿੱਤ ਪੜ੍ਹਨ ਵੱਲ ਰੁਝਾਨ ਵਧਿਆ ਹੈ। ਨੇਤਰ ਦਾ ਤੀਜਾ ਸੰਸਕਰਨ ਲੋਕ ਅਰਪਨ ਕਰਦਿਆਂ ਪੰਜਾਬੀ ਲੋਕ ਵਿਰਾਸਤ ਅਕਾਡਮੀ ਦੇ ਚੇਅਰਮੈਨ ਪ੍ਰੋ: ਗੁਰਭਜਨ ਸਿੰਘ ਗਿੱਲ ਨੇ ਕਿਹਾ ਹੈ ਕਿ ਪਾਇਲ(ਲੁਧਿਆਣਾ) ਨੇੜਲੇ ਪਿੰਡ ਦਾਊਮਾਜਰਾ ਦਾ ਜੰਮਪਲ ਇਹ ਨਾਵਲਕਾਰ ਬਚਪਨ ਵਿੱਚ ਹੀ ਪਿਤਾ ਜੀ ਦੇ ਸੁਰਗਵਾਸ ਹੋਣ ਕਾਰਨ ਸੰਘਰਸ਼ਸ਼ੀਲ ਰਿਹਾ ਹੈ। ਪਹਿਲਾਂ ਬਹਿਰੀਨ ਤੇ ਹੁਣ ਸਾਊਦੀ ਅਰਬ ਚ ਵੱਸਦੇ ਇਸ ਨੌਜਵਾਨ ਨੇ ਖਾੜੀ ਦੇਸ਼ ਚ ਵੱਸਦੇ ਲੇਖਕਾਂ ਚੋਂ ਪ੍ਰਥਮ ਨਾਵਲਕਾਰ ਹੋਣ ਦਾ ਮਾਣ ਪ੍ਰਾਪਤ ਕਰ ਲਿਆ ਹੈ।
ਇਸ ਨਾਵਲ ਨੂੰ ਅਮਰੀਕਾ ਵੱਸਦੀ ਲੇਖਿਕਾ ਪਰਵੇਜ਼ ਸੰਧੂ ਨੇ ਆਪਣੀ ਪੁੱਤਰੀ ਦੀ ਯਾਦ ਚ ਸਥਾਪਤ ਸੰਸਥਾ ਸਵੀਨਾ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਕੀਤਾ ਹੈ।
ਨਾਵਲ ਬਾਰੇ ਜਾਣਕਾਰੀ ਦਿੰਦਿਆਂ ਸੁਰਿੰਦਰ ਸਿੰਘ ਦਾਊਮਾਜਰਾ ਨੇ ਦੱਸਿਆ ਕਿ ਇਹ ਨਾਵਲ ਮੇਰੇ ਪਿੰਡ ਨੂੰ ਸਮਰਪਿਤ ਹੈ ਜਿਸਨੇ ਮੈਨੂੰ ਆਪਣਾ ਨਾਮ ਦਿੱਤਾ। ਪਿੰਡ ਦੇ ਉਨ੍ਹਾਂ ਬਜ਼ੁਰਗਾਂ ਦਾ ਵੀ ਮੈਂ ਸ਼ੁਕਰਗੁਜ਼ਾਰ ਹਾਂ ਜਿੰਨ੍ਹਾਂ ਨੇ ਮੈਨੂੰ ਸਹੀ ਤੇ ਗਲਤ ਦੀ ਪਛਾਣ ਦੱਸੀ। ਜਿੱਥੋਂ ਦੀ ਹਰ ਮਾਂ ਨੇ ਮੈਨੂੰ ਅਸੀਸਾਂ ਨਾਲ ਨਿਵਾਜਿਆ।
ਸੁਰਿੰਦਰ ਸਿੰਘ ਦੇ ਜਿਗਰੀ ਦੋਸਤ ਤੇ ਇਸ ਨਾਵਲ ਨੂੰ ਪਾਠਕਾਂ ਦੇ ਵਿਸ਼ਾਲ ਘੇਰੇ ਵਿੱਚ ਪਹੁੰਚਾਉਣ ਵਾਲੇ ਸ:ਵਰਿੰਦਰ ਸਿੰਘ ਸੇਖੋਂ ਨੇ ਕਿਹਾ ਹੈ ਕਿ ਇਸ ਨਾਵਲ ਦੀ ਭਾਸ਼ਾ ਸਰਲ ਸੁਖੈਨ ਤੇ ਹਰ ਵਿਅਕਤੀ ਦੇ ਸਮਝ ਪੈਣ ਵਾਲੀ ਹੋਣ ਕਾਰਨ ਇਸ ਨੂੰ ਪੰਜਾਬੀ ਪਾਠਕਾਂ ਨੇ ਪਿਆਰਿਆ ਹੈ। ਸੋਸ਼ਲ ਮੀਡੀਆ ਵਿੱਚ ਹੀ ਇਸ ਦਾ ਪਰਚਾਰ ਕੀਤਾ ਗਿਆ ਹੈ। ਲੇਖਕ ਸਭਾਵਾਂ, ਯੂਨੀਵਰਸਿਟੀਆਂ ਤੇ ਆਲੋਚਕਾਂ ਤੀਕ ਇਸ ਰਚਨਾ ਨੇ ਹਾਲੇ ਪਹੁੰਚਣਾ ਹੈ ਪਰ ਤਿੰਨ ਸੰਸਕਰਨ ਹੁਣ ਤੀਕ ਪ੍ਰਕਾਸ਼ਿਤ ਹੋ ਚੁਕੇ ਹਨ। ਉਨ੍ਹਾਂ ਕਿਹਾ ਕਿ ਇਹੋ ਜਹੀਆਂ ਲਿਖਤਾਂ ਨੂੰ ਸਤਿਕਾਰ ਮਿਲਣਾ ਇਸ ਗੱਲ ਦਾ ਪ੍ਰਮਾਣ ਹੈ ਕਿ ਨੌਜਵਾਨ ਪੀੜ੍ਹੀ ਸਾਹਿੱਤ ਪੜ੍ਹਨ ਵਿੱਚ ਪੂਰੀ ਦਿਲਚਸਪੀ ਲੈ ਰਹੀ ਹੈ ਕਿਉਂਕਿ ਬਹੁਤੇ ਪਾਠਕ ਟੈਲੀਫੋਨ ਸੰਪਰਕ ਰਾਹੀਂ ਇਹ ਨਾਵਲ ਹਾਸਲ ਕਰ ਰਹੇ ਹਨ।